ਸ਼ਹੀਦ ਭਗਤ ਸਿੰਘ ਦੇ ਸੁਪਨੇ ਅਤੇ ਦੇਸ਼ ਦੀ ਮੌਜੂਦਾ ਹਾਲਤ /- ਗੁਰਪ੍ਰੀਤ

228

 

Shaheed Bhagat Singh’s dreams and the current state of the country /- Gurpreet

ਆਜ਼ਾਦ ਦੇਸ਼ ਵਿੱਚ ‘ਮਨੁੱਖ ਹੱਥੋਂ ਮਨੁੱਖ ਦੀ ਲੁੱਟ’ ਜਾਰੀ, ਸ਼ਹੀਦ ਭਗਤ ਸਿੰਘ ਦਾ ਸੁਪਨਾ ਹਾਲੇ ਵੀ ਅਧੂਰਾ

Shaheed Bhagat Singh- ਭਾਰਤ ਦੇਸ਼ ਦੀ ਆਜ਼ਾਦੀ ਲਈ ਅਨੇਕਾਂ ਹੀ ਇਨਕਲਾਬੀਆਂ ਨੇ ਆਪਣੀਆਂ ਜਾਨਾਂ ਹੱਸ ਕੇ ਵਾਰੀਆਂ। ਇਨਕਲਾਬੀਆਂ ਦੀ ਇੱਕੋ ਹੀ ਸੋਚ ਰਹੀ ਕਿ ਉਨਾਂ ਨੇ ਆਪਣਾ ਦੇਸ਼ ਆਜ਼ਾਦ ਕਰਵਾਉਣਾ ਹੈ, ਭਾਵੇਂ ਉਨਾਂ ਦਾ ਸਿਰ ਕਲਮ ਕਿਉਂ ਨਾ ਹੋ ਜਾਵੇ।

ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂਅ ਮੂਹਰਲੀ ਕਤਾਰ ਵਿੱਚ ਇਸ ਲਈ ਆਉਂਦਾ ਹੈ, ਕਿਉਂਕਿ ਇਨਾਂ ਦੋਵਾਂ ਦੀ ਸ਼ਹਾਦਤ ਸਮੇਂ ਉਮਰ ਬਹੁਤ ਥੋੜੀ ਸੀ ਅਤੇ ਇਹ ਦੇਸ਼ ਦੀ ਆਜ਼ਾਦੀ ਵਾਸਤੇ ਮਰ ਮਿਟਣ ਦੇ ਲਈ ਵੀ ਤਿਆਰ ਸਨ।

ਸ਼ਹੀਦ ਭਗਤ ਸਿੰਘ (Shaheed Bhagat Singh) ਅਤੇ ਸਾਥੀਆਂ ਨੂੰ ਮਹਿਜ਼ 23 ਸਾਲ ਦੀ ਉਮਰ ਵਿੱਚ ਹੀ ਅੰਗਰੇਜ਼ਾਂ ਦੇ ਵੱਲੋਂ ਫ਼ਾਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ, ਜਦੋਂਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਮਹਿਜ਼ 19 ਸਾਲ ਦੀ ਉਮਰ ਵਿੱਚ ਸ਼ਹਾਦਤ ਪ੍ਰਾਪਤ ਕੀਤੀ।

ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸੁਪਨਾ ਸੀ ਕਿ ਅੰਗਰੇਜ਼ਾਂ ਨੂੰ ਦੇਸ਼ ਦੇ ਵਿੱਚੋਂ ਭਜਾਇਆ ਜਾਵੇ ਅਤੇ ਇੱਥੇ ਭਾਰਤ ਵਿੱਚ ਲੋਕਾਂ ਦਾ ਰਾਜ ਸਥਾਪਤ ਕੀਤਾ ਜਾਵੇ। ਅੱਜ 28 ਸਤੰਬਰ ਨੂੰ ਅਸੀਂ ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਮਨਾ ਰਹੇ ਹਾਂ। ਇਸ 115ਵੇਂ ਦਿਹਾੜੇ ‘ਤੇ ਬੇਸ਼ੱਕ ਕੁੱਝ ਨਵਾਂ ਨਹੀਂ ਹੋਣ ਵਾਲਾ, ਪਰ ਜਵਾਨੀ ਵਿੱਚ ਇੱਕ ਵੱਖਰਾ ਜੋਸ਼ ਜ਼ਰੂਰ ਹੈ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣੇ।

ਸ਼ਹੀਦ ਭਗਤ ਸਿੰਘ ਛੋਟੀ ਉਮਰੇ ਹੀ ਅਜਿਹਾ ਕੁੱਝ ਸੋਚਣ ਲੱਗ ਪਿਆ ਸੀ, ਜਿਸ ਤੋਂ ਉਸ ਦੇ ਮਾਪਿਆਂ ਨੂੰ ਵੀ ਮਾਣ ਸੀ ਕਿ ਉਨਾਂ ਦਾ ਪੁੱਤਰ ਦੇਸ਼ ਦੀ ਆਜ਼ਾਦੀ ਵਾਸਤੇ ਏਨਾ ਵਧੀਆ ਸੋਚ ਰਿਹਾ ਹੈ। ਬੇਸ਼ੱਕ ਭਗਤ ਸਿੰਘ ਅਤੇ ਉਸ ਦੇ ਸਾਥੀ ਆਪਣੇ ਮਨਾਂ ਅੰਦਰ ਸੋਚ ਰਹੇ ਸਨ ਕਿ ਉਨਾਂ ਦਾ ਜਿਹੜਾ ਸੁਪਨਾ ਅਧੂਰਾ ਰਹਿ ਗਿਆ ਹੈ, ਉਸ ਨੂੰ ਸਾਡੀ ਨੌਜਵਾਨ ਪੀੜੀ ਜਰੂਰ ਪੂਰਾ ਕਰੇਗੀ ਜਾਂ ਨਹੀਂ, ਪਰ ਜਿਸ ਤਰੀਕੇ ਦੇ ਨਾਲ ਅੱਜ ਨੌਜਵਾਨੀ ਜਾਗ ਉੱਠੀ ਹੈ, ਲੱਗਦਾ ਹੈ ਕਿ ਭਗਤ ਸਿੰਘ ਦਾ ਸੁਪਨਾ ਜ਼ਰੂਰ ਪੂਰਾ ਹੋਵੇਗਾ।

ਸ਼ਹੀਦ ਭਗਤ ਸਿੰਘ ਹੁਰਾਂ ਨੇ ਆਪਣੀ ਇਕ ਚਿੱਠੀ ਵਿਚ ਸਾਫ਼ ਸ਼ਬਦਾਂ ਦੇ ਵਿਚ ਕਿਹਾ ਸੀ ਕਿ ”ਮੇਰਾ ਜੀਵਨ ਸਭ ਤੋਂ ਉੱਤਮ ਕਾਰਨ, ਦੇਸ਼ ਦੀ ਆਜ਼ਾਦੀ ਲਈ ਸਮਰਪਿਤ ਹੋ ਗਿਆ ਹੈ, ਇਸ ਲਈ ਕੋਈ ਆਰਾਮ ਜਾਂ ਦੁਨਿਆਵੀ ਇੱਛਾ ਹੁਣ ਮੈਨੂੰ ਲੁਭਾ ਨਹੀਂ ਸਕਦੀ।”

ਵੇਖਿਆ ਜਾਵੇ ਤਾਂ ਮਹਿਜ਼ 23 ਸਾਲਾਂ ਦੇ ਨੌਜਵਾਨ ਦੇ ਅੰਦਰ ਐਨਾ ਜਜਬਾ ਸੀ ਕਿ ਉਹ ਦੇਸ਼ ਨੂੰ ਆਜ਼ਾਦ ਕਰਵਾਉਣਾ ਚਾਹੁੰਦਾ ਸੀ ਅਤੇ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਵਿਚ ਉਨਾਂ ਨੇ ਆਪਣਾ ਅਹਿਮ ਯੋਗਦਾਨ ਵੀ ਪਾਇਆ।

28 ਸਤੰਬਰ 1907 ਨੂੰ ਪਿੰਡ ਬੰਗਾ, ਜ਼ਿਲਾ ਲਾਇਲਪੁਰ, ਪੰਜਾਬ ਪਾਕਿਸਤਾਨ ਵਿਚ ਜਨਮੇ ਸ਼ਹੀਦ ਭਗਤ ਸਿੰਘ ਨੂੰ ਨਿੱਕੀ ਉਮਰ ਤੋਂ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਫ਼ਿਕਰ ਲੱਗ ਗਿਆ ਸੀ। ਸਕੂਲ ਤੋਂ ਬਾਅਦ ਕਾਲਜ ਅਤੇ ਕਾਲਜ ਦੇ ਦੌਰਾਨ ਹੀ ਕੁਝ ਅਜਿਹੇ ਸਾਥੀ ਮਿਲੇ, ਜਿਨਾਂ ਨੇ ਭਗਤ ਸਿੰਘ ਨੂੰ ਇਨਕਲਾਬ ਦਾ ਰਸਤਾ ਵਿਖਾਇਆ।

ਆਪਣੀ ਇਕ ਆਖਰੀ ਚਿੱਠੀ ਵਿਚ ਭਗਤ ਸਿੰਘ ਨੇ ਲਿਖਿਆ ਸੀ ਕਿ ”ਇੱਕ ਯੁੱਧ ਲੜਦੇ ਹੋਏ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ, ਮੇਰੇ ਕੋਈ ਫਾਂਸੀ ਨਹੀਂ ਹੋ ਸਕਦੀ ਮੈਨੂੰ ਇੱਕ ਤੋਪ ਦੇ ਮੂੰਹ ਵਿੱਚ ਪਾ ਦਿਓ ਅਤੇ ਮੈਨੂੰ ਉਡਾ ਦੇਵੋ” ਵੈਸੇ ਤਾਂ, ਇਨਾਂ ਨਾਇਕਾਂ ਨੇ ਮੌਤ ਦੇ ਡਰ ਨੂੰ ਜਿੱਤ ਲਿਆ ਸੀ ਪਰ ਸਾਡੇ ਹੁਣ ਦੇ ਹਾਕਮਾਂ ਨੇ ਉਕਤ ਨਾਇਕਾਂ ਨੂੰ ਇਸ ਕਦਰ ਭੁਲਾ ਦਿੱਤਾ ਹੈ ਕਿ ਜਿਵੇਂ ਉਨਾਂ ਨੇ ਕੋਈ ਕੁਰਬਾਨੀ ਹੀ ਨਾ ਦਿੱਤੀ ਹੋਵੇ।

ਭਗਤ ਸਿੰਘ ਦਾ ਸੁਪਨਾ ਸੀ ਕਿ ”ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਬੰਦ ਕਰਵਾਇਆ ਜਾਵੇ, ਸਮੂਹ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਲੋਕਾਂ ਨੂੰ ਪੂਰਨ ਤੌਰ ‘ਤੇ ਆਜ਼ਾਦੀ ਮਿਲੇ, ਚੰਗੀ ਸਿਹਤ ਸੁਵਿਧਾਵਾਂ ਦੇ ਲਈ ਹਸਪਤਾਲ ਅਤੇ ਚੰਗੀ ਸਿੱਖਿਆ ਵਾਸਤੇ ਸਕੂਲ ਕਾਲਜ ਖੋਲੇ ਜਾਣ ਅਤੇ ਵਿੱਦਿਆ ਬਿਲਕੁਲ ਮੁਫ਼ਤ ਬੱਚਿਆਂ ਨੂੰ ਮੁਹੱਈਆ ਕਰਵਾਈ ਜਾਵੇ, ਜ਼ਾਲਮ ਹਾਕਮਾਂ ਨੂੰ ਸਬਕ ਸਿਖਾਉਣ ਲਈ ਉਨਾਂ ਉਪਰ ਵੀ ਉਹ ਕਾਨੂੰਨ ਲਾਗੂ ਕੀਤਾ ਜਾਵੇ, ਜੋ ਆਮ ਲੋਕਾਂ ਉਪਰ ਹੁੰਦਾ ਹੈ”।

ਅਜਿਹੇ ਬਹੁਤ ਸਾਰੇ ਸੁਪਨੇ ਭਗਤ ਸਿੰ ਨੇ ਲਏ ਸਨ, ਜੋ ਹੁਣ ਤੱਕ ਅਧੂਰੇ ਹਨ। ਭਗਤ ਸਿੰਘ ਚਾਹੁੰਦਾ ਤਾਂ ਇਹ ਸੀ ਕਿ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਨੂੰ ਬੰਦ ਕਰਵਾਇਆ ਜਾਵੇ, ਪਰ ਇਹ ਲੁੱਟ ਬੰਦ ਹੋਣ ਦੀ ਬਿਜਾਏ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਅੱਜ ਬੇਸ਼ੱਕ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਹੀਦ ਹੋਇਆ ਨੂੰ ਕਰੀਬ 90 ਸਾਲ ਹੋ ਚੁੱਕੇ ਹਨ, ਪਰ ਹੁਣ ਤੱਕ ਇਨਕਲਾਬੀਆਂ ਦੇ ਸੁਪਨੇ ਅਧੂਰੇ ਹਨ। ਜਿਹੜੀ ਲੋਕਾਂ ਦੀ ਲੁੱਟ ਅੰਗਰੇਜ਼ ਹਕੂਮਤ ਦੇ ਵਲੋਂ ਗੁਲਾਮ ਭਾਰਤ ਵੇਲੇ ਕੀਤੀ ਜਾਂਦੀ ਸੀ, ਉਹ ਲੁੱਟ ਹੁਣ ਵੀ ਬਰਕਰਾਰ ਹੈ।

ਅੱਜ ਵੀ ਬਹੁਤ ਸਾਰੇ ਕਿਰਤੀ, ਕਿਸਾਨ, ਮਜ਼ਦੂਰ, ਮੁਲਾਜ਼ਮ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸਨ, ਪਰ ਉਨਾਂ ਨੂੰ ਇਨਸਾਫ਼ ਦੇਣ ਦੀ ਬਿਜਾਏ ਸਮੇਂ ਦੀਆਂ ਸਰਕਾਰਾਂ ਦੇ ਵਲੋਂ ਉਨਾਂ ਉਪਰ ਜ਼ੁਲਮ ਢਾਹਿਆ ਜਾ ਰਿਹਾ ਹੈ। ਅਗਲੇ ਸੁਪਨੇ ਦੀ ਗੱਲ ਕਰੀਏ ਤਾਂ ਭਗਤ ਸਿੰਘ ਦਾ ਸੁਪਨਾ ਇਹ ਸੀ ਕਿ ਸਾਡੇ ਦੇਸ਼ ਦੇ ਅੰਦਰ ਰਹਿੰਦੇ ਹਰ ਨੌਜਵਾਨ, ਵਿਅਕਤੀ, ਔਰਤ ਮਰਦ ਨੂੰ ਰੁਜ਼ਗਾਰ ਦਿੱਤਾ ਜਾਵੇ, ਜੇਕਰ ਰੁਜ਼ਗਾਰ ਨਹੀਂ ਸਰਕਾਰ ਦੇ ਸਕਦੀ ਤਾਂ ਬੇਰੁਜ਼ਗਾਰ ਨੂੰ ਭੱਤਾ ਦਿੱਤਾ ਜਾਵੇ।

ਪਰ ਹੁਣ ਤੱਕ ਇਹ ਸੁਪਨਾ ਵੀ ਅਧੂਰਾ ਹੈ। ਸਾਡੇ ਦੇਸ਼ ਦੇ ਅੰਦਰ ਹਰ ਸਾਲ ਹੀ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਬੇਰੁਜ਼ਗਾਰ ਹੋ ਰਹੇ ਹਨ, ਪਰ ਸਰਕਾਰਾਂ ਉਨਾਂ ਨੂੰ ਰੁਜ਼ਗਾਰ ਨਹੀਂ ਦੇ ਰਹੀਆਂ। ਸਰਕਾਰਾਂ ਦੇ ਵਲੋਂ ਸਰਕਾਰੀ ਅਦਾਰਿਆਂ ਨੂੰ ਜਿਥੇ ਬੰਦ ਕੀਤਾ ਜਾ ਰਿਹਾ ਹੈ, ਉਥੇ ਹੀ ਪ੍ਰਾਈਵੇਟ ਕੰਪਨੀਆਂ ਅਤੇ ਹੋਰ ਵਿਦੇਸ਼ੀ ਫ਼ਰਮਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ, ਜੋ ਕਿ ਸਾਡੇ ਦੇਸ਼ ਨੂੰ ਲੁੱਟ ਰਹੀਆਂ ਹਨ। ਸਰਕਾਰੀ ਅਦਾਰਿਆਂ ਦੇ ਬੰਦ ਹੋਣ ਦੇ ਕਾਰਨ ਸਾਰਾ ਕੰਮ ਕਾਜ ਨਿੱਜੀ ਹੱਥਾਂ ਦੇ ਵਿਚ ਜਾ ਰਿਹਾ ਹੈ, ਜਿਸ ਦੇ ਕਾਰਨ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ ਅਤੇ ਦੇਸ਼ ਦਾ ਉਜ਼ਾੜਾ ਹੋ ਰਿਹਾ ਹੈ।

ਜਦੋਂ ਸਾਥੀ ਭਗਤ ਸਿੰਘ ਅਤੇ ਉਨਾਂ ਦੇ ਕਰੀਬੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸਨ ਤਾਂ ਉਸ ਵਕਤ ਉਨਾਂ ਨੇ ਅੰਗਰੇਜ਼ ਹਕੂਮਤ ਤੋਂ ਮੰਗ ਕੀਤੀ ਸੀ ਕਿ ਸਾਡੇ ਦੇਸ਼ ਦੇ ਸਾਰੇ ਲੋਕਾਂ ਨੂੰ ਪੂਰਨ ਤੌਰ ‘ਤੇ ਆਜ਼ਾਦ ਕਰ ਦਿੱਤਾ ਜਾਵੇ ਅਤੇ ਉਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਢਿੱਡ ਭਰ ਸਕਣ। ਪਰ ਇਹ ਸੁਪਨਾ ਵੀ ਭਗਤ ਸਿੰਘ ਦੇ ਹੋਰਨਾਂ ਸੁਪਨਿਆਂ ਵਾਂਗ ਅਧੂਰਾ ਹੀ ਹੈ।

ਕਿਉਂਕਿ ਭਾਰਤ ਦੇਸ਼ ਆਜ਼ਾਦ ਹੋਇਆ ਨੂੰ ਭਾਵੇਂ ਹੀ ਕਰੀਬ 74 ਸਾਲ ਹੋ ਚੁੱਕੇ ਹਨ, ਪਰ ਭਾਰਤ ਦੇ ਅੰਦਰ ਰਹਿੰਦੇ ਲੋਕਾਂ ਨੂੰ ਹਾਲੇ ਵੀ ਪੂਰਨ ਤੌਰ ‘ਤੇ ਆਜ਼ਾਦੀ ਨਹੀਂ ਮਿਲੀ। ਦੇਸ਼ ਦਾ ਇਕ ਖ਼ਾਸ ਤਬਕਾ ਜਿਹੜਾ ਕਿ ਆਪਣੇ ਆਪ ਨੂੰ ਪੂਰਾ ਆਜ਼ਾਦ ਮੰਨਦਾ ਹੈ ਅਤੇ ਸਰਕਾਰ ਦੀ ਹਰ ਲੋਕ ਵਿਰੋਧੀ ਨੀਤੀ ਦੀ ਹਮਾਇਤ ਕਰਦਾ ਹੈ, ਉਸ ਨੂੰ ਸਰਕਾਰ ਦੇ ਵਲੋਂ ਪੂਰਾ ਆਜ਼ਾਦ ਕੀਤਾ ਗਿਆ ਹੈ।

ਉਕਤ ਤਬਕਾ ਜਦੋਂ ਮਰਜ਼ੀ ਦੇਸ਼ ਦੇ ਅੰਦਰ ਕਤਲੇਆਮ ਕਰ ਦੇਵੇ, ਉਸ ਉਪਰ ਕੋਈ ਕਾਰਵਾਈ ਨਹੀਂ ਹੁੰਦੀ, ਕਿਉਂਕਿ ਸੱਤਾ ਦਾ ਸਾਰਾ ਆਸ਼ੀਦਵਾਰ ਉਕਤ ਤਬਕੇ ਦੇ ਨਾਲ ਹੈ। ਆਰਐਸਐਸ, ਸ਼ਿਵ ਸੈਨਾ ਅਤੇ ਹਿੰਦੂ ਰੱਖਿਆ ਦਲ ਹੀ ਆਪਣੇ ਆਪ ਨੂੰ ਪੂਰਨ ਤੌਰ ‘ਤੇ ਆਜ਼ਾਦ ਮੰਨਦਾ ਹੈ ਅਤੇ ਸਰਕਾਰ ਦੀ ਕਦੇ ਵੀ ਅਲੋਚਨਾ ਕਰਨ ਦੀ ਬਿਜਾਏ, ਲੋਕ ਵਿਰੋਧੀ ਫੈਸਲਿਆਂ ਦੀ ਹਮਾਇਤ ਕਰਦਾ ਹੈ।

ਦਰਅਸਲ, ਜਦੋਂ ਅੰਗਰੇਜ਼ਾਂ ਦਾ ਸਾਡੇ ‘ਤੇ ਰਾਜ ਸੀ ਤਾਂ ਉਸ ਵੇਲੇ ਨਾ ਤਾਂ ਲੋਕਾਂ ਨੂੰ ਚੰਗੀ ਸਿਹਤ ਸੁਵਿਧਾ ਮਿਲਦੀ ਹੁੰਦੀ ਸੀ ਅਤੇ ਨਾ ਹੀ ਬੱਚਿਆਂ ਨੂੰ ਚੰਗੀ ਵਿੱਦਿਆ ਮਿਲਦੀ ਹੁੰਦੀ ਸੀ। ਉਸ ਵੇਲੇ ਭਗਤ ਸਿੰਘ ਤੇ ਸਾਥੀਆਂ ਨੇ ਸੰਘਰਸ਼ ਦੇ ਦੌਰਾਨ ਮੰਗ ਕੀਤੀ ਸੀ ਕਿ ਚੰਗੀ ਸਿਹਤ ਸੁਵਿਧਾਵਾਂ ਦੇ ਲਈ ਹਸਪਤਾਲ ਅਤੇ ਚੰਗੀ ਸਿੱਖਿਆ ਵਾਸਤੇ ਸਕੂਲ ਕਾਲਜ ਖੋਲੇ ਜਾਣ ਅਤੇ ਵਿੱਦਿਆ ਬਿਲਕੁਲ ਮੁਫ਼ਤ ਬੱਚਿਆਂ ਨੂੰ ਮੁਹੱਈਆ ਕਰਵਾਈ ਜਾਵੇ।

ਭਗਤ ਸਿੰਘ ਦੁਆਰਾ ਕੀਤੀ ਗਈ ਮੰਗ ਨੂੰ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਲਾਗੂ ਨਹੀਂ ਕਰ ਸਕੀਆਂ, ਪਰ ਹਾਲੇ ਵੀ ਇਨਕਲਾਬੀਆਂ ਦਾ ਮੁਫਤ ਵਿੱਦਿਆ ਵਿਦਿਆਰਥੀਆਂ ਨੂੰ ਦਵਾਉਣ ਦੇ ਲਈ ਸੰਘਰਸ਼ ਜਾਰੀ ਹੈ। ਸੀਪੀਆਈ, ਏਆਈਐਸਐਫ਼, ਪੀਐਸਯੂ, ਐਸਐਫ਼ਆਈ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਅਤੇ ਹੋਰ ਅਨੇਕਾਂ ਜਥੇਬੰਦੀਆਂ ਹਾਲੇ ਵੀ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਿਵਾਉਣ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਉਤਰੀਆਂ ਹੋਈਆਂ ਹਨ। ਇਥੇ ਦੱਸ ਦਈਏ ਕਿ ”ਭਗਤ ਸਿੰਘ ਰੁਜ਼ਗਾਰ ਗ੍ਰੰਟੀ ਕਾਨੂੰਨ” (ਬਨੇਗਾ) ਨੂੰ ਲਾਗੂ ਕਰਵਾਉਣ ਦੇ ਲਈ ਸੀਪੀਆਈ ਅਤੇ ਹੋਰ ਕਈ ਇਨਕਲਾਬੀ ਜਥੇਬੰਦੀਆਂ ਵੱਡੇ ਪੱਧਰ ‘ਤੇ ਸੰਘਰਸ਼ ਕਰ ਰਹੀਆਂ ਹਨ।

ਇਸ ਤੋਂ ਇਲਾਵਾ ਭਗਤ ਸਿੰਘ ਦੇ ਵੇਲੇ ਜਿਹੜੇ ਲੀਡਰ ਅੰਗਰੇਜ਼ ਹਕੂਮਤ ਦੇ ਨਾਲ ਮਿਲ ਕੇ ਲੋਕਾਂ ਉਪਰ ਜ਼ੁਲਮ ਢਾਹ ਰਹੇ ਸਨ, ਉਨਾਂ ਦੇ ਵਿਰੁੱਧ ਭਗਤ ਸਿੰਘ ਅਤੇ ਸਾਥੀਆਂ ਨੇ ਆਵਾਜ਼ ਬੁਲੰਦ ਕੀਤੀ ਸੀ। ਜ਼ਾਲਮ ਹਾਕਮਾਂ ਨੂੰ ਸਬਕ ਸਿਖਾਉਣ ਲਈ ਉਨਾਂ ਉਪਰ ਵੀ ਉਹ ਕਾਨੂੰਨ ਲਾਗੂ ਕੀਤਾ ਜਾਵੇ, ਜੋ ਆਮ ਲੋਕਾਂ ਉਪਰ ਹੁੰਦਾ ਹੈ”, ਇਹ ਮੰਗ ਭਗਤ ਸਿੰਘ ਹੁਰਾਂ ਨੇ ਰੱਖੀ ਸੀ।

ਪਰ ਇਹ ਮੰਗ ਨੂੰ ਹੁਣ ਤੱਕ ਵੀ ਸਮੇਂ ਦੀਆਂ ਸਰਕਾਰਾਂ ਲਾਗੂ ਨਹੀਂ ਕਰ ਸਕੀਆਂ। ਕਿਉਂਕਿ ਸਰਕਾਰਾਂ ਦੇ ਵਿਚ ਹੀ ਕਈ ਅਜਿਹੇ ਭ੍ਰਿਸ਼ਟਾਚਾਰੀ ਅਤੇ ਅਨਪੜ ਲੀਡਰ ਬੈਠੇ ਹਨ, ਜਿਨਾਂ ਉਪਰ ਕਤਲ ਤੋਂ ਇਲਾਵਾ ਚੋਰੀਆਂ ਡਕੈਤੀਆਂ ਅਤੇ ਹੋਰ ਕਈ ਅਪਰਾਧਿਕ ਮਾਮਲੇ ਦਰਜ ਹਨ, ਪਰ ਉਨਾਂ ਨੂੰ ਹਕੂਮਤ ਦਾ ਐਨਾ ਕੁ ਥਾਪੜਾ ਹੈ ਕਿ ਉਨਾਂ ਉਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ।

ਧਰਮ ਜਾਤ ਦੇ ਨਾਂਅ ‘ਤੇ ਸਭ ਤੋਂ ਵੱਧ ਦੰਗੇ ਕਰਵਾਉਣ ਵਾਲੇ ਵੀ ਲੀਡਰ ਹੀ ਹਨ, ਪਰ ਇਨਾਂ ਨੂੰ ਕਦੇ ਵੀ ਕਾਨੂੰਨ ਦੇ ਦਾਇਰੇ ਵਿਚ ਨਹੀਂ ਲਿਆਂਦਾ ਗਿਆ। ਸਾਡੀ ਸਭਨਾਂ ਦੀ ਇਹ ਮੰਗ ਹੈ ਕਿ ਜਿਨਾਂ ਵੀ ਭ੍ਰਿਸ਼ਟਾਚਾਰੀ ਅਤੇ ਅਨਪੜ ਲੀਡਰਾਂ ਉਪਰ ਕਤਲ ਤੋਂ ਇਲਾਵਾ ਚੋਰੀਆਂ ਡਕੈਤੀਆਂ ਅਤੇ ਹੋਰ ਕਈ ਅਪਰਾਧਿਕ ਮਾਮਲੇ ਦਰਜ ਹਨ, ਉਨਾਂ ਨੂੰ ਜੇਲਾਂ ਅੰਦਰ ਸੁੱਟਿਆ ਜਾਵੇ।

ਤੁਹਾਨੂੰ ਦੱਸ ਦਈਏ ਕਿ ਸ਼ਹੀਦ ਭਗਤ ਸਿੰਘ ਮਿਖਾਇਲ ਬਾਕੂਨਿਨ ਦੀਆਂ ਸਿੱਖਿਆਵਾਂ ਦਾ ਪਾਠਕ ਸੀ ਅਤੇ ਉਸ ਨੇ ਕਾਰਲ ਮਾਰਕਸ, ਵਲਾਦੀਮੀਰ ਲੈਨਿਨ ਅਤੇ ਤ੍ਰੋਤਸਕੀ ਨੂੰ ਵੀ ਪੜਿਆ ਸੀ ਆਪਣੇ ਅਖੀਰਲੇ ਵਸੀਅਤਨਾਮੇ, ”ਟੂ ਯੰਗ ਪਲੀਟੀਕਲ ਵਰਕਰਜ਼”, ਵਿੱਚ ਭਗਤ ਸਿੰਘ ਆਪਣੇ ਆਦਰਸ਼ ਨੂੰ” ਨਵੇਂ ਤੇ ਸਮਾਜਿਕ ਪੁਨਰ ਨਿਰਮਾਣ, ਅਰਥਾਤ ਮਾਰਕਸਵਾਦੀ, ਆਧਾਰ” ਘੋਸ਼ਿਤ ਕਰਦਾ ਹੈ ਮਈ ਤੋਂ ਸਤੰਬਰ 1928 ਤੱਕ ਭਗਤ ਸਿੰਘ ਨੇ ਕਿਰਤੀ ਵਿੱਚ ਅਰਾਜਕਤਾਵਾਦ ਬਾਰੇ ਲੇਖ ਲੜੀਬੱਧ ਕੀਤੇ ਉਹ ਚਿੰਤਤ ਸੀ ਕਿ ਜਨਤਾ ਨੇ ਅਰਾਜਕਤਾਵਾਦ ਦੀ ਧਾਰਨਾ ਨੂੰ ਗਲਤ ਸਮਝਿਆ ਅਤੇ ਲਿਖਿਆ ”ਲੋਕ ਅਰਾਜਕਤਾ ਦੇ ਸ਼ਬਦ ਤੋਂ ਡਰਦੇ ਹਨ ਅਰਾਜਕਤਾ ਸ਼ਬਦ ਇੰਨਾਂ ਜ਼ਿਆਦਾ ਦੁਰਵਿਹਾਰ ਕੀਤਾ ਗਿਆ ਹੈ ਕਿ ਭਾਰਤ ਦੇ ਕ੍ਰਾਂਤੀਕਾਰੀਆਂ ਨੂੰ ਵੀ ਗ਼ੈਰ-ਮਸ਼ਹੂਰ ਕਰਨ ਲਈ ਅਰਾਜਕਤਾਵਾਦੀ ਕਿਹਾ ਗਿਆ ਹੈ।”

ਭਗਤ ਸਿੰਘ ਨੇ ਸਪੱਸ਼ਟ ਕੀਤਾ ਕਿ ਅਰਾਜਕਤਾ ਦਾ ਮਤਲਬ ਸ਼ਾਸਕ ਦੀ ਗੈਰਹਾਜ਼ਰੀ ਅਤੇ ਰਾਜ ਨੂੰ ਖ਼ਤਮ ਕਰਨਾ ਹੈ, ਨਾ ਕਿ ਹੁਕਮਾਂ ਦੀ ਗੈਰ-ਮੌਜੂਦਗੀ ਭਗਤ ਸਿੰਘ ਆਪਣੀ ਲਿਖਤ ਵਿਚ ਅੱਗੇ ਕਹਿੰਦਾ ਹੈ ਕਿ ”ਮੈਂ ਸੋਚਦਾ ਹਾਂ ਕਿ ਭਾਰਤ ਵਿੱਚ ਵਿਆਪਕ ਭਾਈਚਾਰੇ ਦੇ ਵਿਚਾਰ, ਸੰਸਕ੍ਰਿਤ ਦੇ ਵਸੁਧਿਵ ਕੁਟੂਮਬਾਕ ਆਦਿ ਦਾ ਅਰਥ ਇਕੋ ਅਰਥ ਹੈ” ਉਸ ਦਾ ਵਿਸ਼ਵਾਸ ਸੀ ਕਿ ਅਰਾਜਕਤਾਵਾਦ ਦਾ ਅੰਤਿਮ ਟੀਚਾ ਪੂਰਾ ਆਜ਼ਾਦੀ ਹੈ।

ਅੱਜ ਵੀ ਭਗਤ ਸਿੰਘ ਦਾ ਸੁਪਨਾ ਅਧੂਰਾ ਹੈ। ਭਗਤ ਸਿੰਘ ਨੇ ਜਿਹੜੇ ਰਾਜ ਦੀ ਗੱਲ ਕੀਤੀ ਸੀ, ਉਹ ਰਾਜ ਹੁਣ ਤੱਕ ਸਥਾਪਤ ਨਹੀਂ ਹੋ ਸਕਿਆ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਭਾਰਤ ਦੇ ਲੋਕਾਂ ਨੂੰ ਸਮੇਂ ਸਮੇਂ ‘ਤੇ ਸੱਤਾ ਵਿਚ ਆਈਆਂ ਸਰਕਾਰਾਂ ਮੂਰਖ ਹੀ ਬਣਾਉਂਦੀਆਂ ਰਹੀਆਂ ਹਨ।

ਪੂਰਨ ਤੌਰ ‘ਤੇ ਨਾ ਤਾਂ ਸਾਡੇ ਦੇਸ਼ ਦੇ ਅੰਦਰ ਹੁਣ ਤੱਕ ਕਿਸੇ ਨੂੰ ਆਜ਼ਾਦੀ ਮਿਲ ਸਕੀ ਹੈ, ਨਾ ਹੀ ਕਿਸੇ ਨੂੰ ਇਨਸਾਫ਼ ਮਿਲ ਸਕਿਆ ਹੈ। ਸਾਡੇ ਦੇਸ਼ ਦੇ ਅੰਦਰ ਅੱਜ ਵੀ ਕਤਲੇਆਮ ਉਸੇ ਤਰਾਂ ਹੋ ਰਹੇ ਹਨ, ਜਿਵੇਂ ਆਜ਼ਾਦੀ ਤੋਂ ਪਹਿਲੋਂ ਹੁੰਦੇ ਸਨ। ਸਾਡੇ ਦੇਸ਼ ਦੇ ਅੰਦਰ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਅੱਜ ਵੀ ਲੱਖਾਂ ਦੀ ਗਿਣਤੀ ਵਿਚ ਰੋਜ਼ਾਨਾਂ ਨੌਜਵਾਨ ਸੜਕਾਂ ‘ਤੇ ਉਤਰ ਰਹੇ ਹਨ ਅਤੇ ਕਈ ਤਾਂ ਬੇਰੁਜ਼ਗਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਦਾ ਰਸਤਾ ਵੀ ਅਪਣਾ ਚੁੱਕੇ ਹਨ।

ਕਿਸਾਨਾਂ ਮਜ਼ਦੂਰਾਂ ਦੇ ਲਈ ਕੋਈ ਵੀ ਸਰਕਾਰ ਦੇ ਵਲੋਂ ਲਾਭਕਾਰੀ ਸਕੀਮ ਨਹੀਂ ਚਲਾਈ ਜਾ ਰਹੀ, ਜਿਸ ਦੇ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਵਿਚ ਵੀ ਅਥਾਹ ਵਾਧਾ ਹੋਇਆ ਹੈ। ਨੌਜਵਾਨ ਮੁੰਡੇ ਕੁੜੀਆਂ ਨੂੰ ਮੁਫ਼ਤ ਵਿੱਦਿਆ ਨਹੀਂ ਮਿਲ ਰਹੀ, ਪ੍ਰਾਈਵੇਟ ਸਕੂਲ ਕਾਲਜ ਵਿਦਿਆਰਥੀ ਦੀ ਲੁੱਟ ਕਰ ਰਹੇ ਹਨ, ਪਰ ਸਰਕਾਰ ਇਸ ‘ਤੇ ਭੋਰਾ ਵੀ ਮੂੰਹ ਨਹੀਂ ਖ਼ੋਲ ਰਹੀ।

ਮੁੱਕਦੀ ਗੱਲ ਹੈ ਕਿ ਸਾਡੇ ਦੇਸ਼ ਦੇ ਲੋਕ ਆਜ਼ਾਦ ਭਾਰਤ ਦੇ ਅੰਦਰ ਵੀ ਆਜ਼ਾਦੀ ਦੇ ਨਾਲ ਜਿਉਂ ਨਹੀਂ ਰਹੇ। ਆਓ ਰਲ ਮਿਲ ਦੇਸ਼ ਬਚਾਈਏ, ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਈਏ।

– ਗੁਰਪ੍ਰੀਤ
ਲੇਖਕ ਸੀਨੀਅਰ ਪੱਤਰਕਾਰ ਤੇ ਅਲੋਚਕ ਹਨ।

 

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)