ਪੱਤਰਕਾਰਾਂ ‘ਤੇ ਛਾਪੇਮਾਰੀ ਅਤੇ ਉਹਨਾਂ ਖਿਲਾਫ਼ ਕੇਸ ਦਰਜ ਕਰਨੇ ਕੇਂਦਰ ਸਰਕਾਰ ਦੀ ਕਮੀਨੀ ਹਰਕਤ: ਮਨਜੀਤ ਧਨੇਰ

100

 

  • ਮੋਦੀ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਪੱਤਰਕਾਰਾਂ ਨੂੰ ਬਣਾ ਰਹੀ ਹੈ ਨਿਸ਼ਾਨਾ: ਹਰਨੇਕ ਮਹਿਮਾ

ਦਲਜੀਤ ਕੌਰ, ਚੰਡੀਗੜ੍ਹ:

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਕਾਰਜਕਾਰੀ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕੇਂਦਰ ਸਰਕਾਰ ਦੀਆਂ ਅਜੰਸੀਆਂ ਵੱਲੋਂ ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾਂ ਤੇ ਛਾਪੇ ਮਾਰ ਕੇ, ਯੂ ਏ ਪੀ ਏ ਅਧੀਨ ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਜਮਹੂਰੀ ਕਾਰਕੁਨ ਤੀਸਤਾ ਸੀਤਲਵਾੜ ਅਤੇ ‘ਨਿਊਜ਼ ਕਲਿੱਕ’ ਦੀ ਟੀਮ ਦੇ ਉੱਘੇ ਪੱਤਰਕਾਰਾਂ ਅਭਿਸ਼ਾਰ ਸ਼ਰਮਾ, ਭਾਸ਼ਾ ਸਿੰਘ, ਨਾਮਵਰ ਪੱਤਰਕਾਰ ਉਰਮਲੇਸ਼, ਪ੍ਰਬੀਰ ਪੁਰਕਿਆਸਥ, ਲੇਖਕ ਗਿੱਥਾ ਹਰੀਹਰਨ, ਰਾਜਨੀਤਕ ਅਰਥ ਸ਼ਾਸਤਰ ਦੇ ਉੱਘੇ ਵਿਦਵਾਨ ਅਨੁਨਿਦੋ ਚੱਕਰਵਰਤੀ, ਇਤਿਹਾਸਕਾਰ ਤੇ ਸਮਾਜਕ ਕਾਰਕੁੰਨ ਸੋਹੇਲ ਹਾਸ਼ਮੀ ਅਤੇ ਸੰਜੇ ਰਜ਼ੌਰਾ ਦੀ ਰਿਹਾਇਸ਼ਗਾਹ ‘ਤੇ ਛਾਪੇ ਮਾਰਨ ਦੀ ਕਾਰਵਾਈ ਮੋਦੀ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ।

ਆਗੂਆਂ ਨੇ ਇਹਨਾਂ ਪੱਤਰਕਾਰਾਂ ਅਤੇ ਨਿਊਜ਼ ਚੈਨਲ ਵੱਲੋਂ ਕਿਸਾਨ ਘੋਲ ਦੀ ਕੀਤੀ ਗਈ ਨਿੱਡਰ ਅਤੇ ਨਿਰਪੱਖ ਪੱਤਰਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ ਵਿੱਚ ਪ੍ਰੈੱਸ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਕੇ ਇਸ ਖ਼ੇਤਰ ਵਿੱਚ ਦੇਸ਼ ਨੂੰ ਰਸਾਤਲ ਤੇ ਲਿਜਾ ਸੁੱਟਿਆ ਹੈ। ਮੋਦੀ ਸਰਕਾਰ ਦੌਰਾਨ ਸਾਡਾ ਦੇਸ਼, ਪ੍ਰੈੱਸ ਦੀ ਆਜ਼ਾਦੀ ਪੱਖੋਂ ਦੁਨੀਆਂ ਦੇ ਸਭ ਤੋਂ ਬੁਰੇ ਹਾਲ ਵਾਲੇ ਵੀਹ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ।

ਆਗੂਆਂ ਨੇ ਕਿਹਾ ਕਿ ਖੋਜੀ ਪੱਤਰਕਾਰਾਂ, ਲੇਖਕਾਂ ਅਤੇ ਸਰਕਾਰ ਖ਼ਿਲਾਫ਼ ਬੋਲਣ ਵਾਲੇ ਵਿਦਵਾਨਾਂ ਨੂੰ ਦਿੱਲੀ ਪੁਲਸ ਵੱਲੋਂ ਆਪਣੇ ਹੈਡਕੁਆਰਟਰ ਬੁਲਾ ਕੇ ਜ਼ਲੀਲ ਕਰ ਕੇ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਤੇ ਫ਼ਿਰਕਿਆਂ ਵਿੱਚ ਨਫ਼ਰਤ ਪੈਦਾ ਕਰਨ ਅਧੀਨ ਕੇਸ ਦਰਜ ਕਰ ਕੇ ਮੋਦੀ ਸਰਕਾਰ ਨੇ ਦੱਸ ਦਿੱਤਾ ਹੈ ਕਿ ਦਿੱਲੀ ਦੀਆਂ ਬਰੂਹਾਂ ਤੇ ਲੜੇ ਗਏ ਇਤਿਹਾਸਕ ਕਿਸਾਨ ਘੋਲ ਵੱਲੋਂ ਦਿੱਤੀ ਹਾਰ ਦਾ ਸੱਪ ਹੁਣ ਤੱਕ ਉਹਨਾਂ ਦੀ ਹਿੱਕ ਤੇ ਲਿਟ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਇਹਨਾਂ ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾਂ ਦੇ ਲੈਪ ਟਾਪ, ਮੋਬਾਇਲ ਫੋਨ ਅਤੇ ਹੋਰ ਇਲੈਕਟਰੋਨਿਕ ਸਾਜੋ-ਸਾਮਾਨ ਜ਼ਬਰੀ ਉਠਾ ਕੇ ਲਿਜਾਣਾ ਕਾਨੂੰਨ ਦੀ ਘੋਰ ਉਲੰਘਣਾ ਅਤੇ ਮੁੱਢਲੇ ਮਨੁੱਖੀ ਅਤੇ ਜਮਹੂਰੀ ਹੱਕਾਂ ਉੱਪਰ ਛਾਪਾ ਹੈ। ਇਸ ਤਰ੍ਹਾਂ ਕਰ ਕੇ ਕੇਂਦਰ ਸਰਕਾਰ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਦਿੱਤੇ ਜਾ ਰਹੇ ਖੁੱਲ੍ਹੇ ਗੱਫਿਆਂ ਅਤੇ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਹਟਾਉਣਾ ਚਾਹੁੰਦੀ ਹੈ।

ਇਸ ਵਾਸਤੇ ਪੱਤਰਕਾਰਾਂ ਨੂੰ ਡਰਾ ਧਮਕਾ ਕੇ ਅਤੇ ਸਰਕਾਰ ਦੀ ਈਨ ਨਾ ਮੰਨਣ ਵਾਲੇ ਮੀਡੀਆ ਅਦਾਰਿਆਂ ਨੂੰ ਆਪਣੇ ਕਾਰਪੋਰੇਟ ਮਿੱਤਰਾਂ ਰਾਹੀਂ ਖਰੀਦ ਕੇ ਲੋਕਾਂ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕਾਂ ਨੂੰ ਜਿੰਨਾ ਦਬਾਇਆ ਜਾਵੇਗਾ, ਉਨੇਂ ਜ਼ੋਰ ਨਾਲ ਹੀ ਲੋਕਾਂ ਦੇ ਰੋਹ ਦਾ ਵੀ ਸਾਹਮਣਾ ਕਰਨਾ ਪਵੇਗਾ। ਆਗੂਆਂ ਨੇ ਕਿਹਾ ਕਿ ਸਾਡੀ ਜਥੇਬੰਦੀ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਦੀ ਸਖ਼ਤ ਨਿਖੇਧੀ ਕਰਦੀ ਹੈ ਅਤੇ ਇਸ ਖ਼ਿਲਾਫ਼ ਪੱਤਰਕਾਰਾਂ ਦੇ ਮੋਢੇ ਨਾਲ ਮੋਢਾ ਡਾਹਕੇ ਖੜ੍ਹੇਗੀ।