ਭਾਰਤੀ ਸਟੇਟ ਬੈਂਕ ਸਟਾਫ਼ ਐਸੋਸੀਏਸ਼ਨ ਬਠਿੰਡਾ ਨੇ ਮੋਡਿਊਲ ਦੀ ਜ਼ੋਨਲ ਕਾਨਫਰੰਸ ਕਰਵਾਈ

876

 

ਪੰਜਾਬ ਨੈੱਟਵਰਕ, ਫਿਰੋਜ਼ਪੁਰ-

2 ਅਕਤੂਬਰ ਨੂੰ ਹੋਟਲ H 3, ਨੇੜੇ ਰੇਲਵੇ ਪੁਲ, ਫਿਰੋਜ਼ਪੁਰ ਵਿਖੇ ਬੜੇ ਹੀ ਜੋਸ਼ ਅਤੇ ਭਾਰੀ ਉਤਸਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਇਹ ਉਤਸਾਹ ਭਾਰਤੀ ਸਟੇਟ ਬੈਂਕ ਸਟਾਫ਼ ਐਸੋਸੀਏਸ਼ਨ, ਬਠਿੰਡਾ ਮੋਡਿਊਲ ਦੀ ਜ਼ੋਨਲ ਕਾਨਫਰੰਸ ਜਿਹੜੀ ਕਿ ਇਸ ਵਾਰ ਫ਼ਿਰੋਜ਼ਪੁਰ ਵਿੱਚ ਕਰਵਾਈ ਗਈ ਸੀ, ਵਿੱਚ ਉਚੇਚੇ ਤੌਰ ਤੇ ਪਹੁੰਚੇ ਸਾਰੇ ਸਟਾਫ਼ ਦੇ ਹਰਮਨ ਪਿਆਰੇ ਲੀਡਰ ਕਾਮਰੇਡ ਸੰਜੀਵ ਕੁਮਾਰ ਬੰਦਲਿਸ਼ ਨੂੰ ਮਿਲਣ ਅਤੇ ਓਹਨਾਂ ਦੇ ਵਿਚਾਰ ਸੁਣਨ ਦਾ ਸੀ।

ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਕਾਮਰੇਡ ਸੰਜੀਵ ਕੁਮਾਰ ਬੰਦਲਿਸ਼ ਜਨਰਲ ਸਕੱਤਰ, ਸਟਾਫ਼ ਐਸੋਸੀਏਸ਼ਨ ਭਾਰਤੀ ਸਟੇਟ ਬੈਂਕ, ਚੰਡੀਗੜ੍ਹ ਸਰਕਲ , ਜਨਰਲ ਸਕੱਤਰ,ਆਲ ਇੰਡੀਆ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਫੈਡਰੇਸ਼ਨ, ਜਨਰਲ ਸਕੱਤਰ ਨੈਸ਼ਨਲ ਕਨਫੈਡਰੇਸ਼ਨ ਆਫ਼ ਬੈਂਕ ਇੰਪਲਾਈਜ਼ ਅਤੇ ਯੂਨਾਈਟਡ ਫ਼ੋਰਮ ਆਫ਼ ਬੈਂਕ ਯੂਨੀਅਨ ਦੇ ਕਨਵੀਨਰ ਹਨ।

ਇਸ ਮੌਕੇ ਤੇ ਓਹਨਾਂ ਦੇ ਨਾਲ ਸ. ਇਕਬਾਲ ਸਿੰਘ ਮੱਲ੍ਹੀ, ਸਰਕਲ ਪ੍ਰਧਾਨ, ਐਸ ਬੀ ਆਈ ਐਸ ਏ, ਚੰਡੀਗੜ੍ਹ ਸਰਕਲ, ਸ਼੍ਰੀ ਐਸ ਕੇ ਝਿੰਘਨ, ਉਪ ਪ੍ਰਧਾਨ, ਐਸ ਬੀ ਆਈ ਐਸ ਏ, ਚੰਡੀਗੜ੍ਹ ਸਰਕਲ, ਸ਼੍ਰੀ ਮੋਹਿੰਦਰ ਪਾਲ ਚੋਪੜਾ, ਰੀਜਨਲ ਮੈਨੇਜਰ, ਫਿਰੋਜ਼ਪੁਰ, ਸ਼੍ਰੀ ਕ੍ਰਾਂਤੀ ਰਾਏ, ਡੀ. ਜੀ. ਐੱਸ., ਸ਼੍ਰੀ ਵਿਨੈ ਡੋਗਰਾ, ਡੀ. ਜੀ. ਐੱਸ, ਸ. ਰਮਨਦੀਪ ਸਿੰਘ, ਡੀ. ਜੀ. ਐੱਸ, ਸ਼੍ਰੀ ਰਾਕੇਸ਼ ਜੈਨ, ਏ. ਜੀ. ਐੱਸ ਅਤੇ ਸ. ਇੰਦਰਜੀਤ ਸਿੰਘ, ਏ.ਜੀ. ਐਸ, ਰੋਹਿਤ ਧਵਨ, ਰੀਜਨਲ ਸਕੱਤਰ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਐਸੋਸੀਏਸ਼ਨ ਦੀ ਅਹੁਦੇਦਾਰ ਵੀ ਇਸ ਕਾਨਫਰੰਸ ਵਿੱਚ ਪਹੁੰਚੇ।

ਇਸ ਮੌਕੇ ਤੇ ਸ਼੍ਰੀ ਬੰਦਲਿਸ਼ ਦੁਆਰਾ ਸਾਰੇ ਸਾਥੀ ਸਟਾਫ਼ ਮੈਂਬਰਾਂ ਨੂੰ ਬੈਂਕਿੰਗ ਸੈਕਟਰ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਹਨਾਂ ਤਬਦੀਲੀਆਂ ਨਾਲ ਸਟਾਫ਼ ਕਿਵੇਂ ਪ੍ਰਭਾਵਿਤ ਹੋ ਰਿਹਾ ਹੈ, ਉਸ ਬਾਰੇ ਵੀ ਦੱਸਿਆ। ਓਹਨਾਂ ਕਿਹਾ ਕਿ ਯੂਨੀਅਨ ਦੁਆਰਾ ਹਮੇਸ਼ਾਂ ਤੋਂ ਸਟਾਫ਼ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਅਤੇ ਸਾਰੇ ਸਟਾਫ਼ ਮੈਂਬਰਾਂ ਨੂੰ ਹਮੇਸ਼ਾਂ ਓਹਨਾਂ ਦੇ ਹੱਕਾਂ ਬਾਰੇ ਜਾਣੂੰ ਕਰਵਾਇਆ ਜਾਂਦਾ ਹੈ।

ਓਹਨਾਂ ਇਹ ਵੀ ਦੱਸਿਆ ਕਿ ਤਨਖਾਹ ਵਿੱਚ ਸੋਧ ਜਿਹੜਾ ਕਿ ਨਵੰਬਰ 2022 ਤੋਂ ਲਾਗੂ ਹੋਵੇਗਾ, ਵਿੱਚ ਸਟਾਫ਼ ਲਈ ਵੱਧ ਤੋਂ ਵੱਧ ਫ਼ਾਇਦਾ ਦਵਾਉਣ ਲਈ ਐਸੋਸੀਏਸ਼ਨ ਦੁਆਰਾ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਲਾਗੂ ਕਰਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ।

ਇਸ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਹੋਰ ਵੀ ਬਹੁਤ ਸਾਰੇ ਬੁਲਾਰਿਆਂ ਨੇ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਸਟਾਫ਼ ਨੂੰ ਜਾਣੂੰ ਕਰਵਾਇਆ ਅਤੇ ਹਮੇਸ਼ਾਂ ਆਪਣੇ ਹੱਕਾਂ ਦੀ ਰਾਖੀ ਲਈ ਡਟ ਕੇ ਰਹਿਣ ਲਈ ਸਭ ਨੂੰ ਪ੍ਰੇਰਿਤ ਕੀਤਾ। ਫ਼ਿਰੋਜ਼ਪੁਰ ਵਿਖੇ ਹੋਈ ਭਾਰਤੀ ਸਟੇਟ ਬੈਂਕ, ਸਟਾਫ਼ ਐਸੋਸੀਏਸ਼ਨ ਦੀ ਇਹ ਜ਼ੋਨਲ ਕਾਨਫਰੰਸ ਬਹੁਤ ਹੀ ਵਧੀਆ ਅਤੇ ਸਫ਼ਲ ਹੋ ਨਿਬੜੀ।