ਕਾਮਰੇਡ ਠਾਣਾ ਸਿੰਘ ਨੂੰ ਭਲਾਈਆਣਾ ‘ਚ ਇਨਕਲਾਬੀ ਸ਼ਰਧਾਂਜਲੀਆਂ

64

 

  • ਪੰਜਾਬ ਭਰ ‘ਚੋਂ ਪੁੱਜੇ ਹਜਾਰਾਂ ਇਨਕਲਾਬੀ ਕਾਰਕੁੰਨ

ਬਠਿੰਡਾ

ਕਮਿਊਨਿਸਟ ਇਨਕਲਾਬੀ ਲਹਿਰ ਚੋਂ ਵਿਛੜ ਗਏ ਕਾਮਰੇਡ ਠਾਣਾ ਸਿੰਘ ਨੂੰ ਸ਼ਰਧਾਜਲੀ ਦੇਣ ਲਈ ਅੱਜ ਪੰਜਾਬ ਭਰ ‘ਚੋਂ ਇਨਕਲਾਬੀ ਕਾਰਕੁੰਨ ਪਿੰਡ ਭਲਾਈਆਣਾ ਪੁੱਜੇ। ਪਿੰਡ ਦੇ ਕਮਿਊਨਿਟੀ ਹਾਲ ਵਿੱਚ ਹੋਈ ਵਿਸ਼ਾਲ ਇਕੱਤਰਤਾ ਦੀ ਸ਼ੁਰੂਆਤ ਸਮੁੱਚੇ ਇਕੱਠ ਵੱਲੋਂ ਖੜੇ ਹੋ ਕੇ ਵਿਛੜੇ ਕਾਮਰੇਡ ਨੂੰ ਕੌਮਾਂਤਰੀ ਮਜ਼ਦੂਰ ਗੀਤ ਦੀ ਧੁਨ ‘ਤੇ ਸ਼ਰਧਾਂਜਲੀ ਦੇਣ ਰਾਹੀਂ ਹੋਈ।

ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਠਾਣਾ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਦੇ ਕਨਵੀਨਰ ਜਸਪਾਲ ਜੱਸੀ ਨੇ ਉਨ੍ਹਾਂ ਦੀ ਕਮਿਊਨਿਸਟ ਸਿਆਸਤ ਤੇ ਵਿਚਾਰਧਾਰਾ ‘ਚ ਡੂੰਘੀ ਨਿਹਚਾ ਨੂੰ ਸਲਾਮ ਕੀਤੀ। ਉਹਨਾਂ ਨੇ ਠਾਣਾ ਸਿੰਘ ਦੇ ਇਨਕਲਾਬੀ ਅਮਲ ਦੇ ਨਿਭਾਅ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਮੁਕਤੀ ਦੇ ਮਹਾਨ ਮਿਸ਼ਨ ਵਿੱਚ ਉਨ੍ਹਾਂ ਦਾ ਯਕੀਨ ਅੰਤਿਮ ਸਾਹਾਂ ਤਕ ਕਾਇਮ ਰਿਹਾ।

ਇਹ ਜੀਵਨ ਅਮਲ ਇਨਕਲਾਬੀ ਸੰਗਰਾਮ ਵਿੱਚ ਜੁਟੇ ਲੋਕਾਂ ਲਈ ਸਦਾ ਪ੍ਰੇਰਨਾ ਬਣਿਆ ਰਹੇਗਾ। ਇਨਕਲਾਬੀ ਮੈਗਜ਼ੀਨ ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਪੂਹਲਾ ਨੇ ਕਾਮਰੇਡ ਠਾਣਾ ਸਿੰਘ ਵੱਲੋਂ ਕਮਿਊਨਿਸਟ ਇਨਕਲਾਬੀ ਲਹਿਰ ਦੇ ਵੱਖ ਵੱਖ ਮੋੜਾਂ ‘ਤੇ ਦਿੱਤੀ ਦਰੁਸਤ ਅਗਵਾਈ ਦੇ ਹਵਾਲਿਆਂ ਨਾਲ ਉਹਨਾਂ ਦੇ ਰੋਲ ਦੀ ਚਰਚਾ ਕੀਤੀ। ਉਹਨਾਂ ਕਿਹਾ ਕਿ ਉਹ ਨਕਸਲਵਾੜੀ ਬਗਾਵਤ ਦੇ ਅਸਲ ਤੱਤ ਨੂੰ ਬੁੱਝਣ ਵਾਲੇ ਚੋਣਵੇਂ ਮੋਢੀ ਸਾਥੀਆਂ ‘ਚ ਸ਼ੁਮਾਰ ਸਨ ਜਿਨ੍ਹਾਂ ਨੇ ਇਨਕਲਾਬੀ ਜਨਤਕ ਲੀਹ ਨੂੰ ਸਫ਼ਲਤਾ ਨਾਲ ਲਾਗੂ ਕੀਤਾ।

ਕਮੇਟੀ ਮੈਂਬਰ ਪਾਵੇਲ ਕੁੱਸਾ ਦੀ ਮੰਚ ਸੰਚਾਲਨਾ ‘ਚ ਹੋਏ ਇਸ ਸਮਾਗਮ ਦੌਰਾਨ ਉਹਨਾਂ ਦੇ ਨਿੱਜੀ ਮਿੱਤਰ ਡਾ.ਪਰਮਿੰਦਰ ਸਿੰਘ ਨੇ ਉਨਾਂ ਦੀ ਸਿਆਸੀ ਸਰਗਰਮੀ ਦੀ ਸ਼ੁਰੂਆਤ ਵੇਲੇ ਦੇ ਸਫ਼ਰ ਦੀ ਚਰਚਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਉੱਚ ਪੱਧਰੀ ਲਿਆਕਤ ਨੂੰ ਵਿਅਕਤੀਗਤ ਸੁਖ ਆਰਾਮ ਹਾਸਲ ਲਈ ਜਟਾਉਣ ਦੀ ਥਾਂ ਕਿਰਤ ਦੀ ਮੁਕਤੀ ਅਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਜਟਾਉਣ ਨੂੰ ਆਪਣਾ ਮਿਸ਼ਨ ਬਣਾਇਆ।

ਡਾ. ਪਰਮਿੰਦਰ ਨੇ ਅਜਿਹੇ ਦੋਸਤ ਦੇ ਚਲੇ ਜਾਣ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਦੋਸਤੀ ‘ਤੇ ਮਾਣ ਵੀ ਕੀਤਾ। ਇਹਨਾਂ ਤੋਂ ਇਲਾਵਾ ਅਦਾਰਾ ਪ੍ਰਤੀਬੱਧ ਵੱਲੋਂ ਲਖਵਿੰਦਰ ਨੇ ਵੀ ਲਹਿਰ ਵਿਚ ਉਹਨਾਂ ਦੀ ਦੇਣ ਨੂੰ ਉਚਿਆਇਆ। ਕਾਮਰੇਡ ਠਾਣਾ ਸਿੰਘ ਦੀ ਬੇਟੀ ਨਵਰਾਜ ਕੌਰ ਨੇ ਆਪਣੇ ਪਿਤਾ ਦੀ ਘਾਲਣਾ ‘ਤੇ ਮਾਣ ਕਰਦਿਆਂ ਉਨ੍ਹਾਂ ਦੀ ਅੰਡਰਗਰਾਊਂਡ ਜ਼ਿੰਦਗੀ ਕਾਰਨ ਝੱਲੀਆਂ ਦੁਸ਼ਵਾਰੀਆਂ ਬਾਰੇ ਕੁਝ ਸ਼ਬਦ ਕਹੇ। ਕਮੇਟੀ ਦੇ ਮੈਂਬਰ ਅਤੇ ਪਿੰਡ ਦੇ ਵਾਸੀ ਗੁਰਭਗਤ ਸਿੰਘ ਭਲਾਈਆਣਾ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਠਾਣਾ ਸਿੰਘ ਦੀ ਇਨਕਲਾਬੀ ਕਰਨੀ ਨਾਲ ਪਿੰਡ ਦਾ ਮਾਣ ਵਧਿਆ ਹੈ।

ਇਸ ਮੌਕੇ ਕਾ.ਠਾਣਾ ਸਿੰਘ ਦੀ ਜਥੇਬੰਦੀ ਸੀ ਪੀ ਆਰ ਸੀ ਆਈ ਐਮ ਐਲ, ਸੀ ਪੀ ਆਈ ਐਮ ਐਲ ਨਿਊ ਡੈਮੋਕਰੇਸੀ, ਅਦਾਰਾ ਲਾਲ ਪਰਚਮ ਸਮੇਤ ਕਈ ਜਥੇਬੰਦੀਆਂ ਤੇ ਸਖਸ਼ੀਅਤਾਂ ਵੱਲੋਂ ਆਏ ਸ਼ੋਕ ਸੁਨੇਹੇ ਮੰਚ ਤੋਂ ਪੜੇ ਗਏ। ਤਕਰੀਰਾਂ ਦੇ ਦਰਮਿਆਨ ਇਨਕਲਾਬੀ ਗੀਤਾਂ ਕਵੀਸ਼ਰੀਆਂ ਦਾ ਸਿਲਸਿਲਾ ਵੀ ਚਲਦਾ ਰਿਹਾ। ਸਮਾਗਮ ਵਿਚ ਇਨਕਲਾਬੀ ਜਨਤਕ ਲਹਿਰ ਦੀਆਂ ਕਈ ਉੱਘੀਆਂ ਸਖਸ਼ੀਅਤਾਂ ਅਤੇ ਕਾਰਕੁੰਨ ਸ਼ਾਮਲ ਸਨ। ਪੰਡਾਲ ਚ ਠਾਣਾ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਨਾਅਰਿਆਂ ਦੀਆਂ ਫਲੈਕਸਾਂ ਸਨ।