ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੂੰ ਗਿਰਫ਼ਤਾਰ ਕਰਨ ਦੇ ਰੋਸ ਵਜੋਂ ਕਾਲਜ ਦੇ ਗੇਟ ਸਾਹਮਣੇ ਅਰਥੀ ਫੂਕ ਪ੍ਰਦਰਸ਼ਨ
ਪੰਜਾਬ ਪੁਲਿਸ ਦੀ ਗੁੰਡਾਗਰਦੀ ਨਹੀਂ ਕਰਾਂਗੇ ਬਰਦਾਸ਼ਤ – ਮਮਤਾ ਲਾਧੂਕਾ
ਫਾਜ਼ਿਲਕਾ
ਆਮ ਆਦਮੀ ਪਾਰਟੀ ਦੇ MLA ਅਮੋਲਕ ਸਿੰਘ ਦੀ ਸ਼ੈਅ ‘ਤੇ ਪੰਜਾਬ ਪੁਲਿਸ ਵੱਲੋਂ ਯੂਨੀਵਰਸਿਟੀ ਕਾਲਜ ਜੈਤੋ ਵਿੱਚ ਗੁੰਡਾਗਰਦੀ ਕਰਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਖ਼ਿਲਾਫ਼ ਐਮ.ਆਰ ਸਰਕਾਰੀ ਕਾਲਜ ਫਾਜ਼ਿਲਕਾ ਵਿੱਚ ਰੋਸ ਰੈਲੀ ਕਰਕੇ ਐਮ.ਐਲ.ਏ ਅਮੋਲਕ ਸਿੰਘ ਅਤੇ ਪੰਜਾਬ ਪੁਲਿਸ ਦੀ ਅਰਥੀ ਫੂਕੀ ਗਈ ਅਤੇ ਮੰਗ ਕੀਤੀ ਗਈ ਕਿ ਵਿਦਿਆਰਥੀ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਨਹੀਂ ਤਾਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਪੰਜਾਬ ਵਿੱਚ ਬਣਾਏ ਜਾ ਰਹੇ ਪੰਜਾਬ ਪੁਲਿਸ ਦੀ ਦਹਿਸ਼ਤ ਦੇ ਮਾਹੌਲ ਨੂੰ ਵਿਦਿਆਰਥੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮਮਤਾ ਲਾਧੂਕਾ, ਜ਼ਿਲ੍ਹਾ ਆਗੂ ਆਦਿਤਿਆ ਫਾਜ਼ਿਲਕਾ ਅਤੇ ਦਿਲਕਰਨ ਰਤਨਪੁਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਲਗਾਤਾਰ ਪੁਲੀਸ ਰਾਜ ਵਿੱਚ ਤਬਦੀਲ ਕਰਦਿਆਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਹੁਤ ਵੱਡੇ ਵੱਡੇ ਦਾਅਵੇ ਨਾਲ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾ ਕੇ ਸੱਤਾ ‘ਤੇ ਕਾਬਜ ਹੋਈ ਸੀ।
ਪਰ ਅੱਜ ਭਗਤ ਸਿੰਘ ਦੀ ਵਿਚਾਰਧਾਰਾ ਦੇ ਬਿਲਕੁੱਲ ਉੱਲਟ ਕੰਮ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਖੁਦ ਧਰਨਿਆਂ ਤੋਂ ਨਿੱਕਲੀ ਪਾਰਟੀ ਹੈ ਤੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਪਾਰਟੀ ਵੱਲੋਂ ਆਪਣੇ ਹੱਕਾਂ ਦੇ ਪ੍ਰਤੀ ਲੜਨ ਵਾਲੇ ਲੋਕਾਂ ਦੇ ਉੱਪਰ ਲਗਾਤਾਰ ਤਸ਼ੱਦਦ ਢਾਇਆ ਜਾ ਰਿਹਾ ਹੈ ਤੇ ਝੂੱਠੇ ਪਰਚੇ ਪਾ ਕੇ ਜੇਲ੍ਹਾਂ ਵਿੱਚ ਬੰਦ ਕਿੱਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਹਰ ਧਰਨੇ ਨੂੰ ਡੰਡੇ ਅਤੇ ਗਿਰਫ਼ਤਾਰੀਆਂ ਦੇ ਜ਼ੋਰ ‘ਤੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਅਰਸ਼ਦੀਪ ਸਿੰਘ, ਗੁਰਪ੍ਰੀਤ ਬਾਹਮਣੀ, ਰੇਣੂ ਰਾਣੀ ਅਤੇ ਪ੍ਰਿਅੰਕਾ ਰਾਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਜੈਤੋ ਦੇ ਐਮ.ਐੱਲ.ਏ ਅਮੋਲਕ ਸਿੰਘ ਲਗਾਤਾਰ ਆਪਣੀ ਗੁੰਡਾਗਰਦੀ ਕਰ ਰਿਹਾ ਹੈ ਜਿਸਦੇ ਤਹਿਤ ਹੀ ਅਮੋਲਕ ਸਿੰਘ ਦੀ ਸ਼ੈਅ ਉੱਪਰ ਪੰਜਾਬ ਪੁਲੀਸ ਵੱਲੋਂ ਯੂਨਿਵਰਸਿਟੀ ਕਾਲਜ ਜੈਤੋ ਵਿੱਚ ਗੁੰਡਾਗਰਦੀ ਕਰਕੇ ਦਹਿਸ਼ਤ ਦਾ ਮਾਹੌਲ ਬਣਾਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੂੰ ਗਿਰਫ਼ਤਾਰ ਕੀਤਾ ਗਿਆ।
ਜਿਸਦੀ ਉਹ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਅਤੇ ਓਹਨਾ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ‘ਤੇ ਚੱਲਣ ਵਾਲੀ ਜੱਥੇਬੰਦੀ ਹੈ ਸਰਕਾਰ ਜਾ ਫਿਰ ਪ੍ਰਸ਼ਾਸ਼ਨ ਜੇਲ੍ਹਾਂ ਵਿੱਚ ਬੰਦ ਕਰਕੇ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਆਗੂਆਂ ਨੇ ਗਿਰਫ਼ਤਾਰ ਕੀਤੇ ਗਏ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਤੇ ਕਿਹਾ ਜੇਕਰ ਜਲਦ ਆਗੂਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਤਿੱਖਾ ਕਰਨਗੇ।
ਜਿਕਰਯੋਗ ਹੈ ਕਿ ਆਉਣ ਵਾਲੀ 25 ਮਾਰਚ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਬਾਹਰ ਪੰਜਾਬ ਸਰਕਾਰ ਵੱਲੋਂ ਆਪਣੀ ਸਿੱਖਿਆ ਨੀਤੀ ਆਪ ਬਣਾਉਣ, ਸਿੱਖਿਆ ਨੂੰ ਰਾਜ ਸੂਚੀ ਵਿੱਚ ਸ਼ਾਮਲ ਕਰਨ, ਪੰਜਾਬ ਵਾਸੀਆਂ ਲਈ ਨੌਕਰੀਆਂ ਵਿੱਚ 90% ਰਾਖਵਾਂਕਰਨ ਦਾ ਕਾਨੂੰਨ ਬਣਾਉਣ ਤੇ ਪੰਜਾਬੀ ਦੇ ਨੰਬਰ ਮੈਰਿਟ ਲਿਸਟ ਵਿੱਚ ਜੋੜੇ ਜਾਣ ਅਤੇ ਪੰਜਾਬ ਵਿੱਚ ਨੌਜਵਾਨਾਂ ਦੇ ਝੂੱਠੇ ਪੁਲੀਸ ਮੁਕਾਬਲੇ ਤੇ ਹਿਰਾਸਤੀ ਕਤਲ ਦੀ ਨਿਆਇਕ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਜੋਨ ਪੱਧਰੀ ਇੱਕਠ ਕੀਤਾ ਜਾ ਰਿਹਾ ਹੈ। ਜਿਸ ਦੇ ਦਬਾਅ ਸਦਕਾ ਜੈਤੋ ਪੁਲਿਸ ਵੱਲੋਂ ਵਿਦਿਆਰਥੀ ਆਗੂਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਜੋਂ ਕਿ ਬਹੁਤ ਨਿੰਦਣਯੋਗ ਹੈ।
ਅੰਤ ਵਿੱਚ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੀ 25 ਮਾਰਚ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦੇ ਬਾਹਰ ਹੋਣ ਵਾਲੇ ਜੋਨ ਪੱਧਰੀ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਅਰਸ਼ਦੀਪ ਸਿੰਘ, ਸਾਜਨ ਸਿੰਘ, ਸੰਜੂ ਸਿੰਘ, ਰਮਨ ਸਿੰਘ, ਸੂਰਜ, ਆਕਾਸ਼, ਰਣਜੋਤ, ਜਸਵੀਰ, ਸੰਤੋਸ਼, ਸਰਬਜੀਤ, ਸੋਨੀਆ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।






