ਪੰਜਾਬ ਸਰਕਾਰ ਵੱਲੋਂ ਸੰਘਰਸ਼ੀ ਅਧਿਆਪਕ ਦੀਆਂ ਸੇਵਾਵਾਂ ਖਤਮ ਕਰਨ ਦੀਆਂ ਧਮਕੀਆਂ! DTF ਨੇ ਸਾੜੇ ਨੋਟਿਸ

336

 

Teacher Services Terminated: Threats to terminate the services of the struggling teacher by the Punjab government! Notice burned by DTF

ਪੰਜਾਬ ਨੈੱਟਵਰਕ, ਮਾਨਸਾ

Teacher Services Terminated: ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ 105 ਦਿਨਾਂ ਤੋਂ ਖੁਰਾਣਾ (ਸੰਗਰੂਰ) ਵਿਖੇ ਟੈਂਕੀ ‘ਤੇ ਚੜ੍ਹੇ ਹੋਏ ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ ਦੇ ਆਗੂ ਇੰਦਰਜੀਤ ਡੇਲੂਆਣਾ ਦੀਆਂ ਪੰਜਾਬ ਸਰਕਾਰ ਵੱਲੋਂ ਸੇਵਾਵਾਂ ਖਤਮ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਵਿਰੁੱਧ ਮਾਨਸਾ ਵਿਖੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ‘ਤੇ ਨੋਟਿਸ ਦੀਆਂ ਕਾਪੀਆਂ ਫੂਕਦਿਆਂ ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸੰਘਰਸ਼ੀ ਅਧਿਆਪਕ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਤਾਂ ਸੂਬੇ ਭਰ ਤਿੱਖਾ ਅੰਦੋਲਨ ਵਿਢਿਆ ਜਾਵੇਗਾ।

ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੀ ਆਪ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਿਆ ਹੈ,ਹਕੂਮਤ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਥਾਂ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਰ ਪੰਜਾਬ ਦੇ ਸੰਘਰਸ਼ੀ ਅਧਿਆਪਕ ਬਦਲਾਅ ਵਾਲੀ ਝੂਠੀ ਸਰਕਾਰ ਦਾ ਜਲੂਸ ਕੱਢਕੇ ਰਹਿਣਗੇ।

ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੀਨੀਅਰ ਆਗੂਆਂ ਗੁਰਦਾਸ ਸਿੰਘ, ਗੁਰਪ੍ਰੀਤ ਸਿੰਘ, ਬੀ ਐੱਡ ਫਰੰਟ ਦੇ ਜ਼ਿਲ੍ਹਾ ਆਗੂ ਨਿਤਿਨ ਸੋਢੀ, ਦਰਸ਼ਨ ਅਲੀਸ਼ੇਰ, ਡੀ ਟੀ ਐੱੱਫ ਆਗੂ ਪਰਵਿੰਦਰ ਸਿੰਘ ਨੇ ਕਿਹਾ ਕਿ ਨੌਕਰੀਆਂ ਦੇਣ ਵਾਲੀ ਪੰਜਾਬ ਸਰਕਾਰ ਦਾ ਹਰਾ ਪੈੱਨ ਹੁਣ ਸਭਨਾਂ ਵਰਗਾਂ ਲਈ ਖੂਨੀ ਪੈੱਨ ਸਾਬਤ ਹੋ ਰਿਹਾ, ਜੋ ਰੁਜ਼ਗਾਰ ਦੇਣ ਦੀਆਂ ਥਾਂ ਸਗੋਂ ਨਿਗੂਣੀਆਂ ਤਨਖਾਹਾਂ ‘ਤੇ ਪੰਦਰਾਂ ਪੰਦਰਾਂ ਵਰ੍ਹਿਆਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਅਧਿਆਪਕਾਂ ਨੂੰ ਘਰ ਤੋਰਨ ਦਾ ਕੰਮ ਕਰ ਰਿਹਾ ਹੈ।

ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਆਗੂ ਮਨਪ੍ਰੀਤ ਗੜੱਦੀ, ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਹਕੂਮਤਾਂ ਦੀਆਂ ਧਮਕੀਆਂ ਤੋ ਡਰਨ ਵਾਲੇ ਨਹੀਂ ਸਗੋਂ ਹੱਕੀ ਮੰਗਾਂ ਲਈ ਕਿਸੇ ਵੀ ਕੁਰਬਾਨੀ ਤੋਂ ਪਿਛੇ ਨਹੀਂ ਹਟਣਗੇ। ਇਸ ਮੌਕੇ ਸੀਨੀਅਰ ਆਗੂ ਗੁਰਤੇਜ ਸਿੰਘ ਉੱਭਾ, ਗੁਰਜੀਤ ਸਿੰਘ ਤਾਮਕੋਟ, ਨਛੱਤਰ ਸਿੰਘ ਖੀਵਾ, ਰਾਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।