Teacher’s Day: ਵਿਦਿਆਰਥੀਆਂ ਦੇ ਨਾਂ ਇੱਕ ਖ਼ਤ….

273

 

ਵਿਦਿਆਰਥੀਆਂ ਦੇ ਨਾਂ ਇੱਕ ਖ਼ਤ
ਪਿਆਰੇ ਵਿਦਿਆਰਥੀਓ,
ਬਹੁਤ ਬਹੁਤ ਪਿਆਰ ਅਤੇ ਦੁਆਵਾਂ।

ਤੁਸੀਂ ਸਾਰੇ ਜਾਣਦੇ ਹੀ ਹੋ ਕਿ 5 ਸਤੰਬਰ ਹਰ ਸਾਲ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦਾ ਜਨਮ ਦਿਨ ਹੁੰਦਾ ਹੈ ਜੋ ਕਿ ਚਾਲੀ ਸਾਲ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ। ਉਹ ਅਧਿਆਪਕ ਹੋਣ ਦੇ ਨਾਲ ਨਾਲ ਮਹਾਨ ਦਾਰਸ਼ਨਿਕ ਅਤੇ ਰਾਜਨੇਤਾ ਵੀ ਸਨ। ਦੇਸ਼ ਦੇ ਰਾਸ਼ਟਰਪਤੀ ਵੀ ਰਹੇ। ਇਸ ਦਿਨ ਅਖ਼ਬਾਰ ਮੈਗਜ਼ੀਨ ਅਧਿਆਪਕ ਨਾਲ ਸੰਬੰਧਿਤ ਲੇਖਾਂ ਚਰਚਾਵਾਂ ਨਾਲ ਭਰੇ ਹੁੰਦੇ ਹਨ। ਤੁਸੀਂ ਵੀ ਇਸ ਦਿਨ ਆਪਣੇ ਅਧਿਆਪਕ ਅਧਿਆਪਕਾਵਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋ।

ਆਮ ਕਰਕੇ ਉਹਨਾਂ ਨੂੰ ਤੁਸੀਂ ਖੁਦ ਅਧਿਆਪਕ ਬਣ ਕੇ ਦਿਖਾਉਂਦੇ ਹੋ। ਤੁਸੀਂ ਉਹਨਾਂ ਦੀ ਥਾਂ ਖੁਦ ਪੜ੍ਹਾ ਕੇ ਖੁਸ਼ੀ ਮਹਿਸੂਸ ਕਰਦੇ ਹੋ। ਇਸ ਦਿਨ ਅਧਿਆਪਕਾਂ ਸੰਬੰਧੀ ਬੜਾ ਕੁੱਝ ਛਪਦਾ ਹੈ। ਤੁਸੀਂ ਵੀ ਪੜ੍ਹਦੇ ਸੁਣਦੇ ਹੋਵੋਗੇ। ਕਾਫ਼ੀ ਬੱਚੇ ਆਪਣੇ ਅਧਿਆਪਕਾਂ ਨੂੰ ਆਪਣੇ ਹੱਥੀਂ ਕਾਰਡ ਤਿਆਰ ਕਰਕੇ ਉਹਨਾਂ ਨੂੰ ਬੜੇ ਖੂਬਸੂਰਤ ਢੰਗ ਨਾਲ ਸਜਾ ਕੇ ਬੜੀ ਹੀ ਸੁਹਣੀ ਲਿਖਾਈ ਵਿੱਚ ਕੁੱਝ ਲਿਖ ਕੇ ਦਿੰਦੇ ਹਨ। ਤੁਸੀਂ ਉਸ ਦਿਨ ਪੂਰੇ ਖੁਸ਼ ਹੁੰਦੇ ਹੋ ਅਤੇ ਅਧਿਆਪਕ ਵੀ ਖੁਸ਼ ਹੁੰਦੇ ਹਨ। ਮੈਨੂੰ ਪਤੈ ਤੁਸੀਂ ਹਰ ਰੋਜ਼ ਐਨੇ ਖੁਸ਼ ਨਹੀਂ ਹੁੰਦੇ ਅਤੇ ਨਾ ਹੀ ਅਧਿਆਪਕ ਐਨੇ ਖੁਸ਼ ਹੁੰਦੇ ਹਨ।

ਇੱਕ ਮਿੰਟ ਲਈ ਸਾਰੇ ਪਾਸੇ ਤੋਂ ਧਿਆਨ ਹਟਾ ਕੇ ਸੋਚੋ….ਇਸ ਖੁਸ਼ੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ। ਤੁਹਾਡੇ ਦਿਮਾਗ਼ ਵਿੱਚ ਵੱਖਰੇ ਵੱਖਰੇ ਖਿਆਲ ਆ ਸਕਦੇ ਹਨ। ਕੋਈ ਸੋਚੇਗਾ….. ਅੱਜ ਅਧਿਆਪਕ ਪੜ੍ਹਾਉਣਗੇ ਨਹੀਂ, ਕੋਈ ਸੋਚੇਗਾ…. ਝਿੜਕਣਗੇ ਨਹੀਂ। ਕੋਈ ਸੋਚੇਗਾ… ਕੋਈ ਟੈਸਟ ਨਹੀਂ ਲੈਣਗੇ ਬਗੈਰਾ ਬਗੈਰਾ। ਪਰ ਮੈਂ ਤੁਹਾਨੂੰ ਅਸਲੀ ਖੁਸ਼ੀ ਦਾ ਕਾਰਨ ਦੱਸਦੀ ਆਂ ਜੋ ਕਈ ਵਾਰ ਮੇਰੇ ਦਿਲ ਦਿਮਾਗ਼ ਵਿੱਚ ਆਉਂਦਾ ਹੈ। ਤੁਸੀਂ ਅਤੇ ਤੁਹਾਡੇ ਸਤਿਕਾਰਯੋਗ ਅਧਿਆਪਕ ਵੀ ਇਸ ਤੇ ਸਹਿਮਤ ਹੋ ਸਕਦੇ ਹੋ।

ਅਧਿਆਪਕ ਦਿਵਸ ‘ਤੇ ਤੁਹਾਡਾ ਅਧਿਆਪਕਾਂ ਪ੍ਰਤੀ ਨਜ਼ਰੀਆ ਸਕਾਰਾਤਮਕ ਊਰਜਾ ਨਾਲ ਭਰਿਆ ਹੁੰਦਾ ਹੈ। ਤੁਹਾਡੇ ਦਿਲ ਦਿਮਾਗ ਵਿੱਚ ਇਹ ਖਿਆਲ ਘੁੰਮਦੇ ਹਨ ਜੋ ਤੁਸੀਂ ਮੀਡੀਆ ‘ਤੇ ਦੇਖੇ ਜਾਂ ਪੜ੍ਹੇ ਹੁੰਦੇ ਹਨ। ਅਧਿਆਪਕ ਤੁਹਾਨੂੰ ਮੋਮਬੱਤੀ ਵਾਂਗ ਜਲ਼ ਕੇ ਰੌਸ਼ਨੀ ਵੰਡਦਾ ਮਹਿਸੂਸ ਹੁੰਦਾ ਹੈ। ਅਧਿਆਪਕ ਤੁਹਾਨੂੰ ਰੱਬ ਦੇ ਬਰਾਬਰ ਖੜ੍ਹਾ ਦਿਸਦਾ ਹੈ ਤੇ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਪਹਿਲਾਂ ਕੀਹਦੇ ਪੈਰੀਂ ਹੱਥ ਲਾਏ ਜਾਣ। ਅਧਿਆਪਕ ਤੁਹਾਨੂੰ ਮਾਲੀ ਦੀ ਤਰ੍ਹਾਂ ਦਿਸੇਗਾ ਜਿਹੜਾ ਸਹੀ ਪਾਸੇ ਜਾਣ ਲਈ ਤੁਹਾਡਾ ਰਾਹ ਦਿਸੇਰਾ ਬਣਦਾ ਹੈ।

ਅਧਿਆਪਕ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਸਹੀ ਸੇਧ ਦੇਣ ਵਾਲੇ ਗੁਰੂ ਦੇ ਰੂਪ ਵਿੱਚ ਨਜ਼ਰ ਆਉਣ ਲੱਗ ਪੈਂਦਾ ਹੈ। ਤੁਸੀਂ ਆਪਣੇ ਚੰਗੇ ਅਧਿਆਪਕਾਂ ਪ੍ਰਤੀ ਸਤਿਕਾਰ ਨਾਲ ਭਰੇ ਹੁੰਦੇ ਹੋ। ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਅਧਿਆਪਕ ਵੀ ਤੁਹਾਡਾ ਪਿਆਰ ਸਤਿਕਾਰ ਦੇਖ ਕੇ ਆਪਣੀਆਂ ਸਾਰੀਆਂ ਦੁਆਵਾਂ ਤੁਹਾਡੇ ਤੋਂ ਵਾਰਦੇ ਹਨ। ਬੱਚੇ ਤੁਸੀਂ ਵੀ ਉਹੀ ਹੁੰਦੇ ਹੋ, ਅਧਿਆਪਕ ਅਧਿਆਪਕਾਵਾਂ ਵੀ ਉਹੀ ਅਤੇ ਸਕੂਲ ਕਾਲਜ ਵੀ ਉਹੀ…. ਫ਼ਰਕ ਸਿਰਫ਼ ਐਨਾ ਕਿ ਉਸ ਦਿਨ ਮਾਹੌਲ ਹੀ ਏਦਾਂ ਦਾ ਬਣਿਆ ਹੁੰਦਾ ਹੈ।

ਇਸ ਦਾ ਮਤਲਬ ਇਹ ਹੋਇਆ ਕਿ ਪੜ੍ਹਿਆ, ਦੇਖਿਆ, ਸੁਣਿਆ ਸਾਡੇ ਦਿਲ ਦਿਮਾਗ਼ ‘ਤੇ ਡੂੰਘਾ ਅਸਰ ਪਾਉਂਦੇ ਹਨ। ਅਸੀਂ ਹਰ ਰੋਜ਼ ਚੰਗਾ ਪੜ੍ਹੀਏ, ਚੰਗਾ ਦੇਖੀਏ ਅਤੇ ਚੰਗਾ ਸੁਣੀਏ , ਆਪਣੇ ਅੰਦਰ ਚੰਗੀ ਤਾਕਤ ਨੂੰ ਇਸ ਤਰ੍ਹਾਂ ਭਰੀਏ ਤਾਂ ਜੋ ਕਿਸੇ ਵੀ ਬੁਰਿਆਈ ਨੂੰ ਤੁਹਾਡੇ ਅੰਦਰ ਬੈਠਣ ਲਈ ਕੋਈ ਥਾਂ ਹੀ ਨਾ ਲੱਭੇ। ਜੇ ਤੁਸੀਂ ਚਾਹੋ ਤਾਂ ਹਰ ਰੋਜ਼ ਇਸੇ ਤਰ੍ਹਾਂ ਖੁਸ਼ ਰਹਿ ਕੇ ਪੜ੍ਹਾਈ ਕਰ ਸਕਦੇ ਹੋ ।

ਬਸ ਥੋੜ੍ਹੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਇਹ ਗੱਲ ਦਿਲ ਦਿਮਾਗ਼ ਵਿੱਚ ਰੱਖਣੀ ਹੋਵੇਗੀ ਕਿ ਤੁਸੀਂ ਸਕੂਲ ਜਾਂ ਕਾਲਜ ਵਿੱਚ ਆਪਣੀ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜਿਉਣ ਲਈ ਕੁੱਝ ਚੰਗਾ ਸਿੱਖਣ ਜਾਂਦੇ ਹੋ। ਇਸ ਲਈ ਆਪਣੇ ਦਿਲ ਦਿਮਾਗ਼ ਨੂੰ ਪੁੱਠੇ ਸਿੱਧੇ ਕੰਮਾਂ ਵਿੱਚ ਲਗਾ ਕੇ ਸਮਾਂ ਬਰਬਾਦ ਕਰਨ ਦੀ ਥਾਂ ਪੜ੍ਹਨਾ ਹੋਵੇਗਾ। ਇਸ ਵਿੱਚ ਤੁਸੀਂ ਆਪਣੇ ਦੋਸਤਾਂ ਅਤੇ ਅਧਿਆਪਕਾਂ ਦੀ ਮੱਦਦ ਲਵੋਗੇ। ਮੈਂ ਤੁਹਾਨੂੰ ਕਿਤਾਬੀ ਕੀੜਾ ਬਣਨ ਲਈ ਨਹੀਂ ਆਖ ਰਹੀ। ਪਰ ਪਹਿਲ ਪੜ੍ਹਾਈ ਨੂੰ ਦੇਣੀ ਹੋਵੇਗੀ।

ਇੱਕ ਸਿੱਧੀ ਜਿਹੀ ਗੱਲ ਪੱਲੇ ਬੰਨ੍ਹ ਲੈਣੀ ਕਿ ਜਦੋਂ ਆਪਣੇ ਮਾਪਿਆਂ ਜਾਂ ਅਧਿਆਪਕਾਂ ਨੂੰ ਖੁਸ਼ੀ ਦਿੰਦੇ ਹੋ ਤਾਂ ਤੁਸੀਂ ਖੁਦ ਉਹਨਾਂ ਤੋਂ ਜ਼ਿਆਦਾ ਖੁਸ਼ ਹੁੰਦੇ ਹੋ। ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਵਧਦੀਆਂ ਹਨ। ਤੁਹਾਡੇ ਇੱਕ ਕੰਮ ਕਰਨ ਨਾਲ ਮਾਪੇ, ਅਧਿਆਪਕ ਅਤੇ ਤੁਸੀਂ ਖੁਦ ਖੁਸ਼ ਰਹਿ ਸਕਦੇ ਹੋ। ਉਹ ਕੰਮ ਹੈ ਪੜ੍ਹਾਈ…. ਜੇ ਤੁਸੀਂ ਚੰਗਾ ਪੜ੍ਹਦੇ ਹੋ ਤਾਂ ਸਾਰੇ ਖੁਸ਼।ਇਹ ਕੋਈ ਬਹੁਤਾ ਔਖਾ ਕੰਮ ਨਹੀਂ । ਪੜ੍ਹਨ ਵੇਲੇ ਪੜ੍ਹਾਈ ਵਿੱਚ, ਖੇਡਣ ਵੇਲੇ ਖੇਡ ਵਿੱਚ ਅਤੇ ਬਾਕੀ ਕੋਈ ਕਿਰਤ ਕਰਨ ਲੱਗਿਆਂ ਉਸ ਵਿੱਚ ਪੂਰਾ ਧਿਆਨ ਲਗਾਓ। ਪੜ੍ਹਾਈ ਦੇ ਨਾਲ-ਨਾਲ ਆਪਣੇ ਪਿਤਾ-ਪੁਰਖੀ ਕੰਮ ਜ਼ਰੂਰ ਸਿੱਖੋ। ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ।

ਕਈ ਵਾਰ ਪਿਤਾ-ਪੁਰਖੀ ਕਿੱਤੇ ਹੀ ਇਨਸਾਨ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੰਦੇ ਹਨ। ਸੱਚ ਮੰਨਣਾ… ਜੇ ਤੁਸੀਂ ਆਪਣਾ ਹਰ ਕੰਮ ਕਰਦੇ ਸਮੇਂ ਆਪਣੇ ਦਿਲ ਦਿਮਾਗ਼ ਨੂੰ ਹਾਜ਼ਰ ਰੱਖੋਗੇ ਤਾਂ ਕਿਸੇ ਵੀ ਕੰਮ ਨੂੰ ਭਾਰ ਨਹੀਂ ਸਮਝੋਗੇ। ਆਪਣੇ ਮਾਪਿਆਂ ਦੀਆਂ ਪਾਟੀਆਂ ਬਿਆਈਆਂ ਜ਼ਰੂਰ ਦੇਖ ਲਿਆ ਕਰੋ। ਤੁਹਾਡੇ ਬੇਵੱਸ ਮਾਪੇ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਤੁਹਾਨੂੰ ਪੜ੍ਹਾ ਰਹੇ ਹਨ ਸਿਰਫ਼ ਇਸ ਕਰਕੇ ਕਿ ਉਹ ਤੁਹਾਨੂੰ ਆਪਣੇ ਨਾਲੋਂ ਬਿਹਤਰ ਜ਼ਿੰਦਗੀ ਦੇਣਾ ਚਾਹੁੰਦੇ ਹਨ। ਕਦੇ ਉਹਨਾਂ ਦੀਆਂ ਅੱਖਾਂ ਦੇ ਕੋਇਆਂ ਵਿੱਚ ਸੁੱਕੇ ਪਾਣੀ ਵੱਲ ਨਜ਼ਰ ਮਾਰ ਲੈਣਾ। ਜੇ ਤੁਹਾਡੇ ਮਾਪੇ ਨੌਕਰੀ ਕਰਦੇ ਹਨ ਜਾਂ ਕੋਈ ਵਪਾਰ ਕਰਦੇ ਹਨ। ਉਹਨਾਂ ਦੀ ਮਿਹਨਤ ਵੱਲ ਵੀ ਨਜ਼ਰ ਮਾਰ ਲਿਆ ਕਰੋ। ਕਾਮਯਾਬੀਆਂ ਬਿਨਾਂ ਮਿਹਨਤ ਕੀਤਿਆਂ ਨਹੀਂ ਮਿਲਦੀਆਂ ਹੁੰਦੀਆਂ।

ਤੁਸੀਂ ਆਪਣੀਆਂ ਕਿਤਾਬਾਂ ਵਿੱਚ ਵੀ ਬਹੁਤ ਗਿਆਨ ਦੀਆਂ ਗੱਲਾਂ ਪੜ੍ਹ ਲੈਂਦੇ ਹੋ। ਪਰ ਬਹੁਤੇ ਪੜ੍ਹ ਕੇ ਛੱਡ ਦਿੰਦੇ ਹਨ। ਜਿਹੜੇ ਆਪਣੇ ਜੀਵਨ ਵਿੱਚ ਉਤਾਰ ਲੈਂਦੇ ਹਨ ਉਹ ਹਮੇਸ਼ਾ ਕਾਮਯਾਬ ਹੁੰਦੇ ਹਨ। ਇੱਥੇ ਮੈਂ ਇਹ ਦੱਸ ਦਿਆਂ ਕਿ ਕਾਮਯਾਬੀ ਪੁੱਠੇ ਸਿੱਧੇ ਹਥਕੰਡੇ ਵਰਤ ਕੇ ਪੈਸਾ ਕਮਾਉਣ ਨੂੰ ਨਹੀਂ ਆਖਦੇ। ਪੈਸਾ ਤਾਂ ਦੁਨੀਆਂ ਨੂੰ ਬਰਬਾਦ ਕਰਕੇ, ਮਾਵਾਂ ਦੇ ਪੁੱਤਾਂ ਨੂੰ ਤਬਾਹੀ ਦੇ ਰਾਹ ਤੋਰ ਕੇ ਮੌਤ ਦੇ ਮੂੰਹ ਧੱਕਣ ਵਾਲੇ ਵੀ ਬਥੇਰਾ ਕਮਾਈ ਜਾਂਦੇ ਨੇ। ਉਹਨਾਂ ਨੂੰ ਅਸੀਂ ਕਾਮਯਾਬ ਨਹੀਂ ਆਖ ਸਕਦੇ।

ਇਸੇ ਤਰ੍ਹਾਂ ਦੇ ਮੌਤ ਵੰਡਣ ਵਾਲੇ ਵਪਾਰੀਆਂ ਨੂੰ ਉਸ ਵੇਲੇ ਪਤਾ ਲੱਗਦਾ ਹੈ ਕਿ ਉਹ ਕਾਮਯਾਬ ਨਹੀਂ ਜਦੋਂ ਉਹਨਾਂ ਦਾ ਕੋਈ ਆਪਣਾ ਉਹਨਾਂ ਦੀ ਵੇਚੀ ਮੌਤ ਨੂੰ ਗਲੇ ਲਗਾਉਂਦਾ ਹੈ ਅਤੇ ਉਹ ਆਪਣਾ ਸਾਰਾ ਕਮਾਇਆ ਪੈਸਾ ਖਰਚ ਵੀ ਉਸ ਨੂੰ ਬਚਾ ਨਹੀਂ ਸਕਦੇ। ਪੜ੍ਹੇ ਲਿਖੇ ਤਾਂ ਇਸ ਤਰ੍ਹਾਂ ਦਾ ਕਾਲਾ ਧੰਦਾ ਕਰਨ ਵਾਲੇ ਵੀ ਹੋਣਗੇ। ਪਰ ਉਹਨਾਂ ਆਪਣੀ ਪੜ੍ਹਾਈ ਤੋਂ ਕੁੱਝ ਸਿੱਖਿਆ ਨਹੀਂ ਹੋਣਾ।

ਆਪਾਂ ਨਿੱਕੀਆਂ ਨਿੱਕੀਆਂ ਕਹਾਣੀਆਂ ਬਚਪਨ ਤੋਂ ਹੀ ਪੜ੍ਹਨੀਆਂ ਸ਼ੁਰੂ ਕਰ ਦਿੰਦੇ ਹਾਂ। ਪਰ ਅਖ਼ੀਰ ਤੇ ਦਿੱਤੀ ਸਿੱਖਿਆ ਵਾਲੀ ਸਤਰ ਰਟ ਲੈਂਦੇ ਹਾਂ ,ਉਸ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਅਪਣਾਉਂਦੇ। ਅਸੀਂ ਤੁਸੀਂ ਸਾਰਿਆਂ ਨੇ… ਏਕੇ ਵਿੱਚ ਬਰਕਤ ਹੈ… ਕਹਾਣੀ ਪੜ੍ਹੀ। ਪਰ ਅਸੀਂ ਕਿੰਨਾ ਕੁ ਇਸ ‘ਤੇ ਚੱਲੇ ਆਂ ਇਹ ਤਾਂ ਸਾਡੇ ਦੋ ਦੋ ਤਿੰਨ ਤਿੰਨ ਜੀਆਂ ਵਾਲੇ ਪਰਿਵਾਰਾਂ ਤੋਂ ਪਤਾ ਲੱਗਦਾ ਹੈ। ਪਰ ਜਿੱਥੇ ਵੀ ਏਕਤਾ ਦਿਖਾਈ ਹੈ ਉੱਥੇ ਜਿੱਤ ਨੇ ਕਦਮ ਚੁੰਮੇ ਨੇ।

ਕਿਸਾਨੀ ਅੰਦੋਲਨ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਸ਼ਾਮਲ ਸਨ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਲਾਲਚ ਬੁਰੀ ਬਲਾ ਹੈ… ਸਭ ਨੇ ਪੜ੍ਹਿਆ… ਲਾਲਚੀ ਕੁੱਤੇ ਦੀ ਕਹਾਣੀ । ਪਰ ਇਹ ਨਹੀਂ ਸੋਚਿਆ ਕਿ ਇਹ ਕਹਾਣੀ ਸਾਡੇ ਮਨੋਰੰਜਨ ਲਈ ਹੀ ਨਹੀਂ ਸਾਨੂੰ ਸੇਧ ਵੀ ਦਿੰਦੀ ਹੈ। ਲਾਲਚੀ ਕੁੱਤੇ ਵਾਲਾ ਹਾਲ ਬਹੁਤਿਆਂ ਦਾ ਹੋਇਆ। ਕਿਤੇ ਕਿਸੇ ਨੇ ਗਹਿਣੇ ਦੁੱਗਣੇ ਕਰਨ ਵਿੱਚ ਆਪਣਾ ਘਰ ਲੁਟਾ ਲਿਆ… ਕਿਤੇ ਕਿਸੇ ਨੇ ਛੇਤੀ ਅਮੀਰ ਹੋਣ ਦੇ ਚੱਕਰ ਵਿੱਚ ਆਪਣਾ ਭੋਰਾ ਭੋਰਾ ਕਰਕੇ ਜੋੜਿਆ ਪੈਸਾ ਜਾਂ ਜ਼ਮੀਨਾਂ ਤੱਕ ਗਹਿਣੇ ਪਾ ਕੇ ਲੋਟੂ ਕੰਪਨੀਆਂ ਵਿੱਚ ਲਗਾ ਦਿੱਤਾ। ਹੱਥ ਪੱਲੇ ਵਾਲਾ ਤਾਂ ਲੁਟਾ ਹੀ ਲਿਆ, ਕਰਜ਼ਾ ਚੁੱਕ ਕੇ ਵੀ ਲੁਟਾ ਦਿੱਤਾ।

ਟੋਕਰੀ ਵਿੱਚ ਰੱਖੇ ਖਰਾਬ ਸੇਬ ਦੀ ਕਹਾਣੀ ਸਿਰਫ਼ ਉਸ ਕਹਾਣੀ ਦੇ ਪਾਤਰ ਰਾਮ ਜਾਂ ਸ਼ਾਮ ਨੂੰ ਸਮਝਾਉਣ ਵਾਸਤੇ ਨਹੀਂ ਸੀ। ਉਹ ਤਾਂ ਸਾਡੇ ਸਾਰਿਆਂ ਵਾਸਤੇ ਸੀ। ਕਾਸ਼! ਇਹ ਸਬਕ ਆਪਣੇ ਜੀਵਨ ਵਿੱਚ ਲਾਗੂ ਕੀਤੇ ਹੁੰਦੇ ਤਾਂ ਹੀਰਿਆਂ ਵਰਗੇ ਪੁੱਤਾਂ ਦੀਆਂ ਲਾਸ਼ਾਂ ਰੂੜੀਆਂ ‘ਤੇ ਨਾ ਰੁਲਦੀਆਂ। ਬੱਚਿਓ! ਇਹ ਕਹਾਣੀਆਂ ਰਟਣ ਵਾਸਤੇ ਨਹੀਂ ਆਪਣੀ ਜ਼ਿੰਦਗੀ ਨੂੰ ਸਹੀ ਸੇਧ ਦੇਣ ਲਈ ਹੁੰਦੀਆਂ ਹਨ।

ਕਿਹਾ ਜਾ ਰਿਹਾ ਹੈ ਕਿ ਅੱਜ ਦਾ ਸਮਾਂ ਬੜੇ ਖ਼ਤਰਨਾਕ ਮੋੜ ‘ਤੇ ਹੈ। ਭਲਕੇ ਪਤਾ ਨਹੀਂ ਕੀ ਕੀ ਦੇਖਣ ਸੁਣਨ ਨੂੰ ਮਿਲੇਗਾ। ਮੇਰੇ ਖਿਆਲ ਵਿੱਚ ਸਮਾਂ ਕਦੇ ਵੀ ਮਾੜਾ ਜਾਂ ਚੰਗਾ ਨਹੀਂ ਹੁੰਦਾ। ਅਸੀਂ ਹੀ ਮਾੜੇ ਚੰਗੇ ਕੰਮ ਕਰਕੇ ਉਸ ‘ਤੇ ਮਾੜੇ ਚੰਗੇ ਹੋਣ ਦਾ ਲੇਬਲ ਲਾ ਦਿੰਦੇ ਹਾਂ। ਇਸ ਸਮੇਂ ਦੀਆਂ ਡੋਰਾਂ ਤੁਹਾਡੇ ਹੱਥ ਵਿੱਚ ਹਨ। ਤੁਸੀਂ ਬਹੁਤ ਤਾਕਤ ਰੱਖਦੇ ਹੋ। ਜੇ ਦਿਲੋਂ ਪ੍ਰਣ ਕਰ ਲਵੋ ਅਸੀਂ ਕੁਝ ਬੁਰਾ ਨਹੀਂ ਕਰਾਂਗੇ ਅਤੇ ਨਾ ਹੀ ਬੁਰਾ ਕਰਨ ਵਾਲਿਆਂ ਦਾ ਸਾਥ ਦਿਆਂਗੇ ਤਾਂ ਬੁਰਾਈਆਂ ਦੀ ਕੀ ਮਜਾਲ ਹੈ ਕਿ ਉਹ ਤੁਹਾਡੇ ਸਾਹਮਣੇ ਟਿਕ ਸਕਣਗੀਆਂ। ਕਹਿੰਦੇ ਨੇ ਜਿਹੜਾ ਆਪਣੀ ਮੱਦਦ ਆਪ ਕਰਦਾ ਹੈ ਕੁਦਰਤ ਜਾਂ ਰੱਬ ਕੁੱਝ ਵੀ ਆਖ ਲਵੋ ਵੀ ਉਸ ਦੀ ਮੱਦਦ ਕਰਨਗੇ।

ਤੁਹਾਡੇ ਅੰਦਰ ਬਹੁਤ ਸਮੱਰਥਾਵਾਂ ਹਨ ਕੁੱਝ ਵੀ ਚੰਗਾ ਕਰਨ ਲਈ ਇਹਨਾਂ ਦੀ ਵਰਤੋਂ ਕਰੋ। ਆਪਣਾ ਸਮਾਂ ਅਤੇ ਊਰਜਾ ਫਾਲਤੂ ਦੇ ਕੰਮਾਂ ਵਿੱਚ ਨਾ ਗਵਾਉ।ਚੰਗਾ ਸਾਹਿਤ ਪੜ੍ਹਨ ਦੀ ਆਦਤ ਪਾਉ। ਆਪਣੇ ਅਧਿਆਪਕਾਂ ਦੀ ਮੱਦਦ ਲਵੋ, ਉਹ ਬਹੁਤ ਵੱਡਾ ਗਿਆਨ ਦਾ ਖਜ਼ਾਨਾ ਹਨ। ਇਸ ਖਜ਼ਾਨੇ ਵਿੱਚੋਂ ਆਪਣੇ ਜੀਵਨ ਨੂੰ ਰੁਸ਼ਨਾਉਣ ਲਈ ਕੁੱਝ ਗਿਆਨ ਦੇ ਮੋਤੀ ਚੁਣ ਲਵੋ ਜਿਹੜੇ ਹਮੇਸ਼ਾ ਤੁਹਾਡਾ ਰਾਹ ਰੌਸ਼ਨ ਕਰਨਗੇ। ਆਪਣੇ ਆਲੇ ਦੁਆਲੇ ਨੂੰ ਹਰਾ ਭਰਿਆ ਰੱਖੋ ਕੁਦਰਤ ਦੀ ਗੋਦ ਦਾ ਨਿੱਘ ਮਾਣੋ । ਆਪਣਾ ਵਰਤਮਾਨ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਭਵਿੱਖ ਆਪੇ ਸਹੀ ਹੋਵੇਗਾ। ਢੇਰ ਸਾਰੀਆਂ ਸ਼ੁਭ ਕਾਮਨਾਵਾਂ।

ਅੰਮ੍ਰਿਤ ਕੌਰ
ਬਡਰੁੱਖਾਂ (ਸੰਗਰੂਰ)
9876714004