ਪੰਜਾਬ ਬਜਟ ‘ਚ ਮੁਲਾਜ਼ਮਾਂ ਨੂੰ ਅੱਖੋਂ-ਪਰੋਖੇ ਕਰਨ ‘ਤੇ ਭੜਕੇ ਅਧਿਆਪਕ; ਸਰਕਾਰ ‘ਤੇ ਵਾਅਦਾ-ਖ਼ਿਲਾਫ਼ੀ ਦੇ ਲਾਏ ਦੋਸ਼

 

ਬਜਟ ਵਿੱਚ ਮੁਲਾਜ਼ਮਾਂ ਨੂੰ ਅੱਖੋਂ-ਪਰੋਖੇ ਕਰਨ ‘ਤੇ ਭੜਕੀ ‘ਐਲੀਮੈਂਟਰੀ ਟੀਚਰਜ਼ ਯੂਨੀਅਨ’; ਸਰਕਾਰ ‘ਤੇ ਲਾਏ ਵਾਅਦਾ-ਖ਼ਿਲਾਫ਼ੀ ਦੇ ਦੋਸ਼

ਬਜਟ ਵਿੱਚ ਆਪ ਸਰਕਾਰ ਨੇ ਸਮੁੱਚੇ ਮੁਲਾਜ਼ਮ ਵਰਗ ਦੇ ਨਾਲ ਕੀਤਾ ਧ੍ਰੋਹ- ਪੰਨੂ, ਲਾਹੌਰੀਆ

ਅੰਮ੍ਰਿਤਸਰ 11 ਮਾਰਚ 2026

ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਾਅਦ ਮੁਲਾਜ਼ਮ ਵਰਗ ਵਿੱਚ ਭਾਰੀ ਨਿਰਾਸ਼ਾ ਅਤੇ ਰੋਸ ਦੇਖਣ ਨੂੰ ਮਿਲ ਰਿਹਾ ਹੈ। ਐਲੀਮੈਂਟਰੀ ਟੀਚਰਜ਼ ਯੂਨੀਅਨ (ETU) ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਅਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਮੌਜੂਦਾ ਬਜਟ ਵਿੱਚ ਸਮੁੱਚੇ ਮੁਲਾਜ਼ਮ ਵਰਗ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਵਿਸਾਰ ਕੇ ਉਨ੍ਹਾਂ ਨਾਲ ਧ੍ਰੋਹ ਕਮਾਇਆ ਹੈ।

“ਮੁਲਾਜ਼ਮਾਂ ਦੇ ਸਿਰ ‘ਤੇ ਹੋਂਦ ‘ਚ ਆਈ ਸਰਕਾਰ ਹੁਣ ਵਾਅਦੇ ਭੁੱਲੀ”

ਯੂਨੀਅਨ ਆਗੂਆਂ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ‘ਆਪ’ ਨੇ ਮੁਲਾਜ਼ਮਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸਰਕਾਰ ਸੱਤਾ ਵਿੱਚ ਆਉਂਦਿਆਂ ਹੀ ਤਿੰਨ ਮਹੀਨਿਆਂ ਦੇ ਅੰਦਰ ਇਹ ਸਭ ਭੁੱਲ ਗਈ ਹੈ। ਲਾਹੌਰੀਆ ਅਨੁਸਾਰ ਸਰਕਾਰ ਨੇ ਆਪਣੇ ਸਾਰੇ ਬਜਟਾਂ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕੀਤਾ ਹੈ, ਜੋ ਕਿ ਬੇਹੱਦ ਮੰਦਭਾਗਾ ਹੈ।

ਉਨ੍ਹਾਂ ਯਾਦ ਕਰਵਾਇਆ ਕਿ ਇਹ ਸਰਕਾਰ ਮੁਲਾਜ਼ਮਾਂ ਦੇ ਵੱਡੇ ਸਹਿਯੋਗ ਨਾਲ ਹੀ ਹੋਂਦ ਵਿੱਚ ਆਈ ਸੀ, ਪਰ ਹੁਣ ਮੁਲਾਜ਼ਮਾਂ ਨੂੰ ਹੀ ਲਾਵਾਰਿਸ ਛੱਡਿਆ ਜਾ ਰਿਹਾ ਹੈ। ਸਰਕਾਰ ਤੋਂ ਪੁਰਜ਼ੋਰ ਮੰਗ ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਨਾਲ ਕੀਤੇ ਗਏ ਵਾਅਦੇ ਤੁਰੰਤ ਪੂਰੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਮੁਲਾਜ਼ਮ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਲਈ ਮਜ਼ਬੂਰ ਹੋਣਗੇ।

ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ, ਬੀ.ਕੇ.ਮਹਿਮੀ, ਨੀਰਜ ਅਗਰਵਾਲ, ਸੁਰਿੰਦਰ ਸਿੰਘ ਬਾਠ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ, ਅੰਮ੍ਰਿਤਪਾਲ ਸਿੰਘ ਸੇਖੋਂ, ਰਵੀ ਵਾਹੀ, ਜਤਿੰਦਰਪਾਲ ਸਿੰਘ ਰੰਧਾਵਾ, ਸੰਜੀਤ ਸਿੰਘ ਨਿੱਜਰ, ਖੁਸ਼ਪ੍ਰੀਤ ਸਿੰਘ ਕੰਗ, ਗੁਰਵਿਦਰ ਸਿੰਘ ਬੱਬੂ, ਮਨਜੀਤ ਸਿੰਘ ਮੰਨਾਂ, ਮਨਿੰਦਰ ਸਿੰਘ ਨਿੱਜਰ ਆਦਿ ਆਗੂ ਹਾਜ਼ਰ ਸਨ।