Recruitment Exam Fraud: ਪੰਜਾਬ ‘ਚ ਭਰਤੀ ਪ੍ਰੀਖਿਆ ਫਰਜ਼ੀਵਾੜਾ; ਦੂਜੇ ਦੀ ਥਾਂ ਪੇਪਰ ਦਿੰਦੇ ਸਰਕਾਰੀ ਅਧਿਆਪਕ ਸਮੇਤ 2 ਕਾਬੂ
ਫਰੀਦਕੋਟ, 7 ਅਪ੍ਰੈਲ 2026:
Recruitment Exam Fraud: ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਗਰੁੱਪ-ਡੀ ਦੀਆਂ ਅਸਾਮੀਆਂ ਲਈ ਲਈ ਗਈ ਪ੍ਰੀਖਿਆ ਦੌਰਾਨ ਇੱਕ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ।
ਪੁਲਿਸ ਨੇ ਇੱਕ ਪ੍ਰੀਖਿਆ ਕੇਂਦਰ ਤੋਂ ਦੋ ਅਜਿਹੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਦੂਜੇ ਉਮੀਦਵਾਰਾਂ ਦੀ ਥਾਂ ਪੇਪਰ ਦੇ ਰਹੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਸਰਕਾਰੀ ਅਧਿਆਪਕ ਦੱਸਿਆ ਜਾ ਰਿਹਾ ਹੈ।
ਬਾਇਓਮੈਟ੍ਰਿਕ ਜਾਂਚ ਦੌਰਾਨ ਫੜੇ ਗਏ ਮੁਲਜ਼ਮ
ਜਾਣਕਾਰੀ ਅਨੁਸਾਰ, ਐਤਵਾਰ ਨੂੰ ਫਰੀਦਕੋਟ ਦੇ ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰ ‘ਤੇ ਬਾਇਓਮੈਟ੍ਰਿਕ ਜਾਂਚ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ।
ਉਨ੍ਹਾਂ ਦੀ ਪਛਾਣ ਬਲਦੇਵ ਸਿੰਘ ਅਤੇ ਸੁਨੀਲ ਸਿੰਘ ਵਜੋਂ ਹੋਈ ਹੈ, ਜੋ ਜਲਾਲਾਬਾਦ ਦੇ ਰਹਿਣ ਵਾਲੇ ਹਨ।
ਜਾਂਚ ਵਿੱਚ ਸਾਹਮਣੇ ਆਇਆ ਕਿ, ਇਹ ਦੋਵੇਂ ਮੁਲਜ਼ਮ ਜਲਾਲਾਬਾਦ ਦੇ ਨਿਵਾਸੀ ਦਵਿੰਦਰ ਸਿੰਘ ਅਤੇ ਮੰਗਲ ਸਿੰਘ ਦੀ ਥਾਂ ਪ੍ਰੀਖਿਆ ਦੇਣ ਆਏ ਸਨ। ਇਸ ਧੋਖਾਧੜੀ ਲਈ ਉਨ੍ਹਾਂ ਨੇ ਨਕਲੀ ਪਛਾਣ ਪੱਤਰ (ID Cards) ਤਿਆਰ ਕੀਤੇ ਹੋਏ ਸਨ।
ਬਾਇਓਮੈਟ੍ਰਿਕ ਵੈਰੀਫਿਕੇਸ਼ਨ ਦੌਰਾਨ ਗੜਬੜੀ ਪੜ੍ਹੇ ਜਾਣ ‘ਤੇ ਸਕੂਲ ਸਟਾਫ਼ ਨੇ ਤੁਰੰਤ ਦੋਵਾਂ ਨੂੰ ਮੌਕੇ ‘ਤੇ ਤਾਇਨਾਤ ਪੁਲਿਸ ਦੇ ਹਵਾਲੇ ਕਰ ਦਿੱਤਾ।
ਡੀ.ਐੱਸ.ਪੀ. (DSP) ਤਰਲੋਚਨ ਸਿੰਘ ਨੇ ਦੱਸਿਆ ਕਿ ਥਾਂਣਾ ਸਿਟੀ ਵਿਖੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਨਾ ਸਿਰਫ਼ ਪੇਪਰ ਦੇਣ ਆਏ ਬਲਦੇਵ ਸਿੰਘ ਅਤੇ ਸੁਨੀਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਗੋਂ ਉਨ੍ਹਾਂ ਉਮੀਦਵਾਰਾਂ (ਦਵਿੰਦਰ ਅਤੇ ਮੰਗਲ) ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ, ਜਿਨ੍ਹਾਂ ਦੀ ਥਾਂ ਇਹ ਪ੍ਰੀਖਿਆ ਦੇਣ ਪਹੁੰਚੇ ਸਨ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਫਰਜ਼ੀਵਾੜੇ ਪਿੱਛੇ ਕੋਈ ਵੱਡਾ ਗਿਰੋਹ ਤਾਂ ਕੰਮ ਨਹੀਂ ਕਰ ਰਿਹਾ?!






