ਏਹ ਨੇ ਅਸਲੀ ਨਾਇਕ, ਜਿਨ੍ਹਾਂ ਦਾ ਸਨਮਾਨ ਜ਼ਰੂਰੀ

91

ਪਦਮ ਸਨਮਾਨ ਹਾਸਲ ਕਰਨ ਵਾਲਿਆਂ ਦੀ ਸੂਚੀ ਵਿਚ ਸਾਲ-ਦਰ-ਸਾਲ ਅਜਿਹੇ ਨਾਵਾਂ ਦੀ ਗਿਣਤੀ ਵਧਦੀ ਦਿਸਣਾ ਸੁਖਦ ਹੈ ਜੋ ਗੁਮਨਾਮ ਰਹਿ ਕੇ ਆਪੋ-ਆਪਣੀ ਤਰ੍ਹਾਂ ਨਾਲ ਨਿਸ਼ਕਾਮ ਸਮਾਜ ਸੇਵਾ ’ਚ ਜੁਟੇ ਹੋਏ ਹਨ। ਇਨ੍ਹਾਂ ਵਿਚੋਂ ਕਈ ਨਾਂ ਤਾਂ ਅਜਿਹੇ ਹਨ ਜਿਨ੍ਹਾਂ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਨੂੰ ਇਹ ਸਨਮਾਨ ਮਿਲੇਗਾ। ਇਕ ਸਮਾਂ ਸੀ ਜਦੋਂ ਜਾਣੇ-ਪਛਾਣੇ ਤੇ ਅਸਰ-ਰਸੂਖ਼ ਰੱਖਣ ਵਾਲਿਆਂ ਨੂੰ ਹੀ ਅਜਿਹੇ ਸਨਮਾਨਾਂ ਦਾ ਹੱਕਦਾਰ ਸਮਝਿਆ ਜਾਂਦਾ ਸੀ।

ਇਨ੍ਹਾਂ ’ਚ ਬਹੁਤੇ ਸਿਆਸਤਦਾਨ ਜਾਂ ਉਨ੍ਹਾਂ ਦੇ ਨਜ਼ਦੀਕੀ ਹੁੰਦੇ ਸਨ। ਇਸ ਵਾਰ ਦੋ ਅਜਿਹੀਆਂ ਸ਼ਖ਼ਸੀਅਤਾਂ ਨੂੰ ਪਦਮ ਸਨਮਾਨ ਮਿਲਿਆ ਹੈ ਜੋ ਨੰਗੇ ਪੈਰੀਂ ਜੀਵਨ ਬਸਰ ਕਰਦੀਆਂ ਹਨ। ਜੇ ਸਰਕਾਰ ਅਜਿਹੇ ਸੱਚੇ ਤੇ ਨਿਰਸਵਾਰਥ ਸਮਾਜ ਸੇਵਕਾਂ ਨੂੰ ਲੱਭ ਕੇ ਉਨ੍ਹਾਂ ਨੂੰ ਪਦਮ ਸਨਮਾਨ ਨਾਲ ਸਨਮਾਨਿਤ ਕਰ ਰਹੀ ਹੈ ਤਾਂ ਉਹ ਸਿਰਫ਼ ਉਨ੍ਹਾਂ ਦੇ ਯੋਗਦਾਨ ਨੂੰ ਹੀ ਰੇਖਾਂਕਿਤ ਨਹੀਂ ਕਰ ਰਹੀ ਸਗੋਂ ਦੇਸ਼ ਦੇ ਲੋਕਾਂ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਵੀ ਕਰ ਰਹੀ ਹੈ। ਇਸੇ ਦੇ ਨਾਲ ਉਹ ਪਦਮ ਸਨਮਾਨਾਂ ਦਾ ਮਾਣ ਵਧਾਉਣ ਦਾ ਵੀ ਕੰਮ ਕਰ ਰਹੀ ਹੈ। ਇਸ ਸਾਲ ਅਜਿਹੇ ਨਾਂ ਇਸ ਲਈ ਵੀ ਜ਼ਿਆਦਾ ਚਰਚਾ ਵਿਚ ਆਏ ਕਿਉਂਕਿ ਇਸ ਵਾਰ ਦੋ ਸਾਲ ਦੇ ਪਦਮ ਸਨਮਾਨ ਇਕੱਠੇ ਦਿੱਤੇ ਗਏ। ਬੀਤੇ ਸਾਲ ਕੋਰੋਨਾ ਇਨਫੈਕਸ਼ਨ ਕਾਰਨ ਇਹ ਸਨਮਾਨ ਦੇਣ ਦਾ ਪ੍ਰੋਗਰਾਮ ਰੱਦ ਕਰਨਾ ਪਿਆ ਸੀ।

ਕਿਸੇ ਪੁਰਸਕਾਰ-ਸਨਮਾਨ ਦੀ ਮਹੱਤਤਾ ਉਦੋਂ ਹੀ ਵਧਦੀ ਹੈ ਜਦ ਸਭ ਤੋਂ ਯੋਗ ਲੋਕ ਉਸ ਦੇ ਪਾਤਰ ਬਣਦੇ ਹਨ। ਬੀਤੇ ਕੁਝ ਸਮੇਂ ਤੋਂ ਆਪੋ-ਆਪਣੇ ਖੇਤਰ ਵਿਚ ਖ਼ਾਸ ਯੋਗਦਾਨ ਦੇਣ ਵਾਲਿਆਂ ਦੇ ਨਾਲ-ਨਾਲ ਪੇਂਡੂ ਪਿਛੋਕੜ ਵਾਲੇ ਸਾਧਾਰਨ ਤਰੀਕੇ ਨਾਲ ਗੁਜ਼ਾਰਾ ਕਰਨ ਵਾਲਿਆਂ ਨੂੰ ਵੀ ਜਿਸ ਤਰ੍ਹਾਂ ਉਨ੍ਹਾਂ ਦੇ ਅਸਾਧਾਰਨ ਕੰਮਾਂ ਲਈ ਵੀ ਪਦਮ ਸਨਮਾਨ ਪ੍ਰਦਾਨ ਕੀਤੇ ਜਾ ਰਹੇ ਹਨ, ਉਸ ਤੋਂ ਇਹ ਧਾਰਨਾ ਢਹਿ-ਢੇਰੀ ਹੋ ਰਹੀ ਹੈ ਕਿ ਇਹ ਸਨਮਾਨ ਉਨ੍ਹਾਂ ਨੂੰ ਹੀ ਮਿਲਦੇ ਹਨ ਜਿਨ੍ਹਾਂ ਦੀ ਸੱਤਾ ਦੇ ਗਲਿਆਰਿਆਂ ਤਕ ਪਹੁੰਚ ਹੋਵੇ। ਕੇਂਦਰ ਸਰਕਾਰ ਇਸ ਦੇ ਲਈ ਧੰਨਵਾਦ ਦੀ ਪਾਤਰ ਹੈ ਕਿ ਉਸ ਨੇ ਇਸ ਧਾਰਨਾ ਨੂੰ ਤੋੜਨ ਦਾ ਕੰਮ ਕੀਤਾ ਹੈ।

ਕੁਝ ਸਮਾਂ ਪਹਿਲਾਂ ਤਾਂ ਇਹ ਕਲਪਨਾ ਕਰਨਾ ਵੀ ਔਖੀ ਸੀ ਕਿ ਰਾਸ਼ਟਰਪਤੀ ਭਵਨ ਵਿਚ ਸਾਧਾਰਨ ਕੱਪੜੇ ਪਾ ਕੇ ਅਤੇ ਇੱਥੋਂ ਤਕ ਕਿ ਨੰਗੇ ਪੈਰੀਂ ਚੱਲਣ ਵਾਲੇ ਲੋਕ ਵੀ ਪਦਮ ਸਨਮਾਨ ਲੈਣ ਆਏ ਅਤੇ ਪ੍ਰਧਾਨ ਮੰਤਰੀ ਸਮੇਤ ਦੇਸ਼ ਦੀਆਂ ਹੋਰ ਮੁੱਖ ਹਸਤੀਆਂ ਉਨ੍ਹਾਂ ਦੇ ਸਨਮਾਨ ਵਿਚ ਤਾੜੀਆਂ ਮਾਰ ਰਹੀਆਂ ਸਨ।

ਸੜਕਾਂ ’ਤੇ ਸੰਗਤਰੇ ਵੇਚਣ ਅਤੇ ਫਿਰ ਵੀ ਆਪਣੇ ਪਿੰਡ ਵਿਚ ਸਕੂਲ ਖੋਲ੍ਹਣ ਵਾਲੇ ਹਰੇਕਾਲਾ ਹਜੱਬਾ ਹੋਣ ਜਾਂ ਫਿਰ ਜੜ੍ਹੀ-ਬੂਟੀਆਂ ਨਾਲ ਪੇੜ-ਪੌਦੇ ਲਗਾ ਕੇ ਚੌਗਿਰਦੇ ਦੀ ਸੇਵਾ ਕਰਨ ਵਾਲੀ ਤੁਲਸੀ ਗੌੜਾ ਜਾਂ ਦੇਸੀ ਬੀਜਾਂ ਨਾਲ ਜੈਵਿਕ ਖੇਤੀ ਦੀ ਅਲਖ ਜਗਾਉਣ ਵਾਲੀ ਰਾਹੀਬਾਈ ਸੋਮਾ ਜਾਂ ਫਿਰ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਨ ਵਾਲੇ ਮੁਹੰਮਦ ਸ਼ਰੀਫ ਅਤੇ ਟਰਾਂਸਜੈਂਡਰ ਲੋਕ ਨਰਤਕ ਮੰਜਮਾ ਜੋਗਾਠੀ, ਇਨ੍ਹਾਂ ਸਭ ਦੇ ਸਨਮਾਨਿਤ ਹੋਣ ਨਾਲ ਪਦਮ ਸਨਮਾਨ ਦੀ ਸ਼ਾਨ ਵਧੀ ਹੈ।

ਯਕੀਨਨ ਇਸ ਨਾਲ ਅਣਗਿਣਤ ਲੋਕਾਂ ਨੂੰ ਪ੍ਰੇਰਨਾ ਮਿਲੇਗੀ ਜੋ ਬਿਨਾਂ ਕਿਸੇ ਪ੍ਰਸ਼ੰਸਾ-ਪੁਰਸਕਾਰ ਦੀ ਆਸ ਵਿਚ ਆਪਣੇ ਸਮਾਜਿਕ ਫ਼ਰਜ਼ਾਂ ਨੂੰ ਨਿਭਾਉਣ ਵਿਚ ਲੱਗੇ ਹੋਏ ਹਨ। ਇਹ ਉਹ ਲੋਕ ਹਨ ਜੋ ਨਾ ਸਿਰਫ਼ ਆਮ ਨਾਗਰਿਕਾਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਜਗਾਉਂਦੇ ਹਨ ਬਲਕਿ ਸਮਾਜ ਨੂੰ ਬਿਹਤਰ ਬਣਾਉਣ ਦਾ ਕੰਮ ਵੀ ਕਰਦੇ ਹਨ। ਉਮੀਦ ਹੈ ਕਿ ਹੁਣ ਜਦ ਸਰਕਾਰ ਗੁਮਨਾਮ ਨਾਇਕਾਂ ਦਾ ਸਨਮਾਨ ਕਰ ਰਹੀ ਹੈ, ਉਦੋਂ ਸਮਾਜ ਵੀ ਉਨ੍ਹਾਂ ਦੇ ਯੋਗਦਾਨ ਨੂੰ ਜਾਣਨ ਦੇ ਨਾਲ-ਨਾਲ ਉਨ੍ਹਾਂ ਤੋਂ ਪ੍ਰੇਰਨਾ ਲਵੇਗਾ।

Where to get Psychology Jobs?

ਨਵੀਂ ਨੌਕਰੀ ਦੇ ਤਣਾਅ ਨਾਲ ਕਿਵੇਂ ਨਜਿੱਠੀਏ?

LEAVE A REPLY

Please enter your comment!
Please enter your name here