ਨਵੀਂ ਦਿੱਲੀ-
ਮਹਿੰਗਾਈ ਦੇ ਦਬਾਅ ਹੇਠ ਲਗਭਗ 2 ਸਾਲਾਂ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ ਵਿੱਚ ਵਾਧਾ ਕੀਤਾ ਹੈ। RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਦੁਪਹਿਰ ਨੂੰ ਅਚਾਨਕ ਪ੍ਰੈੱਸ ਕਾਨਫਰੰਸ ਕਰਕੇ ਰੈਪੋ ਰੇਟ ‘ਚ 0.40 ਫੀਸਦੀ ਵਾਧੇ ਦੀ ਜਾਣਕਾਰੀ ਦਿੱਤੀ।
ਗਵਰਨਰ ਨੇ ਕਿਹਾ, ਗਲੋਬਲ ਬਾਜ਼ਾਰ ‘ਚ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਅਤੇ ਪੈਟਰੋਲ ਅਤੇ ਡੀਜ਼ਲ ਸਮੇਤ ਹੋਰ ਈਂਧਨ ਦੇ ਵਧਦੇ ਦਬਾਅ ਕਾਰਨ ਸਾਨੂੰ ਰੇਪੋ ਰੇਟ ‘ਚ ਬਦਲਾਅ ਕਰਨਾ ਪਿਆ ਹੈ। ਹੁਣ ਰੈਪੋ ਦਰ 4 ਫੀਸਦੀ ਦੀ ਬਜਾਏ 4.40 ਫੀਸਦੀ ਹੋਵੇਗੀ। RBI ਨੇ ਮਈ 2020 ਤੋਂ ਬਾਅਦ ਰੇਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਹੈ।
ਮੰਨਿਆ ਜਾ ਰਿਹਾ ਸੀ ਕਿ ਜੂਨ ਤੋਂ ਰੈਪੋ ਰੇਟ ‘ਚ ਵਾਧਾ ਹੋ ਸਕਦਾ ਹੈ ਪਰ ਇਸ ਤੋਂ ਪਹਿਲਾਂ ਹੀ ਗਵਰਨਰ ਨੇ ਅਚਾਨਕ ਦਰਾਂ ਵਧਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਗਵਰਨਰ ਨੇ ਕਿਹਾ ਕਿ ਇਸ ਫੈਸਲੇ ਤੋਂ ਪਹਿਲਾਂ 2 ਤੋਂ 4 ਮਈ ਤੱਕ ਮੁਦਰਾ ਨੀਤੀ ਕਮੇਟੀ ਦੀ ਬੈਠਕ ਹੋਈ ਸੀ ਅਤੇ ਸਾਰੇ ਮੈਂਬਰਾਂ ਨੇ ਰੇਪੋ ਰੇਟ ‘ਚ ਵਾਧੇ ਦਾ ਸਮਰਥਨ ਕੀਤਾ ਸੀ। ਰੇਪੋ ਰੇਟ ਉਹ ਦਰ ਹੈ ਜਿਸ ‘ਤੇ ਬੈਂਕ ਆਰਬੀਆਈ ਤੋਂ ਕਰਜ਼ਾ ਲੈਂਦੇ ਹਨ। ਇਹੀ ਕਾਰਨ ਹੈ ਕਿ ਇਸ ਦਰ ‘ਚ ਬਦਲਾਅ ਦਾ ਸਿੱਧਾ ਅਸਰ ਪ੍ਰਚੂਨ ਕਰਜ਼ਿਆਂ ‘ਤੇ ਪੈਂਦਾ ਹੈ।