ਪੰਜਾਬ ਨੈੱਟਵਰਕ,ਫਿਰੋਜ਼ਪੁਰ
9 ਸਾਲ ਦੀ ਉਮਰ ਵਿੱਚ ਹੀ ਪੰਜਾਬ ਲੈਵਲ ਤੇ ਵੱਡੀ ਜਿੱਤ ਪ੍ਰਾਪਤ ਕਰਨ ਵਾਲੀ ਬੈਡਮਿੰਟਨ ਖਿਡਾਰਨ ਜਪਲੀਨ ਕੌਰ ਦਾ ਸਨਮਾਨ ਜ਼ਿਲ੍ਹਾ ਖੇਡ ਅਫਸਰ ਫਿਰੋਜ਼ਪੁਰ ਅਤੇ ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ ਜਪਲੀਨ ਕੌਰ ਨੇ ਜਲੰਧਰ ਵਿਖੇ ਹੋਏ ਪੰਜਾਬ ਓਪਨ ਸਨਰਾਈਜ਼ਰ ਬੈਡਮਿੰਟਨ ਟੂਰਨਾਮੈਂਟ ਜਿਸ ਵਿੱਚ ਲਗਪਗ ਪੰਜ ਸੌ ਖਿਡਾਰੀਆਂ ਨੇ ਹਿੱਸਾ ਲਿਆ ਸੀ, ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ ਜਪਲੀਨ ਕੌਰ ਨੇ ਸਿਰਫ ਨੌੰ ਸਾਲ ਦੀ ਉਮਰ ਵਿਚ ਗਿਆਰਾਂ ਸਾਲ ਉਮਰ ਵਰਗ ਵਿਚ ਖੇਡਦੇ ਹੋਏ ਆਪਣੇ ਤੋਂ ਵੱਡੀ ਉਮਰ ਦੀ ਖਿਡਾਰਨ ਨੂੰ ਫਾਈਨਲ ਵਿੱਚ ਵੱਡੀ ਚੁਣੌਤੀ ਦਿੱਤੀ ਅਤੇ ਫਿਰੋਜ਼ਪੁਰ ਦਾ ਨਾਂ ਉੱਚਾ ਕਰਦੇ ਹੋਏ ਪੂਰੇ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਪ੍ਰਾਪਤ ਕਰਦੇ ਹੋਏ ਸਿਲਵਰ ਮੈਡਲ ਤੇ ਕਬਜਾ ਕੀਤਾ ਇਹ ਵੱਕਾਰੀ ਟੂਰਨਾਮੈਂਟ ਜਲੰਧਰ ਦੇ ਹੰਸਰਾਜ ਕਾਲਜ ਦੀ ਇੰਡੋਰ ਹਾਲ ਵਿਖੇ ਹੋਇਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਪਲੀਨ ਫਿਰੋਜ਼ਪੁਰ ਦੀ ਅੰਡਰ ਪੰਦਰਾਂ ਦੀ ਵੀ ਜ਼ਿਲ੍ਹੇ ਦੀ ਚੈਂਪੀਅਨ ਹੈ, ਉਸ ਦੀਆਂ ਇਸੇ ਪ੍ਰਾਪਤੀਆਂ ਲਈ ਅੱਜ ਸ਼ਹੀਦ ਭਗਤ ਸਿੰਘ ਇਨਡੋਰ ਹਾਲ ਵਿਖੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਅਤੇ ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਉਸ ਨੂੰ ਸਾਂਝੇ ਤੌਰ ਤੇ ਟਰਾਫੀ ਅਤੇ ਟੀ ਸ਼ਰਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਡਿਸਟ੍ਰਿਕਟ ਬੈੱਡਮਿੰਟਨ ਐਸੋਸੀਏਸ਼ਨ ਦੇ ਸੈਕਟਰੀ ਸ੍ਰੀ ਵਿਨੈ ਵੋਹਰਾ ਨੇ ਕਿਹਾ ਕਿ ਪਿਛਲੇ ਚਾਰ ਪੰਜ ਸਾਲਾਂ ਤੋਂ ਫਿਰੋਜ਼ਪੁਰ ਦੇ ਰਿਜ਼ਲਟ ਬਹੁਤ ਵਧੀਆ ਆ ਰਹੇ ਹਨ ਅਤੇ ਅੱਗੇ ਹੋਰ ਵੀ ਵਧੀਆ ਆਉਣਗੇ। ਉਨ੍ਹਾਂ ਕਿਹਾ ਕਿ ਸਵਰੀਤ ਤੋਂ ਬਾਅਦ ਹੁਣ ਜਪਲੀਨ ਨੇ ਫਿਰੋਜ਼ਪੁਰ ਦਾ ਨਾਂ ਪੰਜਾਬ ਵਿੱਚ ਉੱਚਾ ਚੁੱਕਿਆ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਇਨਡੋਰ ਹਾਲ ਵਿੱਚ ਸ਼ਾਮ ਨੂੰ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਬੱਚਿਆਂ ਨੂੰ ਪ੍ਰੈਕਟਿਸ ਲਈ ਘੱਟ ਸਮਾਂ ਮਿਲਦਾ ਹੈ।
ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੀਜੀ ਬੈਡਮਿੰਟਨ ਕੋਰਟ ਜਿਸ ਵਿੱਚ ਟੇਬਲ ਟੈਨਿਸ ਦੇ ਟੇਬਲ ਲੱਗੇ ਹਨ। ਉਨ੍ਹਾਂ ਨੂੰ ਕਿਤੇ ਹੋਰ ਸ਼ਿਫਟ ਕਰਕੇ ਇਹ ਕੋਰਟ ਵੀ ਬੱਚਿਆਂ ਦੇ ਖੇਡਣ ਲਈ ਮੁਹੱਈਆ ਕਰਵਾਈ ਜਾਵੇ। ਜਿਸ ਨਾਲ ਫਿਰੋਜ਼ਪੁਰ ਦੇ ਨਤੀਜੇ ਇਕੱਲੇ ਸਟੇਟ ਪੱਧਰ ਤੇ ਨਹੀਂ ਸਗੋਂ ਨੈਸ਼ਨਲ ਪੱਧਰ ਤੇ ਵੀ ਹੈਰਾਨੀਜਨਕ ਹੋਣਗੇ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਪਹੁੰਚੇ ਸ੍ਰੀ ਗਗਨ ਮਾਟਾ ਅਤੇ ਗੁਰਜੀਤ ਸਿੰਘ ਨੇ ਵੀ ਖਿਡਾਰਨ ਨੂੰ ਵਧਾਈ ਦਿੱਤੀ ਅਤੇ ਅੱਗੇ ਵੀ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ।
ਇਸ ਮੌਕੇ ਜਪਲੀਨ ਦੇ ਕੋਚ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਫਿਰੋਜ਼ਪੁਰ ਵਿਖੇ ਜਪਲੀਨ ਅਤੇ ਹੋਰ ਖਿਡਾਰੀ, ਉਨ੍ਹਾਂ ਦੀ ਆਪਣੀ ਬੇਟੀ ਸਵਰੀਤ ਦੇ ਰਿਕਾਰਡ ਤੋਡ਼ ਕੇ ਉਸ ਤੋਂ ਕਿਤੇ ਅੱਗੇ ਜਾਣ ਅਤੇ ਇਹ ਕਰਨ ਲਈ ਉਹ ਕੋਈ ਕਸਰ ਨਹੀਂ ਛੱਡਣਗੇ ਨਾਲ ਹੀ, ਉਨ੍ਹਾਂ ਇਹ ਵੀ ਕਿਹਾ ਕਿ ਟੇਬਲ ਟੈਨਿਸ ਜਿਸ ਨੂੰ ਖੇਡਣ ਲਈ ਜ਼ਿਆਦਾ ਉੱਚੀ ਛੱਤ ਦੀ ਲੋੜ ਨਹੀਂ ਹੁੰਦੀ, ਉਸ ਨੂੰ ਕਿਤੇ ਹੋਰ ਸ਼ਿਫਟ ਕਰ ਕੇ ਇਥੇ ਜੋ ਤੀਜੀ ਕੋਰਟ ਹੈ ਉਹ ਬੈਡਮਿੰਟਨ ਦੇ ਖਿਡਾਰੀਆਂ ਨੂੰ ਦਿੱਤੀ ਜਾਵੇ। ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਸੰਧੂ, ਡੀ ਬੀ ਏ ਪ੍ਰਧਾਨ ਮਨੋਜ ਗੁਪਤਾ, ਪ੍ਰੈੱਸ ਸੈਕਟਰੀ ਸੰਜੇ ਕਟਾਰੀਆ ਤੋਂ ਇਲਾਵਾ ਸੀਨੀਅਰ ਮੈਂਬਰ ਮਨੀਸ਼ ਪੁੰਜ ਸੀਨੀਅਰ ਖਿਡਾਰੀ ਬੀਪੀਈਓ ਰਣਜੀਤ ਸਿੰਘ ਵੀ ਹਾਜ਼ਰ ਸਨ।