“ਵਾਅਦਾ ਖਿਲਾਫੀ ਬੰਦ ਕਰੋ”! ਭਗਵੰਤ ਮਾਨ ਦੀ ਰੈਲੀ ਦੇ ਪੰਡਾਲ ‘ਚ ਗੂੰਜੇ ਨਾਅਰੇ, ਬੇਰੁਜ਼ਗਾਰ ਅਧਿਆਪਕਾਂ ਨੂੰ ਥਾਣੇ ਡੱਕਿਆ

 

“ਵਾਅਦਾ ਖਿਲਾਫੀ ਬੰਦ ਕਰੋ”! ਭਗਵੰਤ ਮਾਨ ਦੀ ਰੈਲੀ ਦੇ ਪੰਡਾਲ ਵਿੱਚ ਗੂੰਜੇ ਨਾਅਰੇ, ਬੇਰੁਜ਼ਗਾਰ ਅਧਿਆਪਕਾਂ ਨੂੰ ਥਾਣੇ ਡੱਕਿਆ

ਮੁੱਖ ਮੰਤਰੀ ਦੀ ਵਾਪਸ ਉਡਾਰੀ ਤੋਂ ਬਾਅਦ ਅਧਿਆਪਕਾਂ ਨੂੰ ਛੱਡਿਆ!

ਪਰਮਜੀਤ ਢਾਬਾਂ

ਫਾਜ਼ਿਲਕਾ, 2 ਅਪ੍ਰੈਲ 2026- ਫਾਜ਼ਿਲਕਾ ਵਿਖੇ ਵਿਕਾਸ ਕਾਰਜਾਂ ਦੇ ਨਾਮ ‘ਤੇ ਕੀਤੀ ਗਈ ਰੈਲੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੰਬੋਧਨ ਕਰਨ ਮੌਕੇ ਬੇਰੁਜ਼ਗਾਰ ਬੀ.ਐਡ ਟੈਟ ਪਾਸ ਅਧਿਆਪਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਜਿੱਥੇ ਆਵਾਜ਼ ਬੁਲੰਦ ਕੀਤੀ ਗਈ, ਉੱਥੇ ਵਾਅਦਾ ਖਿਲਾਫੀ ਖਿਲਾਫ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਨਾਅਰੇ ਲਗਾਏ ਗਏ।

ਜਦੋਂ ਭਰਵੇਂ ਪੰਡਾਲ ਦੇ ਵਿੱਚੋਂ ਇੱਕਦਮ ਉੱਠੇ ਬੇਰੁਜ਼ਗਾਰ ਅਧਿਆਪਕਾਂ ਨੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤਾਂ, ਉੱਥੇ ਮੌਜੂਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਭਾਵੇਂਕਿ ਬੇਰੁਜ਼ਗਾਰ ਅਧਿਆਪਕ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਸ ਦਰਜ ਕਰਵਾਉਣ ਅਤੇ ਆਪਣੀਆਂ ਮੰਗਾਂ ਪ੍ਰਤੀ ਮੁੱਖ ਮੰਤਰੀ ਦੇ ਸਾਹਮਣੇ ਨਾਅਰੇ ਸ਼ਾਂਤਮਈ ਢੰਗ ਨਾਲ ਲਗਾ ਰਹੇ ਸਨ, ਪਰੰਤੂ ਉਸ ਤੋਂ ਬਾਅਦ ਪੰਡਾਲ ਵਿੱਚੋਂ ਪੁਲਿਸ ਉਹਨਾਂ ਨੂੰ ਫੜ ਕੇ ਫਾਜ਼ਿਲਕਾ ਥਾਣਾ ਖੂਹੀ ਖੇੜਾ ਵਿਖੇ ਲੈ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੰਤ ਸਿੰਘ ਘੁਬਾਇਆ, ਸੂਬਾਈ ਆਗੂ ਨਛੱਤਰ ਸਿੰਘ, ਕਾਲਾ ਸਿੰਘ, ਕੁਲਦੀਪ ਸਿੰਘ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਕਈ ਵਾਰ ਸਿੱਖਿਆ ਮੰਤਰੀ ਅਤੇ ਹੋਰ ਮੰਤਰੀਆਂ ਨਾਲ ਮੀਟਿੰਗਾਂ ਕਰ ਚੁੱਕੇ ਹਨ, ਪਰੰਤੂ ਲਾਰਿਆਂ ਤੋਂ ਸਿਵਾਏ ਉਹਨਾਂ ਨੂੰ ਅਜੇ ਤੱਕ ਕੁਝ ਨਹੀਂ ਦਿੱਤਾ ਗਿਆ।

ਉਹਨਾਂ ਕਿਹਾ ਕਿ ਇਸ ਸਬੰਧੀ ਰੋਸ ਦਰਜ ਕਰਵਾਉਣ ਲਈ ਉਹ ਅੱਜ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਸਨ, ਪ੍ਰੰਤੂ ਪੁਲਿਸ ਉਹਨਾਂ ਨੂੰ ਪਹਿਲਾਂ ਅਣਦੱਸੀ ਜਗ੍ਹਾ ‘ਤੇ ਲੈ ਗਈ ਅਤੇ ਫਿਰ ਉਹਨਾਂ ਨੂੰ ਖੋਈ ਖੇੜਾ ਥਾਣਾ ਵਿੱਚ ਬੰਦ ਕਰ ਦਿੱਤਾ ਗਿਆ।

ਉਹਨਾਂ ਦੱਸਿਆ ਕਿ ਹੁਣ ਦੇਰ ਸ਼ਾਮ ਉਹਨਾਂ ਨੂੰ ਪੁਲਿਸ ਨੇ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਸਬਕ ਸਿਖਾਉਣ ਲਈ ਉਹ ਪੂਰੇ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ।