ਰੁਜ਼ਗਾਰ ਪ੍ਰਾਪਤੀ ਮੁਹਿੰਮ ਵਲੋਂ ‘ਬਨੇਗਾ ਅਤੇ ਕੌਮੀ ਸਿੱਖਿਆ ਨੀਤੀ ਦੇ ਪ੍ਰਭਾਵ’ ਵਿਸ਼ੇ ‘ਤੇ ਸੈਮੀਨਰ

318

 

  • ਜਨਤਕ ਸਿੱਖਿਆ ਨੀਤੀ ਹੀ ਆਮ ਲੋਕਾਂ ਨੂੰ ਸਿੱਖਿਅਤ ਕਰਨ ਦੀ ਗਰੰਟੀ ਹੈ :- ਵਲਟੋਹਾ
  • ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਹੀ ਸਿੱਖਿਆ ਅਤੇ ਰੁਜ਼ਗਾਰ ਪ੍ਰਾਪਤੀ ਲਈ ਰਾਹ ਦਸੇਰਾ :- ਢਾਬਾਂ, ਛਾਂਗਾ ਰਾਏ

ਪੰਜਾਬ ਨੈੱਟਵਰਕ, ਗੁਰੂਹਰਸਹਾਏ

ਸਥਾਨਕ ਗੁਰੂ ਸ਼ਿਵ ਸ਼ਾਮ ਕਮਿਊਨਿਟੀ ਹਾਲ ਵਿਖੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ ਭਗਤ ਸਿੰਘ ਦੀ ਵਿਚਾਰਧਾਰਾ, ਕੌਮੀ ਸਿੱਖਿਆ ਨੀਤੀ ਦੇ ਪ੍ਰਭਾਵ ਅਤੇ ਰੁਜ਼ਗਾਰ ਪ੍ਰਾਪਤੀ ਲਈ ਬਨੇਗਾ ਦੀ ਪ੍ਰਸੰਗਿਕਤਾ’ ਵਿਸ਼ੇ ਤੇ ਇਕ ਵਿਸ਼ੇਸ਼ ਸੈਮੀਨਰ ਕੀਤਾ ਗਿਆ।

ਜਿਸ ਵਿੱਚ ਇਲਾਕੇ ਭਰ ਦੇ ਵੱਖ ਵੱਖ ਵਿੱਦਿਅਕ ਅਦਾਰਿਆਂ ਵਿੱਚੋਂ ਵਿਦਿਆਰਥੀਆਂ, ਅਧਿਆਪਕਾਂ, ਪੰਚ, ਸਰਪੰਚਾਂ ਅਤੇ ਸਮਾਜਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਸੈਮੀਨਰ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਅਮਨਦੀਪ ਗਟੀ ਮੱਤੜ ਅਤੇ ਨਿਸ਼ਾ ਰਾਣੀ ਗ਼ਜ਼ਨੀ ਵਾਲਾ ਨੇ ਕੀਤੀ।

ਇਸ ਮੌਕੇ ਸੈਮੀਨਰ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਸੂਬਾ ਸਕੱਤਰ ਅਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸਰਪ੍ਰਸਤ ਸਾਥੀ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਕੌਮੀ ਸਿੱਖਿਆ ਨੀਤੀ ਜਿਸ ਨੂੰ ਨਵੀਂ ਸਿੱਖਿਆ ਨੀਤੀ ਕਿ ਕੇ ਵੀ ਪ੍ਰਚਾਰਿਆ ਜਾ ਰਿਹਾ ਹੈ ਵਿੱਚ ਕੁਝ ਵੀ ਨਵਾਂ ਨਹੀਂ ਬਲਕਿ ਆਮ ਲੋਕਾਂ ਤੋਂ ਸਿੱਖਿਆ ਖੋਹਣ ਦੀ ਯੋਜਨਾ ਹੈ।

ਇਸ ਨੀਤੀ ਰਾਹੀਂ ਸਰਕਾਰ ਆਮ ਲੋਕਾਂ ਤੋਂ ਵਿਗਿਆਨਕ ਅਤੇ ਧਰਮ ਨਿਰਪੱਖ ਸਿੱਖਿਆ ਖੋਹਣਾ ਚਾਹੁੰਦੀ ਹੈ ਤਾਂ ਕਿ ਸਰਕਾਰ ਅਤੇ ਕਾਰਪਰੇਟ ਜਗਤ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਵਾਲਾ ਕੋਈ ਵਿਦਵਾਨ ਜਾਂ ਇਨਕਲਾਬੀ ਨਾ ਪੈਦਾ ਹੋ ਸਕੇ।

ਉਹਨਾਂ ਅੱਗੇ ਕਿਹਾ ਕਿ ਕੌਮੀ ਸਿੱਖਿਆ ਨੀਤੀ ਦੀ ਬਜਾਏ ਜਨਤਕ ਸਿੱਖਿਆ ਨੀਤੀ ਹੀ ਆਮ ਲੋਕਾਂ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਨ ਦੀ ਗਰੰਟੀ ਹੈ ਜਿਸ ਨਾਲ ਹਰ ਆਮ ਵਿਅਕਤੀ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਪ੍ਰਾਪਤ ਕਰਨ ਦਾ ਕਾਨੂੰਨਨ ਹੱਕ ਹੋਣਾ ਚਾਹੀਦਾ ਹੈ।

ਕਿਉਂਕਿ ਜਨਤਕ ਸਿੱਖਿਆ ਨੀਤੀ ਹੀ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਕੇ ਪਰਮਗੁਣੀ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਣਾਉਣ ਲਈ ਜਵਾਨੀ ਨੂੰ ਸਿੱਖਿਅਤ ਕਰ ਸਕਦੀ ਹੈ। ਮੁੱਖ ਬੁਲਾਰੇ ਨੇ ਸੱਦਾ ਦਿੰਦਿਆ ਕਿਹਾ ਕਿ ਆਮ ਲੋਕਾਂ ਲਈ ਮੌਜਦਾ ਸਿੱਖਿਆ ਪ੍ਰਬੰਧ ਨੂੰ ਬਚਾਉਣ ਲਈ ਸਾਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਅਤੇ ਦੇਸ਼ ਵਿਚ ਜਨਤਕ ਸਿੱਖਿਆ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਲਈ ਲਾਮਬੰਦੀ ਕਰਨੀ ਚਾਹੀਦੀ ਹੈ।

ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ ਨੇ ਕਿਹਾ ਕਿ ਕੌਮੀ ਸਿੱਖਿਆ ਨੀਤੀ ਜਿੱਥੇ ਸਿੱਖਿਆ ਦਾ ਘਾਣ ਕਰਨ ਦੀ ਵਕਾਲਤ ਕਰਦੀ ਹੈ ਉਥੇ ਇਹ ਸਿੱਖਿਆ ਨੀਤੀ ਰੁਜ਼ਗਾਰ ਵਿਹੂਣੀ ਹੈ।ਇਸ ਨੀਤੀ ਅਨੁਸਾਰ ਦਿੱਤੀ ਜਾਂ ਵਾਲੀ ਸਿੱਖਿਆ ਨਾਲ ਨਾਂ ਤਾਂ ਕੋਈ ਹੁਨਰਮੰਦ ਵਿਅਕਤੀ ਪੈਦਾ ਹੋਣਗੇ ਅਤੇ ਨਾਂ ਹੀ ਇਹ ਸਿੱਖਿਆ ਨੀਤੀ ਸਿਖਿਆਰਥੀ ਦੇ ਰੁਜ਼ਗਾਰ ਦੀ ਗਰੰਟੀ ਕਰਦੀ ਹੈ।

ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਸੂਬਾਈ ਆਗੂਆਂ ਨੇ ਅੱਗੇ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਵਲੋਂ ਜਿੱਥੇ ਹਰ ਇਕ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੀ ਪ੍ਰਾਪਤੀ ਲਈ ਸੰਘਰਸ਼ ਕੇ ਰਹੀ ਹੈ ਉਥੇ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ਬਨੇਗਾ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚੋਂ ਪਾਸ ਕਰਵਾਉਣ ਲਈ ਵੀ ਸੰਘਰਸ਼ਸ਼ੀਲ ਹੈ।

ਉਹਨਾਂ ਨੌਜਵਾਨਾਂ ਨੂੰ ਸੱਦਾ ਦਿੰਦਿਆ ਕਿਹਾ ਕਿ ਉਹਨਾਂ ਨੂੰ ਰੁਜ਼ਗਾਰ ਪ੍ਰਾਪਤੀ ਮੁਹਿੰਮ ਨਾਲ ਜੁੜ ਕੇ ਸੰਘਰਸ਼ ਦੇ ਰਾਹ ਪੈਣਾ ਚਾਹੀਦਾ ਹੈ। ਇਹ ਅੱਜ ਸਮੇਂ ਦੀ ਅਣਸਰਦੀ ਲੋੜ ਹੈ। ਆਗੂਆਂ ਨੇ ਅੱਗੇ ਕਿਹਾ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਤੇ ਚਲ ਕੇ ਹੀ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਪ੍ਰਾਪਤੀ ਅਤੇ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਹੀ ਸਾਡਾ ਅਸਲ ਰਾਹ ਦਸੇਰਾ ਹੈ।

ਇਸ ਸੈਮੀਨਰ ਨੂੰ ਹੋਰਨਾਂ ਤੋਂ ਇਲਾਵਾ ਹਰਭਜਨ ਛਪੜੀ ਵਾਲਾ, ਭਗਵਾਨ ਦਾਸ ਬਹਾਦਰ ਕੇ, ਸੂਬਾ ਮੀਤ ਸਕੱਤਰ ਸਰਬ ਭਾਰਤ ਨੌਜਵਾਨ ਸਭਾ, ਜੀਤ ਚੌਹਾਨਾਂ, ਬਲਵੰਤ ਚੌਹਾਨਾਂ, ਪਿਆਰਾ ਮੇਘਾ, ਸੰਦੀਪ ਜੋਧਾ, ਰਮੇਸ਼ ਪੀਰ ਮੁਹੰਮਦ, ਤੇਜਾ ਅਮੀਰ ਖਾਸ, ਗੁਰਦਿਆਲ ਢਾਬਾਂ, ਰਾਜ ਕੁਮਾਰ ਬਹਾਦਰ ਕੇ, ਦਰਸ਼ਨ ਸਿੰਘ, ਕੁਲਦੀਪ ਅਜ਼ਾਬਾ,ਪਰਮਿੰਦਰ ਰਹਿਮੇ ਸ਼ਾਹ, ਸੀਰਤ ਕੌਰ, ਮਮਤਾ ਰਾਣੀ, ਪ੍ਰਿੰਸ ਵਸਤੀ ਵੱਲੂ ਸਿੰਘ, ਗੁਰਸ਼ਰਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।