ਪੰਜਾਬ ‘ਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਸੂਬਾ ਪੱਧਰੀ ਧਰਨੇ

379

 

  • ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਪੰਜਾਬ ਪੱਧਰ ਤੇ ਸ਼ੁਰੂ ਕੀਤੇ ਰੋਸ ਪ੍ਰਦਰਸ਼ਨ

ਦਲਜੀਤ ਕੌਰ, ਚੰਡੀਗੜ੍ਹ

ਪਿਛਲੇ ਦਿਨੀ ਭਾਕਿਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਦੋਆਬਾ ਕਿਸਾਨ ਯੂਨੀਅਨ ਦੇ ਸਤਨਾਮ ਸਿੰਘ ਸਾਹਨੀ, ਮਾਲਵਾ ਕਿਸਾਨ ਯੂਨੀਅਨ ਦੇ ਬਿੰਦਰ ਸਿੰਘ ਗੋਲੇਵਾਲਾ ਦੀ ਪ੍ਰਧਾਨਗੀ ਹੇਠ ਹੋਈ ਸੰਯੁਕਤ ਮੋਰਚਾ ਪੰਜਾਬ ਦੀ ਮੀਟਿੰਗ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਵੱਖ-ਵੱਖ ਆਪ ਦੇ ਮੰਤਰੀਆਂ ਅਤੇ ਭਾਜਪਾ ਦੇ ਪ੍ਰਮੁੱਖ ਆਗੂਆਂ ਦੇ ਘਰਾਂ ਦਾ ਘਿਰਾਓ ਦਾ ਪ੍ਰੋਗਰਾਮ 11, 12,1 3 ਸਤੰਬਰ ਨੂੰ ਰੱਖਿਆ ਗਿਆ ਸੀ ਜਿਸ ਤਹਿਤ ਅੱਜ ਰੋਸ਼ ਪ੍ਰਦਰਸ਼ਨ ਪੰਜਾਬ ਪੱਧਰ ਸ਼ੁਰੂ ਕੀਤੇ ਗਏ ਹਨ।

ਇਸ ਲੜੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ, ਪਟਿਆਲਾ ਤੋ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਕੋਠੀ, ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਅੱਗੇ, ਮੋਹਾਲੀ ਵਿਖੇ ਮੰਤਰੀ ਅਨਮੋਲ ਗਗਨ ਮਾਨ ਦੀ ਕੋਠੀ, ਮਾਨਸਾ ਦੇ ਪ੍ਰਿੰਸੀਪਲ ਬੁੱਧਰਾਮ ਦੇ ਘਰ ਅੱਗੇ, ਬਰਨਾਲਾ ਤੋ ਕੈਬਿਨਟ ਮੰਤਰੀ ਮੀਤ ਹੇਅਰ ਦੇ ਗ੍ਰਹਿ ਅੱਗੇ, ਮੁਕਤਸਰ ਵਿੱਖੇ ਗੁਰਮੀਤ ਖੁੱਡੀਆਂ ਦੇ ਘਰ ਅੱਗੇ, ਫਰੀਦਕੋਟ ਦੇ ਕੁਲਤਾਰ ਸੰਧਵਾ ਦੇ ਘਰ ਅੱਗੇ, ਤਰਨਤਾਰਨ ਤੋ ਲਾਲਜੀਤ ਭੁੱਲਰ ਦੀ ਕੋਠੀ ਅੱਗੇ, ਬਟਾਲਾ ਤੋਂ ਮੰਤਰੀ ਲਾਲ ਚੰਦ ਕਟਾਰੂਚੱਕ, ਫਾਜ਼ਿਲਕਾ ਤੋਂ ਭਾਜਪਾ ਦੇ ਸੰਜੀਵ ਜਾਖੜ, ਫਿਰੋਜ਼ਪੁਰ ਦੇ ਭਾਜਪਾ ਆਗੂ ਰਾਣਾ ਸੋਢੀ, ਸੁਲਤਾਨਪੁਰ ਲੋਧੀ ਤੋ ਸੰਤ ਸੀਚੇਵਾਲ ਦੇ ਗ੍ਰਹਿ ਵਿਖੇ, ਹੁਸ਼ਿਆਰਪੁਰ ਵਿੱਚ ਮੰਤਰੀ ਪ੍ਰਭ ਸ਼ੰਕਰ ਜਿੰਪਾ, ਜਗਰਾਉਂ ਤੋ ਸਰਬਜੀਤ ਕੌਰ ਮਾਣੂਕੇ ਦੇ ਗ੍ਰਹਿ ਅੱਗੇ, ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ, ਰੋਪੜ ਤੋਂ ਹਰਜੋਤ ਬੈਂਸ, ਮੋਗਾ ਤੋ ਲਾਡੀ ਧੋਸ ਆਦਿ ਆਪ ਤੇ ਭਾਜਪਾ ਆਗੂਆਂ ਦੇ ਘਰ ਅੱਗੇ ਰੋਸ਼ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਹਨ।

ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਪੈਕੇਜ ਨਾ ਐਲਾਨਿਆ ਤਾਂ ਇਸ ਸੰਘਰਸ਼ ਦੀ ਅਗਲੀ ਰੂਪ ਰੇਖਾ 13 ਤਰੀਕ ਨੂੰ ਸੰਯੁਕਤ ਮੋਰਚਾ ਪੰਜਾਬ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਤਹਿ ਕੀਤੀ ਜਾਵੇਗੀ। ਇੱਥੇ ਦੱਸਣਯੋਗ ਹੈ ਕਿ ਸੰਯੁਕਤ ਮੋਰਚਾ ਪੰਜਾਬ ਦੀ ਮੰਗ ਹੈ ਕਿ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਨ੍ਹਾਂ ਹੜ੍ਹਾਂ ਨੂੰ ਫੌਰੀ ਕੌਮੀ ਆਫਤ ਐਲਾਨ ਕਰਕੇ ਪੰਜਾਬ ਨੂੰ ਦੱਸ ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਦੇਵੇ।