ਅਸੀਂ ਹਰ ਸਾਲ 23 ਮਾਰਚ ਵਾਲੇ ਦਿਨ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਯਾਦ ਕਰਦੇ ਹਾਂ। ਭਗਤ ਸਿੰਘ, ਸੁਖਦੇਵ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਸਭ ਲਿਖਤਾਂ ਛਪ ਚੁੱਕੀਆਂ ਹਨ; ਉਨ੍ਹਾਂ ’ਤੇ ਚੱਲੇ ਮੁਕੱਦਮਿਆਂ ਦੇ ਹਾਲ ਵੀ ਛਪੇ ਹਨ ਅਤੇ ਭਗਤ ਸਿੰਘ ਦੀ ਜੇਲ੍ਹ ਡਾਇਰੀ ਵੀ।
ਭਗਤ ਸਿੰਘ ਦੀ ਜੇਲ੍ਹ ਦੌਰਾਨ ਲਿਖੀ ਡਾਇਰੀ ਨੇ ਲੋਕਾਂ ਦਾ ਸਭ ਤੋਂ ਜ਼ਿਆਦਾ ਧਿਆਨ ਖਿੱਚਿਆ ਹੈ; 287 ਪੰਨਿਆਂ ਦੀ ਇਸ ਡਾਇਰੀ ਤੇ ਕੁਝ ਖਿੱਲਰੇ ਹੋਏ ਵਰਕਿਆਂ ’ਤੇ ਭਗਤ ਸਿੰਘ ਦੀਆਂ ਲਿਖੀਆਂ ਟਿੱਪਣੀਆਂ ਵਿਚ ਮਿਰਜ਼ਾ ਗ਼ਾਲਿਬ, ਦਾਗ਼ ਦੇਹਲਵੀ, ਵਿਲੀਅਮ ਵਰਡਜ਼ਵਰਥ, ਰਾਬਿੰਦਰ ਨਾਥ ਟੈਗੋਰ, ਵਾਲਟ ਵਿਟਮੈਨ, ਬਾਇਰਨ, ਬਿਰਜ ਨਰਾਇਣ ਚਕਬਸਤ ਜਿਹੇ ਕਵੀਆਂ ਤੋਂ ਲੈ ਕੇ ਸਮਾਜਿਕ ਇਕਰਾਰਨਾਮੇ ਦੇ ਸਿਧਾਂਤਕਾਰ ਹਾਬਜ, ਲਾਕ, ਰੂਸੋ ਤੇ ਇਤਿਹਾਸਕ ਪਦਾਰਥਵਾਦ ਦੇ ਸਿਧਾਂਤਕਾਰ ਕਾਰਲ ਮਾਰਕਸ, ਲੈਨਿਨ, ਟਰਾਟਸਕੀ ਸਭ ਹਾਜ਼ਰ ਹਨ। ਉੱਥੇ ਸੁਕਰਾਤ ਵੀ ਹੈ ਤੇ ਧਾਰਮਿਕ ਵਿਦਵਾਨ ਥਾਮਸ ਐਕੁਆਇਨਸ ਵੀ।
ਉੱਥੇ ਅਪਟੋਨ ਸਿਨਕਲੇਅਰ, ਵਿਕਟਰ ਹਿਊਗੋ, ਮੈਕਸਿਮ ਗੋਰਕੀ, ਇਬਸਨ, ਜੈਕ ਲੰਡਨ ਤੇ ਬਰਨਾਰਡ ਸ਼ਾਅ ਜਿਹੇ ਸਾਹਿਤਕਾਰ ਵੀ ਹਨ; ਰੂਸੀ ਅਰਾਜਕਤਾਵਾਦੀ, ਨਾਂਹਵਾਦੀ (Nihilist) ਤੇ ਸਮਾਜਵਾਦੀ ਵੀ ਹਨ : ਪੀਟਰ ਕਰਪੋਤਕਿਨ, ਵੇਰਾ ਫਿਗਨਰ, ਨਿਕੋਲੋਈ ਮੋਰੋਜ਼ੋਵ ਆਦਿ। ਇਸ ਡਾਇਰੀ ਨੂੰ ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਕਿ 20-23 ਸਾਲਾਂ ਦੀ ਉਮਰ ਵੇਲੇ ਇਹ ਸ਼ਖ਼ਸ ਕਿੰਨਾ ਪੜ੍ਹ ਰਿਹਾ ਸੀ; ਸਿਰਫ਼ ਪੜ੍ਹ ਹੀ ਨਹੀਂ ਸੀ ਰਿਹਾ ਸਗੋਂ ਵੱਖ ਵੱਖ ਸਦੀਆਂ ਵਿਚ ਪੈਦਾ ਹੋਏ ਚਿੰਤਕਾਂ ਤੇ ਵਿਦਵਾਨਾਂ ਦੀਆਂ ਲਿਖਤਾਂ ਨੂੰ ਆਪਣੇ ਅੰਦਰ ਵਸਾ ਰਿਹਾ ਸੀ; ਇਹ ਰੋਜ਼ਾਨਾ ਹੋਰ ਵਿਦਵਾਨ ਬਣਨ ਦੀ ਕਥਾ ਹੈ; ਇਕ ਇਨਕਲਾਬੀ ਬਣਨ ਦੀ ਕਥਾ, ਇਹ ਡਾਇਰੀ ਦੱਸਦੀ ਹੈ ਕਿ ਸੂਰਮੇ ਦੀ ਸਿਰਜਣਾ ਕਿਵੇਂ ਹੁੰਦੀ ਹੈ।
ਭਗਤ ਸਿੰਘ ਕੋਈ ਦਰਵਾਜ਼ੇ ਬੰਦ ਨਹੀਂ ਕਰਦਾ। ਉਸ ਨੇ ਆਪਣੇ ਦਿਮਾਗ ਦੇ ਦਰ ਹਰ ਸਦੀ ਵਿਚ ਉਪਜੀ ਸੋਚ ਲਈ ਖੋਲ੍ਹ ਰੱਖੇ ਹਨ। ਉੱਥੇ ਇਟਲੀ ਦੇ ਬਾਦਸ਼ਾਹ ਮਾਰਕਸ ਔਰੀਲੀਅਸ ਦੀਆਂ ਸੋਚਾਂ ਵੀ ਹਨ ਅਤੇ ਇਸਾਈ ਸਾਧੂ ਹਵਾਨ ਡੀ ਮਾਰੀਆਨਾ (Juan De Mariana) ਦੀਆਂ ਵੀ। ਪੰਜਾਬੀ ਭਾਸ਼ਾ ਬਾਰੇ ਲਿਖੇ ਇਕ ਲੇਖ ਵਿਚ ਉਸ ਨੇ ਸੂਤਰ ਗੁਰੂ ਨਾਨਕ ਦੇਵ ਜੀ ਦੇ ਇਸ ਮਹਾਂ-ਕਥਨ ਤੋਂ ਫੜਿਆ, ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।। ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।।’’ ਭਾਵੇਂ ਕਿ ਉਹ (ਭਗਤ ਸਿੰਘ) ਇਹ ਸਮਝ ਰਿਹਾ ਸੀ ਕਿ ਇਹ ਸਲੋਕ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੈ। ਰਾਗ ਮਾਰੂ ਵਿਚ ਲਿਖਿਆ ਭਗਤ ਕਬੀਰ ਜੀ ਦਾ ਇਹ ਕਥਨ ਵੀ ਉਸ ਨੂੰ ਬਹੁਤ ਪਿਆਰਾ ਲੱਗਾ, ‘‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।’’ ਇਸੇ ਲੇਖ ਵਿਚ ਉਸ ਨੇ ਪੰਜਾਬੀ ਸ਼ਾਇਰ ਗੌਹਰ ਨੂੰ ਬਹੁਤ ਸ਼ਿੱਦਤ ਨਾਲ ਯਾਦ ਕੀਤਾ : ‘‘ਲਾਮ ਲੱਖਾਂ ਤੇ ਕਰੋੜਾਂ ਦੇ ਸ਼ਾਹ ਵੇਖੇ/ਨ ਮੁਸਾਫਿਰਾਂ ਕੋਈ ਉਧਾਰ ਦੇਂਦਾ/ਦਿਨੇ ਰਾਤ ਜਿਨ੍ਹਾਂ ਦੇ ਕੂਚ ਡੇਰੇ/ਨ ਉਨ੍ਹਾਂ ਦੇ ਥਾਈਂ ਕੋਈ ਇਤਬਾਰ ਦੇਂਦਾ/ਭੌਰੇ ਬਹਿੰਦੇ ਗੁਲਾਂ ਦੀ ਵਾਸ਼ਨਾ ’ਤੇ/ਨਾ ਸੱਪਾਂ ਦੇ ਮੂੰਹਾਂ ’ਤੇ ਕੋਈ ਪਿਆਰ ਦੇਂਦਾ/ਗੌਹਰ ਸਮੇਂ ਸਲੂਕ ਹਨ ਜਿਉਂਦਿਆਂ ਦੇ/ਮੋਇਆਂ ਗਿਆਂ ਨੂੰ ਹਰ ਕੋਈ ਵਿਸਾਰ ਦੇਂਦਾ।’’
ਜੇਲ੍ਹ ਡਾਇਰੀ ਵਿਚ ਭਗਤ ਸਿੰਘ ਨੇ ਮਿਰਜ਼ਾ ਗ਼ਾਲਿਬ ਦੇ ਸਭ ਤੋਂ ਜ਼ਿਆਦਾ ਸ਼ੇਅਰ ਦਰਜ ਕੀਤੇ, ਜਿਵੇਂ ਉਹ ਗ਼ਾਲਿਬ ਨਾਲ ਸੰਵਾਦ ਕਰ ਰਿਹਾ ਹੋਵੇ। ਇਨ੍ਹਾਂ ਵਿਚ ਭਗਤ ਸਿੰਘ ਦਾ ਰੁਮਾਨੀ ਚਿਹਰਾ ਵੀ ਨਜ਼ਰ ਆਉਂਦਾ ਹੈ ਅਤੇ ਇਕਲਾਪਾ ਵੀ। ਦਰਜ ਕੀਤਾ ਗ਼ਾਲਿਬ ਦਾ ਇਹ ਸ਼ੇਅਰ ਵੇਖੋ, ‘‘ਯੇ ਕਹਾਂ ਕੀ ਦੋਸਤੀ ਹੈ ਕਿ ਬਣੇ ਹੈਂ ਦੋਸਤ ਨਾਸੇਹ/ਕੋਈ ਚਾਰਾਸਾਜ਼ ਹੋਤਾ ਕੋਈ ਗ਼ਮ-ਗੁਸਾਰ ਹੋਤਾ।’’ (ਨਾਸੇਹ : ਨਸੀਹਤ ਕਰਨ ਵਾਲਾ; ਚਾਰਸਾਜ਼ : ਮਰਹਮ ਲਗਾਉਣ ਵਾਲਾ, ਹਕੀਮ, ਵੈਦ; ਗ਼ਮ-ਗੁਸਾਰ : ਦਿਲਾਸਾ ਦੇਣ ਵਾਲਾ)।’’
ਭਗਤ ਸਿੰਘ ਨੇ ਬਾਬਾ ਰਾਮ ਸਿੰਘ ਤੋਂ ਲੈ ਕੇ ਅਸ਼ਫਾਕ ਉੱਲਾ ਖਾਨ, ਰਾਮ ਪ੍ਰਸਾਦ ਬਿਸਮਿਲ, ਰਾਜਿੰਦਰ ਨਾਥ ਲਹਿਰੀ, ਰੋਸ਼ਨ ਸਿੰਘ ਜਿਹੇ ਸਭ ਸ਼ਹੀਦਾਂ ਬਾਰੇ ਲੇਖ ਲਿਖੇ। ਉਸ ਨੇ 1857 ਦੇ ਬਾਗ਼ੀਆਂ ਅਤੇ ਗ਼ਦਰ ਪਾਰਟੀ ਤੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਨੂੰ ਯਾਦ ਕੀਤਾ। ਭਗਤ ਸਿੰਘ ਨੇ ਜੈਤੋ ਦੇ ਮੋਰਚੇ ਵਿਚ ਹਿੱਸਾ ਲੈਣ ਜਾ ਰਹੇ 13ਵੇਂ ਜਥੇ ਨੂੰ ਆਪਣੇ ਪਿੰਡ ਸੱਦਿਆ ਤੇ ਲੰਗਰ ਛਕਾਇਆ। ਜਥੇ ਸਾਹਮਣੇ ਦਿੱਤੇ ਭਾਸ਼ਣ ਕਾਰਨ ਉਸ ਦੀ ਗ੍ਰਿਫ਼ਤਾਰੀ ਦੇ ਵਾਰੰਟ ਵੀ ਨਿਕਲੇ।
ਭਗਤ ਸਿੰਘ 1924 ਵਿਚ ਕਾਂਗਰਸ ਦੇ ਮਹਾਰਾਸ਼ਟਰ ਵਿਚ ਹੋਏ ਸੈਸ਼ਨ ਬੈਲਗਾਮ ਵਿਚ ਗਿਆ ਜਿਸ ਵਿਚ ਉਸ ਦੀ ਮੁਲਾਕਾਤ ਨਿਰਲੰਭਾ ਸਵਾਮੀ ਨਾਲ ਹੋਈ। ਨਿਰਲੰਭਾ ਸਵਾਮੀ 1902 ਵਿਚ ਬਣੀ ਇਕਨਕਾਬੀ ਜਥੇਬੰਦੀ ਅਨੁਸ਼ੀਲਨ ਸਮਿਤੀ ਦਾ ਮੈਂਬਰ ਰਿਹਾ ਸੀ। ਭਗਤ ਸਿੰਘ ਚੋਣਾਂ ਵਿਚ ਹਿੱਸਾ ਲੈਣ ਦਾ ਵੀ ਹਾਮੀ ਸੀ ਅਤੇ ਉਸ ਨੇ ਮੁੱਦਿਆਂ ਦੇ ਆਧਾਰ ’ਤੇ ਮੋਤੀ ਲਾਲ ਨਹਿਰੂ ਦੁਆਰਾ ਬਣਾਈ ਸਵਰਾਜ ਪਾਰਟੀ ਦੇ ਕਈ ਕੰਮਾਂ ਦੀ ਸ਼ਲਾਘਾ ਵੀ ਕੀਤੀ। ਉਸ ਨੇ ਲਾਹੌਰ ਦੀ ਕਾਂਗਰਸ ਕਮੇਟੀ ਨੂੰ ਸਰਦਾਰ ਵੱਲਭਭਾਈ ਪਟੇਲ ਦੁਆਰਾ ਚਲਾਏ ਕਿਸਾਨ ਸੰਘਰਸ਼ ‘ਬਾਰਦੋਲੀ ਸੱਤਿਆਗ੍ਰਹਿ’ ਵਿਚ ਜਥਾ ਭੇਜਣ ਲਈ ਪ੍ਰੇਰਿਤ ਕੀਤਾ ਅਤੇ ਸੱਤਿਆਗ੍ਰਹਿ ਤੋਂ ਬਾਅਦ ਹੋਏ ਸਮਝੌਤੇ ਦੀ ਆਲੋਚਨਾ ਵੀ ਕੀਤੀ।
ਭਗਤ ਸਿੰਘ ਦਾ ਸਭ ਤੋਂ ਵੱਡਾ ਵਿਚਾਰਧਾਰਕ ਸੰਵਾਦ ਮਹਾਤਮਾ ਗਾਂਧੀ ਨਾਲ ਹੈ। ਉਸ ਨੇ ਮਹਾਤਮਾ ਗਾਂਧੀ ਦੇ ਫਲਸਫੇ ਦੀ ਆਲੋਚਨਾ ਕੀਤੀ ਪਰ ਨਾਲ ਹੀ ਗਾਂਧੀ ਦੁਆਰਾ ਚਲਾਏ ਅੰਦੋਲਨਾਂ, ਜਿਨ੍ਹਾਂ ਰਾਹੀਂ ਲੋਕ-ਸਮੂਹਾਂ ਲਈ ਦਰਵਾਜ਼ੇ ਪਹਿਲੀ ਵਾਰ ਖੁੱਲ੍ਹੇ ਸਨ, ਨੂੰ ਤਰਕ ਦੀ ਤੱਕੜੀ ’ਤੇ ਤੋਲਿਆ। ਉਸ ਨੇ ਲਿਖਿਆ, ‘‘ਇਕ ਤਰੀਕੇ ਨਾਲ, ਗਾਂਧੀਵਾਦ ਆਪਣਾ ਭਾਣਾ ਮੰਨਣ ਦਾ ਮੱਤ ਰਖਦੇ ਹੋਏ ਵੀ, ਇਨਕਲਾਬੀ ਵਿਚਾਰਾਂ ਦੇ ਕੁਝ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਇਹ ਜਨਤਕ ਐਕਸ਼ਨ ’ਤੇ ਨਿਰਭਰ ਕਰਦਾ ਹੈ, ਭਾਵੇਂ ਕਿ ਉਹ, ਜਨਤਾ ਵਾਸਤੇ ਨਹੀਂ ਹੁੰਦਾ। ਉਹਨਾਂ ਨੇ ਕਿਰਤੀ ਇਨਕਲਾਬ ਲਈ, ਕਿਰਤੀਆਂ ਨੂੰ ਲਹਿਰ ਵਿਚ ਹਿਸੇਦਾਰ ਬਣ ਕੇ, ਰਾਹ ਪਾ ਦਿੱਤਾ ਹੈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੂੰ ਕਿੰਨੇ ਉਜੱਡਪੁਣੇ ਜਾਂ ਖ਼ੁਦਗਰਜ਼ੀ ਨਾਲ ਆਪਣੇ ਰਾਜਨੀਤਕ ਪ੍ਰੋਗਰਾਮ ਲਈ ਵਰਤਿਆ ਹੈ।… ਇਨਕਲਾਬੀਆਂ ਨੂੰ ‘ਅਹਿੰਸਾ ਦੇ ਫਰਿਸ਼ਤੇ’ ਨੂੰ ਉਸਦਾ ਯੋਗ ਥਾਂ ਦੇਣਾ ਚਾਹੀਦਾ ਹੈ।’’
ਇਤਿਹਾਸਕਾਰ ਸੁਮੇਲ ਸਿੰਘ ਅਨੁਸਾਰ ਇਹ ਸ਼ਬਦ ਕਿਸੇ ਵੀ ਖੱਬੇ-ਪੱਖੀ ਚਿੰਤਕ ਦੁਆਰਾ ਗਾਂਧੀ ਬਾਰੇ ਕੀਤੇ ਗਏ ਮੁਲਾਂਕਣ ਤੋਂ ਜ਼ਿਆਦਾ ਮਹੱਤਵ ਰੱਖਦੇ ਹਨ; ਭਗਤ ਸਿੰਘ ਦਾ ਮੁਲਾਂਕਣ ਸਹੀ ਅਰਥਾਂ ਵਿਚ ਦੁਵੱਲਾ ਤੇ ਵਿਰੋਧ-ਵਿਕਾਸੀ (Dialectical) ਵਿਸ਼ਲੇਸ਼ਣ ਹੈ। ਭਗਤ ਸਿੰਘ ਦਾ ਇਹ ਪਛਾਣਨਾ ਕਿ ‘‘ਗਾਂਧੀਵਾਦ ਆਪਣਾ ਭਾਣਾ ਮੰਨਣ ਦਾ ਮੱਤ ਰੱਖਦੇ ਹੋਏ ਵੀ, ਇਨਕਲਾਬੀ ਵਿਚਾਰਾਂ ਦੇ ਕੁਝ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਉਹ ਜਨਤਕ ਐਕਸ਼ਨ ’ਤੇ ਨਿਰਭਰ ਕਰਦਾ ਹੈ’’ ਅਤਿਅੰਤ ਮਹੱਤਵਪੂਰਨ ਹੈ। ਉਹ ਇਹ ਵੀ ਪਛਾਣਦਾ ਹੈ ਕਿ ‘‘ਉਨ੍ਹਾਂ (ਭਾਵ ਗਾਂਧੀ ਨੇ) ਨੇ ਕਿਰਤੀ ਇਨਕਲਾਬ ਲਈ, ਕਿਰਤੀਆਂ ਨੂੰ ਲਹਿਰ ਵਿਚ ਹਿੱਸੇਦਾਰ ਬਣਾ ਕੇ, ਰਾਹ ਪਾ ਦਿੱਤਾ ਹੈ।’’ ਸਾਨੂੰ ਅਜਿਹੇ ਮੁਲਾਂਕਣ ਦਾ ਹਰਫ਼ ਹਰਫ਼ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਗਾਂਧੀ ਦੇ ਆਜ਼ਾਦੀ ਸੰਗਰਾਮ ਵਿਚ ਆਉਣ ਨਾਲ ਹੀ ਲੋਕ-ਸਮੂਹ ਪਹਿਲੀ ਵਾਰ ਆਜ਼ਾਦੀ ਸੰਘਰਸ਼ ਵਿਚ ਹਿੱਸੇਦਾਰ ਬਣੇ; ਗਾਂਧੀ ਤੋਂ ਪਹਿਲਾਂ ਦੇ ਕਾਂਗਰਸੀ ਆਗੂ ਵਫ਼ਦਾਂ, ਮੀਟਿੰਗਾਂ, ਬੇਨਤੀ ਪੱਤਰਾਂ ਆਦਿ ਰਾਹੀਂ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣੀਆਂ ਚਾਹੁੰਦੇ ਸਨ। ਇਹ ਮੁਲਾਂਕਣ ਇਸ ਲਈ ਅਰਥ ਭਰਪੂਰ ਹੈ ਕਿ ਲੋਕ-ਸਮੂਹ ਮਹਾਤਮਾ ਗਾਂਧੀ ਦੇ ਸੱਦੇ ’ਤੇ ਹੀ ਅੰਦੋਲਨਾਂ ਵਿਚ ਸ਼ਾਮਲ ਹੁੰਦੇ ਸਨ; ਹੋਰ ਆਗੂਆਂ ਵਿਚ ਇਹ ਸਮਰੱਥਾ ਨਹੀਂ ਸੀ ਅਤੇ ਇਹ ਮੁਲਾਂਕਣ ਇਸ ਲਈ ਵੀ ਮਹੱਤਵਪੂਰਨ ਹੈ ਕਿ ਕਿਉਂਕਿ ਉਸ ਸਮੇਂ ਦੇ ਖੱਬੇ-ਪੱਖੀ ਆਗੂ ਗਾਂਧੀ ਨੂੰ ‘ਬੁਰਜ਼ੂਆ’, ‘ਪਿਛਾਂਹਖਿੱਚੂ’ ਜਾਂ ‘ਅੰਗਰੇਜ਼ਾਂ ਦਾ ਪਿੱਠੂ’ ਜਿਹੇ ਲਕਬ ਦੇ ਕੇ ਆਪਣੇ ਆਪ ਨੂੰ ਗਰਮਖਿਆਲੀਏ ਤਾਂ ਅਖਵਾਉਂਦੇ ਸਨ ਪਰ ਲੋਕ-ਸਮੂਹਾਂ ਨੂੰ ਊਰਜਿਤ ਨਹੀਂ ਸਨ ਕਰ ਸਕੇ।
ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਵਿਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਪੰਜਾਬੀਆਂ ਨੂੰ ਆਗਾਹ ਕੀਤਾ ਸੀ, ‘‘ਅਸੀਂ ਜੋ ਕੇ ਪੁਰਾਤਨ ਸਮੇਂ ਦੀ ਟੈਕਸ਼ਿਲਾ ਦੀ ਯੂਨੀਵਰਸਿਟੀ ’ਤੇ ਮਾਣ ਕਰਦੇ ਹਾਂ, ਅੱਜ ਸਭਿਆਚਾਰ ਤੋਂ ਬਿਲਕੁਲ ਕੋਰੇ ਬੈਠੇ ਹਾਂ। ਅਤੇ ਸਭਿਆਚਾਰ ਬਣਾਉਣ ਲਈ ਉੱਚ-ਕੋਟੀ ਦੇ ਸਾਹਿਤ ਦੀ ਲੋੜ ਹੈ ਅਤੇ ਅਜਿਹਾ ਸਾਹਿਤ ਇਕ ਸਾਂਝੀ ਤੇ ਉੱਨਤ ਬੋਲੀ ਤੋਂ ਬਗ਼ੈਰ ਨਹੀਂ ਰਚਿਆ ਜਾ ਸਕਦਾ। ਅਫ਼ਸੋਸ ! ਕਿ ਸਾਡੇ ਪਾਸ ਇਹਨਾਂ ਵਿਚੋਂ ਕੁਝ ਵੀ ਨਹੀਂ !’’
ਭਗਤ ਸਿੰਘ ਉਸ ਸਮੇਂ ਦੇ ਪੰਜਾਬੀ ਸਾਹਿਤ ਨੂੰ ਦੇਖ ਰਿਹਾ ਸੀ ਜੋ ਸਮੇਂ ਦੇ ਹਾਣ ਦਾ ਨਹੀਂ ਸੀ। ਇਸ ਤੋਂ ਵੱਡੀ ਗਵਾਹੀ ਕੀ ਹੋ ਸਕਦੀ ਹੈ ਕਿ ਉਸ ਸਮੇਂ ਦੇ ਕਿਸੇ ਵੀ ‘ਵੱਡੇ’ ਤੇ ‘ਮਹਾਨ’ ਪੰਜਾਬੀ ਕਵੀ ਜਾਂ ਸਾਹਿਤਕਾਰ ਨੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਸ਼ਹੀਦੀ ਬਾਰੇ ਕੋਈ ਕਵਿਤਾ ਜਾਂ ਲੇਖ ਨਹੀਂ ਲਿਖਿਆ; ਇਹ ਕੰਮ ਮੇਲਾ ਰਾਮ ਤਾਇਰ ਜਿਹੇ ਕਵੀਆਂ ਦੇ ਹਿੱਸੇ ਆਇਆ ਜਿਨ੍ਹਾਂ ਨੂੰ ਸਟੇਜੀ ਸ਼ਾਇਰ ਕਹਿ ਕੇ ਛੁਟਿਆਇਆ ਜਾਂਦਾ ਹੈ।
ਭਗਤ ਸਿੰਘ ਦੀਆਂ ਲਿਖਤਾਂ ਸਾਨੂੰ ਇਹ ਸਿਖਾਉਂਦੀਆਂ ਹਨ ਕਿ ਸਾਨੂੰ ਕਿੰਨੀ ਲਗਨ, ਮਿਹਨਤ, ਸਿਦਕ, ਸਿਰੜ ਤੇ ਸ਼ਿੱਦਤ ਨਾਲ ਵੱਖ ਵੱਖ ਸੋਮਿਆਂ ਤੋਂ ਪੈਦਾ ਹੁੰਦੇ ਗਿਆਨ ਨੂੰ ਗ੍ਰਹਿਣ ਕਰਨ ਦੀ ਜ਼ਰੂਰਤ ਹੈ। ਇਸ ਸਮੇਂ ਭਗਤ ਸਿੰਘ ਦੇ ਇਨ੍ਹਾਂ ਸ਼ਬਦਾਂ ਨੂੰ ਵੀ ਯਾਦ ਕਰਨ ਦੀ ਲੋੜ ਹੈ, ‘‘ਮਜ਼ਹਬੀ ਵਹਿਮ ਅਤੇ ਤੁਅੱਸਬ ਸਾਡੀ ਤਰੱਕੀ ਦੀ ਰਾਹ ਵਿਚ ਰੁਕਾਵਟ ਹਨ। ਇਨ੍ਹਾਂ ਨੂੰ ਪਰੇ ਵਗਾਹ ਮਾਰਨਾ ਚਾਹੀਦਾ ਹੈ… ਸਾਡਾ ਅਸਲੀ ਸੰਘਰਸ਼ ਆਪਣੀਆਂ ਕਮਜ਼ੋਰੀਆਂ ਵਿਰੁੱਧ ਹੈ।’’
ਭਗਤ ਸਿੰਘ ਦੀ ਸ਼ਹੀਦੀ ਤੋਂ 57 ਸਾਲ ਬਾਅਦ ਇਸੇ ਦਿਨ ਅਤਿਵਾਦੀਆਂ ਨੇ ਪੰਜਾਬੀ ਦੇ ਜੁਝਾਰੂ ਕਵੀ ਪਾਸ਼ ਤੇ ਉਸ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਸੀ, ਉਹ ਪਾਸ਼ ਜਿਸ ਨੇ ਲਿਖਿਆ ਹੈ, ‘‘ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ/ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ/ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ/… ਸਭ ਤੋਂ ਖ਼ਤਰਨਾਕ ਹੁੰਦਾ ਹੈ/ਸਾਡੇ ਸੁਪਨਿਆਂ ਦਾ ਮਰ ਜਾਣਾ।’’
ਅੱਜ ਅਸੀਂ ਸੁਪਨਿਆਂ ਦੇ ਮਰ ਜਾਣ ਵਾਲੇ ਖ਼ਤਰਨਾਕ ਸਮਿਆਂ ਵਿਚ ਜੀਅ ਰਹੇ ਹਾਂ; ਉਨ੍ਹਾਂ ਸਮਿਆਂ ਵਿਚ ਜਦੋਂ ਸਾਡੇ ਸੁਪਨਿਆਂ ਨੂੰ ਕਦੀ ਪਰਵਾਸ ਉਧਾਲਦਾ ਹੈ, ਕਦੇ ਮਜ਼ਹਬੀ ਤੁਅੱਸਬ ਅਤੇ ਕਦੇ ਨਸ਼ੇ। ਇਨ੍ਹਾਂ ਸਮਿਆਂ ਵਿਚ ਇਹ ਸੋਚਣ ਤੇ ਸਮਝਣ ਦੀ ਜ਼ਰੂਰਤ ਹੈ ਕਿ ਜੇ ਅਸੀਂ ਭਗਤ ਸਿੰਘ ਤੇ ਪਾਸ਼ ਦੇ ਵਾਰਸ ਹੋਣ ਦਾ ਦਮ ਭਰਦੇ ਹਾਂ ਤਾਂ ਅਸੀਂ ਉਸ ਔਖੇ ਬੌਧਿਕ ਜੋਖਮ ਵਿਚੋਂ ਲੰਘੀਏ, ਜਿਨ੍ਹਾਂ ’ਚੋਂ ਉਹ ਖ਼ੁਦ ਲੰਘੇ। ਉਨ੍ਹਾਂ ਦੀਆਂ ਲਿਖਤਾਂ ਵਿਚ ਆਤਮ-ਸੰਘਰਸ਼ ਦੀ ਛਟਪਟਾਹਟ ਸਪੱਸ਼ਟ ਦਿਖਾਈ ਦਿੰਦੀ ਹੈ। ਬੌਧਿਕ ਮੁਸ਼ੱਕਤ ਅਤੇ ਉਸ ’ਚੋਂ ਉਪਜੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਪੂਰੇ ਸਿਰੜ ਨਾਲ ਕੀਤੇ ਜਾਣ ਵਾਲੇ ਕੰਮਾਂ ਤੋਂ ਬਿਨਾਂ ਅਸੀਂ ਆਪਣੇ ਆਪ ਨੂੰ ਅਜਿਹੀਆਂ ਸ਼ਖ਼ਸੀਅਤਾਂ ਦੁਆਰਾ ਕੀਤੇ ਸੰਘਰਸ਼ਾਂ ਦੇ ਵਾਰਸ ਨਹੀਂ ਅਖਵਾ ਸਕਦੇ। ਲੇਖ- ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ
– ਸਵਰਾਜਬੀਰ
-ਲੇਖਕ ਸੀਨੀਅਰ ਪੱਤਰਕਾਰ ਅਤੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹਨ।