ਸੰਪਾਦਕੀ: ਰੀਗਲ ਸਿਨੇਮਾ ਗੋਲੀਕਾਂਡ ਅਤੇ ਮੌਜੂਦਾ ਤਾਨਾਸ਼ਾਹ ਹਕੂਮਤ/- ਗੁਰਪ੍ਰੀਤ

842

 

Regal cinema shootings and the current dictatorial regime

ਪੰਜਾਬ ਸੂਰਬੀਰ ਬਹਾਦਰਾਂ ਦੀ ਧਰਤੀ ਹੈ। ਪੰਜਾਬ ਦੀ ਧਰਤੀ ‘ਤੇ ਜੰਮੇ ਪਲੇ ਅਨੇਕਾਂ ਹੀ ਨੌਜਵਾਨਾਂ ਨੇ ਜਿਥੇ ਆਜ਼ਾਦੀ ਸੰਗਰਾਮ ਦੇ ਵਿਚ ਆਪਣਾ ਅਹਿਮ ਯੋਗਦਾਨ ਪਾਇਆ। ਉਥੇ ਹੀ ਦੂਜੇ ਪਾਸੇ ਸਮੇਂ ਸਮੇਂ ਪੰਜਾਬ ਵਾਸੀਆਂ ਦੀਆਂ ਮੰਗਾਂ ਸਬੰਧੀ ਸਰਕਾਰਾਂ ਦੇ ਵਿਰੁੱਧ ਸੰਘਰਸ਼ ਵਿੱਢਿਆ ਹੈ। ਭਾਵੇਂ ਹੀ ਇਸ ਵੇਲੇ ਵੀ ਬਹੁਤ ਸਾਰੀਆਂ ਨੌਜਵਾਨਾਂ ਦੀਆਂ ਜਥੇਬੰਦੀਆਂ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ ਕਰ ਰਹੀਆਂ ਹਨ, ਪਰ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਦੇ ਸੰਘਰਸ਼ ਨੂੰ ਦਬਾਉਣ ‘ਤੇ ਲੱਗੀਆਂ ਹੋਈਆਂ ਹਨ। ਇਸ ਵੇਲੇ ਨੌਜਵਾਨਾਂ ਦੇ ਏਕੇ ਨੂੰ ਵੇਖ ਕੇ ਸਰਕਾਰ ਦੁਖੀ ਹੋਈ ਪਈ ਹੈ ਅਤੇ ਉਹ ਨੌਜਵਾਨਾਂ ‘ਤੇ ਝੂਠੇ ਮੁਕੱਦਮੇ ਚਲਾ ਰਹੀ ਹੈ।

ਸਰਕਾਰਾਂ ਦਾ ਨੌਜਵਾਨਾਂ ਤੇ ਕਿਸਾਨਾਂ ਦੇ ਨਾਲ ਹਮੇਸ਼ਾਂ ਹੀ ਵੈਰ ਰਿਹਾ ਹੈ। ਜਦੋਂ ਵੀ ਸਰਕਾਰ ਦੇ ਵਿਰੁੱਧ ਕੋਈ ਨੌਜਵਾਨ ਝੰਡਾ ਚੁੱਕਦੇ ਹਨ ਤਾਂ ਉਕਤ ਨੌਜਵਾਨਾਂ ਦੇ ਸੰਘਰਸ਼ ਨੂੰ ਦਬਾਉਣ ਦੇ ਲਈ ਕਈ ਕੋਸ਼ਿਸ ਕੀਤੀਆਂ ਜਾਂਦੀਆਂ ਹਨ। ਜੇਕਰ ਆਪਾ ਗੱਲ ਅਕਤੂਬਰ 1972 ਦੀ ਕਰੀਏ ਤਾਂ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਵਿਚ ਇਕ ਅਜਿਹਾ ਗੋਲੀਕਾਂਡ ਹੋਇਆ ਸੀ, ਜਿਸ ਨੇ ਪੂਰੇ ਪੰਜਾਬ ਦੇ ਵਿਚ ਹਰ ਇਕ ਔਰਤ ਮਰਦ ਨੂੰ ਬੋਲਣ ਲਗਾ ਦਿੱਤਾ ਸੀ। ਗੋਲੀਕਾਂਡ ਨੂੰ ਲੈ ਕੇ ਲੋਕਾਂ ਦਾ ਗੁੱਸਾ ਇਕ ਕਦਰ ਫੁੱਟਿਆ ਸੀ ਕਿ ਲੋਕਾਂ ਨੇ ਪੂਰੇ ਪੰਜਾਬ ਦੇ ਅੰਦਰ ਸਰਕਾਰਾਂ ਵਿਰੁੱਧ ਸੰਘਰਸ਼ ਵਿੱਢਿਆ ਸੀ।

ਭਾਵੇਂ ਹੀ ਉਕਤ ਗੋਲੀਕਾਂਡ ਨੂੰ 51 ਸਾਲ ਬੀਤ ਚੁੱਕੇ ਹਨ, ਪਰ ਦੁੱਖ ਦੀ ਗੱਲ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਗੋਲੀਕਾਂਡ ਦੇ ਵਿਚ ਸ਼ਹੀਦ ਹੋਏ ਵਿਦਿਆਰਥੀ ਦੇ ਖੂਨ ਨਾਲ ਰੰਗੀ ਧਰਤੀ ਨੂੰ ਅਣਗੌਲਿਆ ਕੀਤਾ ਹੋਇਆ ਹੈ, ਸੋ ਅੱਜ ਲੋੜ ਹੈ, ਇਸ ਵਿਦਿਆਰਥੀਆਂ ਦੇ ਖੂਨ ਨਾਲ ਰੰਗੀ ਧਰਤੀ ਨੂੰ ਬਚਾਉਣ ਦੀ। ਦੱਸ ਦਈਏ ਕਿ ਜ਼ਿਲ੍ਹਾ ਮੋਗਾ ਵਿਖੇ ਅਕਤੂਬਰ 1972 ਦੇ ਵਿਚ ਚੱਲਦੇ ਰੀਗਲ ਸਿਨੇਮਾ ਇਕ ਅਜਿਹੀ ਹਸਤੀ ਦਾ ਸੀ, ਜਿਸ ਦਾ ਸਿਆਸੀ ਲੀਡਰਾਂ ਦੇ ਨਾਲ ਕਾਫ਼ੀ ਜ਼ਿਆਦਾ ਬਹਿਣੀ ਉੱਠਣੀ ਸੀ ਅਤੇ ਉਸ ਦੀ ਸਰਕਾਰੇ ਦਰਬਾਰੇ ਵੀ ਚਲਦੀ ਸੀ।

ਦੱਸਿਆ ਜਾਂਦਾ ਹੈ ਕਿ ਉਸ ਵੇਲੇ ਚੱਲਦੇ ਜਿੰਨੇ ਵੀ ਸਿਨੇਮੇ ਸਨ, ਹਰ ਸਿਨੇਮੇ ਦੇ ਵਿਚ ਵਿਦਿਆਰਥੀਆਂ ਦੀ ਅੱਧੀ ਟਿਕਟ ਲੱਗਦੀ ਹੁੰਦੀ ਸੀ, ਪਰ ਉਕਤ ਰੀਗਲ ਸਿਨੇਮੇ ਦਾ ਮਾਲਕ ਵਿਦਿਆਰਥੀਆਂ ਦੇ ਕੋਲੋਂ ਜਬਰੀ ਪੂਰੀ ਟਿਕਟ ਵਸੂਲਦਾ ਸੀ, ਜਿਸ ਨੂੰ ਲੈ ਕੇ ਕਈ ਵਾਰ ਵਿਦਿਆਰਥੀਆਂ ਦੀ ਰੀਗਲ ਸਿਨੇਮੇ ਵਾਲਿਆਂ ਦੇ ਨਾਲ ਬਹਿਸਬਾਜੀ ਵੀ ਹੋਈ ਸੀ। ਦੱਸਿਆ ਜਾਂਦਾ ਹੈ ਕਿ ਸਿਨੇਮੇ ਦੇ ਮਾਲਕ ਨੇ ਕਈ ਗੁੰਡੇ ਵੀ ਪਾਲੇ ਹੋਏ ਸਨ, ਜੋ ਅਕਸਰ ਹੀ ਵਿਦਿਆਰਥੀਆਂ ਦੇ ਨਾਲ ਧੱਕੇਸ਼ਾਹੀ ਕਰਦੇ ਰਹਿੰਦੇ ਸਨ।

ਰੀਗਲ ਸਿਨੇਮਾ ਦੇ ਮਾਲਕ ਦੀ ਗੁੰਡਾਗਰਦੀ ਦੇ ਵਿਰੁੱਧ ਅਤੇ ਬਿਨਾਂ ਟਿਕਟਾਂ ਦੀ ਬਲੈਕ ਰੋਕਣ ਤੋਂ ਇਲਾਵਾ ਵਿਦਿਆਰਥੀਆਂ ਲਈ ਵੱਖਰੀ ਟਿਕਟ ਖਿੜਕੀ ਸਮੇਤ ਸਿਨੇਮੇ ਵਿੱਚ ਪਾਰਕਿੰਗ ਜਿਹੀਆਂ ਸਹੂਲਤਾਂ ਦੀ ਮੰਗ ਨੂੰ ਲੈ ਕੇ ਉਸ ਵਕਤ ਬਣੀ ‘ਸਟੂਡੈਂਟਸ ਵੈਲਫੇਅਰ ਕਮੇਟੀ’ ਅਤੇ ਏ.ਆਈ.ਐੱਸ.ਐੱਫ. ਦੇ ਨੁਮਾਇੰਦੇ ਸਿਨੇਮਾ ਪ੍ਰਬੰਧਕਾਂ ਨੂੰ ਮਿਲਣ ਗਏ। ਜਿਥੇ ਪਹਿਲੋਂ ਹੀ ਤਿਆਰ ਬੈਠੇ ਰੀਗਲ ਸਿਨੇਮੇ ਦੇ ਮਾਲਕ ਦੁਆਰਾ ਪਾਲੇ ਗਏ ਗੁੰਡਿਆਂ ਨੇ ਵਿਦਿਆਰਥੀਆਂ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਈ ਵਿਦਿਆਰਥੀ ਜਖ਼ਮੀ ਵੀ ਹੋਏ। ਵਿਦਿਆਰਥੀ ਵਰਗ ਦੇ ਵਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ, ਪਰ ਪੁਲਿਸ ਨੇ ਵੀ ਰੀਗਲ ਸਿਨੇਮਾ ਦੇ ਮਾਲਕ ਦੀ ਮੰਨਦਿਆ ਹੋਇਆ ਵਿਦਿਆਰੀਆਂ ‘ਤੇ ਹੀ ਜੁਲਮ ਢਾਉਣਾ ਸ਼ੁਰੂ ਕਰ ਦਿੱਤਾ।

ਇਸ ਗੁੰਡਾਗਰਦੀ ਤੋਂ ਤੰਗ ਵਿਦਿਆਰਥੀਆਂ ਦੇ ਵਲੋਂ ਆਪਣੀਆਂ ਮੰਗਾਂ ਦੇ ਸਬੰਧੀ 5 ਅਕਤੂਬਰ 1972 ਨੂੰ ਇਕ ਵਿਸ਼ਾਲ ਇਕੱਠ ਕੀਤਾ। ਜਿਸ ਨੂੰ ਉਖੇੜਣ ਦੇ ਲਈ ਪੁਲਿਸ ਨੇ ਹਰ ਹਰਬਾ ਵਰਤਿਆ ਅਤੇ ਵਿਦਿਆਰਥੀਆਂ ‘ਤੇ ਅੱਥਰੂ ਗੈਸ ਗੋਲੇ ਸੁੱਟਣ ਤੋਂ ਬਾਅਦ ਕੁੱਟਮਾਰ ਕੀਤੀ ਅਤੇ ਵਿਦਿਆਰਥੀਆਂ ਦੀ ਖਿੱਚ-ਧੂਹ ਵੀ ਕੀਤੀ ਗਈ। ਇਸ ਘਟਨਾ ਨੂੰ ਲੈ ਕੇ ਵਿਦਿਆਰਥੀਆਂ ਦਾ ਇਕ ਜਥਾ ਪੰਜਾਬ ਪੁਲਿਸ ਦੇ ਡੀਐਸਪੀ ਕੋਲ ਪੁੱਜਿਆ, ਜਿਸ ਨੇ ਉਸ ਵੇਲੇ ਦੀ ਸਰਕਾਰ ਦੀ ਮੰਨਦਿਆਂ ਅਤੇ ਰੀਗਲ ਸਿਨੇਮੇ ਦੇ ਮਾਲਕ ਦੇ ਦਬਾਅ ਹੇਠ ਆ ਕੇ ਵਿਦਿਆਰਥੀਆਂ ਨਾਲ ਝੜਪ ਪਿਆ ਅਤੇ ਆਪਣੇ ਪੁਲਿਸ ਵਾਲਿਆਂ ਨੂੰ ਗੋਲੀ ਚਲਾਉਣ ਦਾ ਹੁਕਮ ਸੁਣਾ ਦਿੱਤਾ।

ਇਸ ਗੋਲੀਕਾਂਡ ਦੇ ਵਿਚ ਮੋੜਾ ਦੇ ਨਜ਼ਦੀਕ ਪੈਂਦੇ ਪਿੰਡ ਚੜਿੱਕ ਦੇ ਰਹਿਣ ਵਾਲੇ ਦੋ ਵਿਦਿਆਰਥੀ ਹਰਜੀਤ ਅਤੇ ਸਵਰਨ ਦੋਵੇਂ ਸ਼ਹੀਦ ਹੋ ਗਏ। ਇਸ ਤੋਂ ਇਲਾਵਾ ਗੋਲੀਕਾਂਡ ਦੇ ਵਿਚ ਇਕ ਅਧਿਆਪਕ, ਇਕ ਬੱਚੀ ਅਤੇ ਇਕ ਰਿਕਸ਼ਾ ਚਾਲਕ ਵੀ ਮਾਰਿਆ ਗਿਆ। ਦੱਸਿਆ ਜਾਂਦਾ ਹੈ ਕਿ ਪੁਲਿਸ ਦੀ ਗੋਲੀ ਨਾਲ ਕਈ ਵਿਦਿਆਰਥੀ ਤੇ ਆਮ ਲੋਕ ਜ਼ਖਮੀ ਹੋ ਗਏ। ਮੋਗਾ ਵਿਖੇ 7 ਅਕਤੂਬਰ ਨੂੰ ਫਿਰ ਤੋਂ ਵਿਦਿਆਰਥੀ ਵਰਗ ਨੇ ਇਕ ਵੱਡਾ ਮੁਜ਼ਾਹਰਾ ਕੀਤਾ। ਪਰ ਫਿਰ ਤੋਂ ਪੁਲਿਸ ਨੇ ਮੁਜ਼ਾਹਰਾਕਾਰੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿਚ ਕਈ ਵਿਦਿਆਰਥੀ ਸ਼ਹੀਦ ਹੋ ਗਏ। ਵਿਦਿਆਰਥੀਆਂ ‘ਤੇ ਚੱਲੀਆਂ ਗੋਲੀਆਂ ਦੀ ਖ਼ਬਰ ਪੰਜਾਬ ਦੇ ਅੰਦਰ ਅੱਗ ਵਾਂਗੂ ਫੈਲ ਗਈ ਅਤੇ ਲੋਕ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਦੇ ਵਿਰੁੱਧ ਸੜਕਾਂ ‘ਤੇ ਉਤਰ ਆਏ।

ਛਪੀ ਇਕ ਰਿਪੋਰਟ ਦੇ ਵਿਚ ਦੱਸਿਆ ਜਾਂਦਾ ਹੈ ਕਿ ਰੀਗਲ ਸਿਨੇਮਾ ਗੋਲੀਕਾਂਡ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਰੋਹਮਈ ਸੰਘਰਸ਼ਾਂ ਦਾ ਇੱਕ ਸਿਲਸਿਲਾ ਸ਼ੁਰੂ ਹੋਇਆ। ਥਾਂ-ਥਾਂ ਲੋਕਾਂ ਤੇ ਵਿਦਿਆਰਥੀਆਂ ਨੇ ਸਰਕਾਰ ਦੇ ਇਸ ਸ਼ਰਮਨਾਕ ਕਾਰੇ ਵਿਰੁੱਧ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ। ਕਈ ਥਾਵਾਂ ‘ਤੇ ਬੱਸਾਂ ਭੰਨੀਆਂ ਗਈਆਂ, ਸਰਕਾਰੀ ਦਫ਼ਤਰ ਘੇਰੇ ਗਏ। ਲੁਧਿਆਣਾ, ਜਗਰਾਓਂ, ਮੋਗਾ, ਰੋਡੇ, ਫਰੀਦਕੋਟ, ਅੰਮ੍ਰਿਤਸਰ ਸਮੇਤ ਅਨੇਕਾਂ ਥਾਵਾਂ ‘ਤੇ ਵਿਦਿਆਰਥੀਆਂ-ਨੌਜਵਾਨਾਂ ਦੀਆਂ ਪੁਲਿਸ ਨਾਲ਼ ਝੜਪਾਂ ਹੁੰਦੀਆਂ ਰਹੀਆਂ। ਪੰਜਾਬ ਵਿੱਚ ਫੌਜ ਤਾਇਨਾਤ ਕਰ ਦਿੱਤੀ ਗਈ ਅਤੇ ਦਫ਼ਾ 144 ਲਾ ਦਿੱਤੀ ਗਈ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ, ਪਰ ਲੋਕਾਂ ਦਾ ਰੋਹ ਥੰਮਣ ਦਾ ਨਾਮ ਨਹੀਂ ਲੈ ਰਿਹਾ ਸੀ।

11 ਅਕਤੂਬਰ ਨੂੰ ਪੀ.ਐੱਸ.ਯੂ. ਨੇ ਪੰਜਾਬ ਬੰਦ ਦਾ ਸੱਦਾ ਦਿੱਤਾ, ਜਿਸਨੂੰ ਲੋਕਾਂ ਨੇ ਭਰਵਾਂ ਹੁੰਘਾਰਾ ਦਿੱਤਾ। ਇਹ ਸੰਘਰਸ਼ ਜਲਦੀ ਰੁਕਣ ਵਾਲ਼ਾ ਨਹੀਂ ਸੀ ਅਤੇ ਇਸ ਦੀ ਅਗਵਾਈ ਪੂਰੀ ਤਰ੍ਹਾਂ ਪੀ.ਐੱਸ.ਯੂ. ਦੀ ਕਮਾਂਡ ਹੇਠ ਆ ਗਈ। ਥਾਂ-ਥਾਂ ਵਿਦਿਆਰਥੀ ਪੀ.ਐੱਸ.ਯੂ. ਦੇ ਝੰਡੇ ਹੇਠ ਇਕੱਠੇ ਹੋਣ ਲੱਗੇ। ਆਮ ਨੌਜਵਾਨਾਂ, ਕਿਰਤੀਆਂ, ਮਜ਼ਦੂਰਾਂ, ਕਿਸਾਨਾਂ ਨੇ ਵੀ ਵੱਧ ਚੜ੍ਹ ਕੇ ਇਸ ਸੰਘਰਸ਼ ਦਾ ਸਾਥ ਦਿੱਤਾ। ਇਸ ਜੁਝਾਰੂ ਘੋਲ਼ ਮਗਰੋਂ ਰੀਗਲ ਸਿਨੇਮਾ ਉਸ ਦੇ ਮਾਲਕ, ਸਰਕਾਰ ਤੇ ਪ੍ਰਸ਼ਾਸਨ ਦੀਆਂ ਅਨੇਕਾਂ ਕੋਸ਼ਿਸ਼ਾਂ ਮਗਰੋਂ ਵੀ ਚੱਲ ਨਾ ਸਕਿਆ। ਕਈ ਮਹੀਨਿਆਂ ਦੇ ਲੰਮੇ ਸੰਘਰਸ਼ ਮਗਰੋਂ ਦੋਸ਼ੀ ਪੁਲਿਸ ਮੁਲਜ਼ਮਾਂ ਨੂੰ ਮੁਅੱਤਲ ਕਰਨ ਦੀ ਮੰਗ ਤਾਂ ਪੂਰੀ ਨਾ ਹੋ ਸਕੀ।

ਪਰ ਰੀਗਲ ਸਿਨੇਮੇ ਨੂੰ ਬੰਦ ਕਰਕੇ ਉਸ ਦੀ ਥਾਂ ਸ਼ਹੀਦ ਹੋਏ ਵਿਦਿਆਰਥੀਆਂ ਦੀ ਯਾਦਗਾਰ ਬਣਾਉਣ ਦੀ ਮੰਗ ਮੰਨਣ ਲਈ ਸਰਕਾਰ ਨੂੰ ਮਜ਼ਬੂਰ ਹੋਣਾ ਪਿਆ। ਇਸ ਵੇਲੇ ਵੀ ਪੀਐਸਯੂ ਦੇ ਆਗੂ ਮੰਗ ਕਰਦੇ ਹਨ ਕਿ ਮੋਗਾ ਵਿਖੇ ਵਿਦਿਆਰਥੀ ਲਹਿਰ ਦੇ ਸ਼ਹੀਦਾਂ ਦੀ ਯਾਦਗਾਰ ਰੀਗਲ ਸਿਨੇਮਾ ਆਦਿ ਇਤਿਹਾਸਕ ਇਮਾਰਤਾਂ ਨੂੰ ਬਚਾਉਣ ਲਈ ਵਿਦਿਆਰਥੀ ਅਤੇ ਨੌਜਵਾਨ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ। ਕਿਉਂਕਿ ਇਤਿਹਾਸ ਬੀਤੇ ਸਮੇਂ ਦੀ ਜਾਣਕਾਰੀ ਅਤੇ ਭਵਿੱਖ ਲਈ ਸੇਧ ਹੁੰਦਾ ਹੈ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਦੀ ਕਦਰ ਨਹੀਂ ਕਰਦੀਆਂ, ਉਹ ਹਮੇਸਾਂ ਗੁਲਾਮ ਬਣਾ ਲਈਆਂ ਜਾਂਦੀਆਂ ਹਨ।

-ਗੁਰਪ੍ਰੀਤ

ਨੋਟ- ਇਹ ਲੇਖ 2021 ਵਿੱਚ ਲਿਖਿਆ ਗਿਆ ਸੀ ਅਤੇ ਰੀਗਲ ਸਿਨੇਮਾ ਗੋਲੀਕਾਂਡ ਦੀ ਯਾਦ ਵਿਚ ਦੁਬਾਰਾ ਪਬਲਿਸ਼ ਕੀਤਾ ਜਾ ਰਿਹਾ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)