ਨਵੀਂ ਦਿੱਲੀ: ਸੁਪਰੀਮ ਕੋਰਟ ਨੇ 27 ਮਾਰਚ ਨੂੰ ਸੁਣਾਏ ਹੁਕਮਾਂ ਨੂੰ ਵਾਪਸ ਲੈ ਲਿਆ ਹੈ ਜਿਨ੍ਹਾਂ ’ਚ ਉਸ ਨੇ ਲੌਕਡਾਊਨ ਖ਼ਤਮ ਹੋਣ ਮਗਰੋਂ ਮੁਲਕ ਭਰ ’ਚ ਬੀਐਸ-4 ਵਾਹਨਾਂ ਦੀ 10 ਦਿਨਾਂ ਲਈ ਵਿਕਰੀ ਦੀ ਇਜਾਜ਼ਤ ਦਿੱਤੀ ਸੀ।
ਅਦਾਲਤ ਨੇ ਕਿਹਾ ਕਿ ਆਟੋਮੋਬਾਈਲ ਡੀਲਰਾਂ ਨੇ ਉਸ ਦੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਤੇ ਲੌਕਡਾਊਨ ਦੌਰਾਨ ਮਾਰਚ ਦੇ ਆਖਰੀ ਹਫ਼ਤੇ ਤੇ 31 ਮਾਰਚ ਤੋਂ ਬਾਅਦ ਵੀ ਬੀਐੱਸ-4 ਵਾਹਨਾਂ ਦੀ ਵਿਕਰੀ ਹੁੰਦੀ ਰਹੀ।
ਵੀਡੀਓ ਕਾਨਫਰੰਸਿੰਗ ਰਾਹੀਂ ਕੇਸ ਦੀ ਸੁਣਵਾਈ ਕਰਦਿਆਂ ਬੈਂਚ ਨੇ ਕਿਹਾ,‘‘ਜਾਅਲਸਾਜ਼ੀ ਕਰਕੇ ਇਸ ਅਦਾਲਤ ਦਾ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਨਾ ਕਰੋ।’’ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ 31 ਮਾਰਚ ਤੋਂ ਬਾਅਦ ਵਿਕੇ ਭਾਰਤ ਸਟੇਜ (ਬੀਐਸ)-4 ਵਾਹਨਾਂ ਦੀ ਅਜੇ ਰਜਿਸਟਰੇਸ਼ਨ ਨਹੀਂ ਕੀਤੀ ਜਾਵੇਗੀ। ਬੈਂਚ ਨੇ ਸਰਕਾਰ ਨੂੰ ਕਿਹਾ ਕਿ ਉਹ ਈ-ਵਾਹਨ ਡੇਟਾ ਚੈੱਕ ਕਰੇ। ਇਸ ਕੇਸ ਦੀ ਅੱਗੇ ਸੁਣਵਾਈ 23 ਜੁਲਾਈ ਨੂੰ ਹੋਵੇਗੀ।