ਕਰਨੈਲ ਸਿੰਘ ਪੰਜੌਲੀ ਨੇ ਛੱਡਿਆ ‘ਅਕਾਲੀ ਦਲ ਪੁਨਰ ਸੁਰਜੀਤ’- ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਦਿੱਤਾ ਅਸਤੀਫ਼ਾ
ਪਾਰਟੀ ਵਿੱਚ ਕੁੱਝ ਇਹੋ ਜਿਹੇ ਬੰਦੇ ਵੀ ਸ਼ਾਮਲ ਹਨ ਜਿਹਨਾਂ ਨੇ ਮੇਰਾ ਜਾਤੀ, ਜਮਾਤੀ ਅਤੇ ਸਮਾਜਿਕ ਤੌਰ ਉੱਤੇ ਬਹੁਤ ਨੁਕਸਾਨ ਕੀਤਾ- ਕਰਨੈਲ ਸਿੰਘ ਪੰਜੌਲੀ
ਫ਼ਤਹਿਗੜ੍ਹ ਸਾਹਿਬ/ਚੰਡੀਗੜ੍ਹ 24 ਫਰਵਰੀ 2026: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਟਕਸਾਲੀ ਆਗੂ ਜਥੇਦਾਰ ਕਰਨੈਲ ਸਿੰਘ ਪੰਜੌਲੀ ਨੇ ਨਵੀਂ ਬਣੀ ਜਥੇਬੰਦੀ ‘ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)’ ਨੂੰ ਅਲਵਿਦਾ ਕਹਿ ਦਿੱਤਾ ਹੈ।
ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਇਸ ਪਾਰਟੀ ਲਈ ਪੰਜੌਲੀ ਦਾ ਜਾਣਾ ਇੱਕ ਵੱਡਾ ਸਿਆਸੀ ਨੁਕਸਾਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਪੰਜੌਲੀ ਨੇ ਆਪਣੇ ਅਸਤੀਫ਼ੇ ਵਿੱਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ, ਪਰ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਪਾਰਟੀ ਦੇ ਕੰਮ ਕਰਨ ਦੇ ਤਰੀਕੇ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਤੋਂ ਉਹ ਨਾਰਾਜ਼ ਚੱਲ ਰਹੇ ਸਨ।
ਮੰਨਿਆ ਜਾ ਰਿਹਾ ਹੈ ਕਿ ਉਹ ਪਾਰਟੀ ਵਿੱਚ ਟਕਸਾਲੀ ਅਤੇ ਪੁਰਾਣੇ ਆਗੂਆਂ ਨੂੰ ਦਿੱਤੀ ਜਾ ਰਹੀ ਅਹਿਮੀਅਤ ਤੋਂ ਸੰਤੁਸ਼ਟ ਨਹੀਂ ਸਨ। ਪੰਜੌਲੀ ਲੰਬੇ ਸਮੇਂ ਤੋਂ ਸਿੱਖ ਸੰਸਥਾਵਾਂ ਵਿੱਚ ਸੁਧਾਰ ਦੀ ਗੱਲ ਕਰਦੇ ਆਏ ਹਨ, ਅਤੇ ਸ਼ਾਇਦ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਨਵੀਂ ਪਾਰਟੀ ਉਨ੍ਹਾਂ ਦੇ ਟੀਚਿਆਂ ਨਾਲ ਮੇਲ ਨਹੀਂ ਖਾ ਰਹੀ।
ਦੱਸ ਦਈਏ ਕਿ ਕਰਨੈਲ ਸਿੰਘ ਪੰਜੌਲੀ ਸਿੱਖ ਸਿਆਸਤ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਹਨ। ਉਹ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਰਹੇ ਅਤੇ ਸ਼੍ਰੋਮਣੀ ਕਮੇਟੀ ਵਿੱਚ ਕਈ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ।
ਪਾਰਟੀ ਵਿੱਚ ਕੁੱਝ ਇਹੋ ਜਿਹੇ ਬੰਦੇ ਵੀ ਸ਼ਾਮਲ ਹਨ ਜਿਹਨਾਂ ਨੇ ਮੇਰਾ ਜਾਤੀ, ਜਮਾਤੀ ਅਤੇ ਸਮਾਜਿਕ ਤੌਰ ਉੱਤੇ ਬਹੁਤ ਨੁਕਸਾਨ ਕੀਤਾ- ਕਰਨੈਲ ਸਿੰਘ ਪੰਜੌਲੀ
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਹੋਇਆ ਲਿਖਿਆ ਕਿ ਸਤਿਕਾਰ ਯੋਗ ਪ੍ਰਧਾਨ ਸਾਹਿਬ ਜੀਓ, — ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਹਿ॥— ਮੈਂ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤੀ ਦੀ ਭਰਤੀ ਕੀਤੀ ਸੀ ਅਤੇ ਇਸ ਦਾ ਸਟੇਟ ਡੈਲੀਗੇਟ ਬਣਿਆ ਸੀ। ਡੈਲੀਗੇਟ ਦੀ ਭੂਮਿਕਾ ਪਾਰਟੀ ਦੇ ਪ੍ਰਧਾਨ ਦੀ ਚੋਣ ਤੱਕ ਹੀ ਹੁੰਦੀ ਹੈ ਜਿਸ ਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ। ਉਸ ਤੋਂ ਬਾਅਦ ਪਾਰਟੀ ਵੱਲੋਂ ਮੇਰੀ ਕਿਸੇ ਵੀ ਪਲੇਟਫਾਰਮ ਉੱਤੇ ਕੰਮ ਕਰਨ ਲਈ ਕਦੇ ਵੀ, ਕਿਸੇ ਤਰ੍ਹਾਂ ਦੀ ਡਿਊਟੀ ਨਹੀਂ ਸੀ ਲਗਾਈ ਗਈ। ਪਾਰਟੀ ਵਿੱਚ ਕੁੱਝ ਇਹੋ ਜਿਹੇ ਬੰਦੇ ਵੀ ਸ਼ਾਮਲ ਹਨ ਜਿਹਨਾਂ ਨੇ ਮੇਰਾ ਜਾਤੀ, ਜਮਾਤੀ ਅਤੇ ਸਮਾਜਿਕ ਤੌਰ ਉੱਤੇ ਬਹੁਤ ਨੁਕਸਾਨ ਕੀਤਾ ਹੈ ਅਤੇ ਲਗਾਤਾਰ ਕਰ ਵੀ ਰਹੇ ਹਨ। ਇਹਨਾਂ ਬੰਦਿਆਂ ਦੀ ਬਦੌਲਤ ਮੈਨੂੰ ਆਰਥਿਕ ਤੌਰ ਉੱਤੇ ਬਹੁਤ ਨੁਕਸਾਨ ਵੀ ਝੱਲਣਾ ਪਿਆ। ਇਸ ਸੱਭ ਕੁੱਝ ਦੇ ਬਾਵਜੂਦ ਮੈਂ ਪੰਥਕ ਹਿੱਤਾਂ ਅਤੇ ਪਾਰਟੀ ਦੇ ਹਿੱਤਾਂ ਨੂੰ ਮੁੱਖ ਰੱਖਕੇ ਆਪਣੀ ਆਤਮਾ ਉੱਤੇ ਬੋਝ ਪਾ ਕੇ ਬਹੁਤ ਕੁੱਝ ਬਰਦਾਸ਼ਤ ਕਰਦਾ ਰਿਹਾ ਹਾਂ। ਪ੍ਰੰਤੂ ਕੱਲ ਮਿਤੀ 22 ਫਰਬਰੀ 2026 ਨੂੰ ਵਾਪਰੀ ਇੱਕ ਘਟਨਾ ਨੇ ਮੈਨੂੰ ਪਾਰਟੀ ਨੂੰ ਅਲਵਿਦਾ ਕਹਿਣ ਲਈ ਮਜਬੂਰ ਕਰ ਦਿੱਤਾ। ਮੇਰੇ ਪਾਸ ਪਾਰਟੀ ਦਾ ਕੋਈ ਅਹੁਦਾ ਤਾਂ ਨਹੀਂ ਸੀ ਜਿਸ ਤੋਂ ਮੈਂ ਅਸਤੀਫਾ ਦੇ ਦਿੰਦਾ। ਇਸ ਲਈ ਅੱਜ ਤੋਂ ਬਾਅਦ ਮੈਨੂੰ ਸ਼੍ਰੋਮਣੀ ਅਕਾਲੀ ਦੱਲ ਪੁਨਰ ਸੁਰਜੀਤੀ ਦਾ ਹਿੱਸਾ ਨਾ ਸਮਝਿਆ ਜਾਵੇ। ਮੇਰੀ ਅਕਾਲ ਪੁਰਖ ਵਹਿਗੁਰੂ ਸਨਮੁੱਖ ਅਰਦਾਸ ਹੈ ਕਿ ਇਹ ਪਾਰਟੀ ਚੜ੍ਹਦੀ ਕਲਾ ਵਿੱਚ ਰਹੇ। ਮੈਂ ਜਿੰਨਾ ਕੁ ਸਫ਼ਰ ਤੁਹਾਡੇ ਨਾਲ ਤੁਰ ਸਕਿਆ ਪ੍ਰਵਾਨ ਕਰਨਾ ਜੀ। ਧੰਨਵਾਦ ਸਾਹਿਤ – ਕਰਨੈਲ ਸਿੰਘ ਪੰਜੋਲੀ – ਮੈਂਬਰ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ।






