ਦੁਖਦਾਈ ਖ਼ਬਰ: ਇਟਲੀ ਅਤੇ ਅਮਰੀਕਾ ‘ਚ 2 ਪੰਜਾਬੀ ਨੌਜਵਾਨਾਂ ਦੀ ਮੌਤ!
ਇੰਟਰਨੈਸ਼ਨਲ ਨਿਊਜ਼, 3 ਅਪ੍ਰੈਲ 2026-
ਇਟਲੀ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰੋਜ਼ੀ-ਰੋਟੀ ਦੀ ਭਾਲ ਵਿੱਚ ਗਏ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਰਿਪੋਰਟਾਂ ਅਨੁਸਾਰ, ਨੌਜਵਾਨ ਦੀ ਮੌਤ ਕੰਮ ਕਰਦੇ ਸਮੇਂ ਲੱਗੀਆਂ ਗੰਭੀਰ ਸੱਟਾਂ ਕਾਰਨ ਹੋਈ। ਮ੍ਰਿਤਕ ਦੀ ਪਛਾਣ ਰਾਜ ਕੁਮਾਰ ਵਜੋਂ ਹੋਈ ਹੈ। ਰਾਜ ਕੁਮਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਸਬ-ਡਿਵੀਜ਼ਨ ਵਿੱਚ ਸਥਿਤ ਪਿੰਡ ਜੁਗਿਆਲ ਦਾ ਰਹਿਣ ਵਾਲਾ ਸੀ।
ਸੂਤਰਾਂ ਅਨੁਸਾਰ, ਉਹ ਇੱਕ ਬਿਹਤਰ ਭਵਿੱਖ ਦੀ ਭਾਲ ਵਿੱਚ ਲਗਭਗ ਡੇਢ ਸਾਲ ਪਹਿਲਾਂ ਹੀ ਇਟਲੀ ਚਲਾ ਗਿਆ ਸੀ। ਨੌਜਵਾਨ ਦੀ ਬੇਵਕਤੀ ਮੌਤ ਦੀ ਖ਼ਬਰ ਨੇ ਜੁਗਿਆਲ ਪਿੰਡ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ, ਜਦੋਂ ਕਿ ਉਸਦੇ ਪਰਿਵਾਰਕ ਮੈਂਬਰ ਆਪਣੇ ਦੁੱਖ ਵਿੱਚ ਅਸੰਤੁਸ਼ਟ ਹਨ।
ਅਮਰੀਕਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ! ਵਿਧਵਾ ਮਾਂ ਦਾ ਰੋ-ਰੋ ਕੇ ਬੁਰਾ ਹਾਲ
ਦੂਜੇ ਪਾਸੇ ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਵਿੱਚ ਉਸ ਵੇਲੇ ਮਾਤਮ ਪਛੜ ਗਿਆ, ਜਦੋਂ ਇੱਥੋਂ ਦੇ ਵਸਨੀਕ 35 ਸਾਲਾ ਨੌਜਵਾਨ ਚਰਨਜੀਤ ਸਿੰਘ ਉਰਫ਼ ਰਿੰਕੂ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ। ਰਿੰਕੂ ਕਰੀਬ ਦੋ ਸਾਲ ਪਹਿਲਾਂ ਹੀ ਆਪਣੇ ਪਰਿਵਾਰ ਦੇ ਸੁਨਹਿਰੀ ਭਵਿੱਖ ਦੀ ਆਸ ਲੈ ਕੇ ਵਿਦੇਸ਼ ਗਿਆ ਸੀ।
ਪੀੜਤ ਪਰਿਵਾਰ ਨੇ ਭਿੱਜੀਆਂ ਅੱਖਾਂ ਨਾਲ ਦੱਸਿਆ ਕਿ ਲੰਘੀ 27 ਮਾਰਚ ਨੂੰ ਰਿੰਕੂ ਦੀ ਬਾਥਰੂਮ ਵਿੱਚ ਨਹਾਉਂਦੇ ਸਮੇਂ ਅਚਾਨਕ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ। ਇਹ ਖ਼ਬਰ ਸੁਣਦਿਆਂ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਹ ਪੁੱਤਰ ਦੀ ਦੇਹ ਨੂੰ ਭਾਰਤ ਮੰਗਵਾਉਣਾ ਚਾਹੁੰਦੇ ਸਨ, ਪਰ ਅੱਜ (2 ਅਪ੍ਰੈਲ) ਅਮਰੀਕਾ ਵਿੱਚ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਹ ਆਪਣੇ ਪੁੱਤਰ ਦੇ ਆਖ਼ਰੀ ਦਰਸ਼ਨ ਵੀ ਨਹੀਂ ਕਰ ਸਕੇ।
ਸਰਪੰਚ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਰਿੰਕੂ ਦਾ ਜੀਵਨ ਬਹੁਤ ਹੀ ਸੰਘਰਸ਼ਮਈ ਰਿਹਾ ਹੈ। ਜਦੋਂ ਉਹ ਮਹਿਜ਼ ਇੱਕ ਸਾਲ ਦਾ ਸੀ, ਤਾਂ ਉਸ ਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ।
ਵਿਧਵਾ ਮਾਂ ਨੇ ਬਹੁਤ ਹੀ ਗਰੀਬੀ ਅਤੇ ਔਖੇ ਹਾਲਾਤਾਂ ਵਿੱਚ ਉਸ ਨੂੰ ਪਾਲ-ਪੋਸ ਕੇ ਜਵਾਨ ਕੀਤਾ ਸੀ। ਪਰਿਵਾਰ ਨੂੰ ਉਮੀਦ ਸੀ ਕਿ ਰਿੰਕੂ ਅਮਰੀਕਾ ਜਾ ਕੇ ਉਨ੍ਹਾਂ ਦੀ ਗਰੀਬੀ ਦੂਰ ਕਰੇਗਾ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਬੇਸ਼ੱਕ ਰਿੰਕੂ ਦਾ ਸਸਕਾਰ ਅਮਰੀਕਾ ਵਿੱਚ ਹੋ ਚੁੱਕਾ ਹੈ, ਪਰ ਉਸ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 5 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ, ਪੁਰਾਣਾ ਸ਼ਾਲਾ ਵਿਖੇ ਕਰਵਾਈ ਜਾਵੇਗੀ।






