ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦਾ ਮਾਮਲਾ! ਪੰਜਾਬ ਦੇ ਸੈਂਕੜੇ ਅਧਿਆਪਕਾਂ ਨੇ ਦਿੱਲੀ ਲਾਇਆ ਡੇਰਾ

447

 

ਪੰਜਾਬ ਨੈੱਟਵਰਕ, ਚੰਡੀਗੜ੍ਹ/ਦਿੱਲੀ

ਅੱਜ ਜੰਤਰ ਮੰਤਰ ਦਿੱਲੀ ਵਿਖੇ ਜੁਆਇੰਟ ਫ਼ੋਰਮ ਫਾਰ ਮੂਵਮੈਂਟ ਆਨ ਐਜੂਕੇਸ਼ਨ ਦੇ ਸੱਦੇ ਤੇ ਅੱਜ ਪੂਰੇ ਦੇਸ਼ ਤੋਂ ਹਜ਼ਾਰਾਂ ਸਕੂਲ,ਕਾਲਜ, ਯੂਨੀਵਰਸਿਟੀ ਅਧਿਆਪਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰਿਆਂ ਦੀ ਗੂੰਜ ਨਾਲ ਪ੍ਰਦਰਸ਼ਨ ਕੀਤਾ।

ਉਨ੍ਹਾਂ ਨੇ ਨਵੀਂ ਸਿੱਖਿਆ ਨੀਤੀ ਵਾਪਸ ਲੈਣ, ਪੁਰਾਣੀ ਪੈਨਸ਼ਨ ਬਹਾਲ ਕਰਨ,ਕੱਚੇ ਅਤੇ ਠੇਕੇ ਵਾਲੇ ਅਧਿਆਪਕ ਪੱਕੇ ਕਰਨ, ਸਿੱਖਿਆ ਉੱਪਰ ਕੁੱਲ ਘਰੇਲੂ ਉਤਪਾਦ ਦਾ ਦਸ ਪ੍ਰਤਿਸ਼ਤ ਖ਼ਰਚ ਕਰਨ,ਤਾਲੇਬੰਦ ਕੀਤੇ ਸਕੂਲ ਕਾਲਜ ਮੁੜ ਤੋਂ ਖੋਲ੍ਹਣ, ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਜ਼ੀਫੇ ਬਹਾਲ ਕਰਨ, ਗ਼ੈਰ ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਸਰਕਾਰੀ ਸਹਾਇਤਾ ਅਧੀਨ ਲਿਆਉਣ, ਅਧਿਆਪਕਾਂ ਨੂੰ ਪੂਰੀਆਂ ਤਨਖ਼ਾਹਾਂ ਦੇਣ ਅਤੇ ਧਰਮ ਨਿਰਪੱਖ, ਜਮਹੂਰੀ ਅਤੇ ਵਿਗਿਆਨਕ ਸਿਧਾਂਤਾਂ ਤੇ ਸਭ ਲਈ ਇੱਕੋ ਜਿਹੀ ਸਿੱਖਿਆ ਦੇ ਪ੍ਰਸਾਰ ਕਰਨ ਦੀ ਪੁਰਜ਼ੋਰ ਆਵਾਜ਼ ਬੁਲੰਦ ਕਰਦਿਆਂ ਮੰਗ ਕੀਤੀ।

ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਮੁੱਖ ਆਗੂਆਂ ਸੀ ਐਨ ਭਾਰਤੀ, ਕੇ ਸੀ ਹਰੀਕ੍ਰਿਸ਼ਨਨ , ਸੁਰਿੰਦਰ ਕੰਬੋਜ, ਮਹਾਂਵੀਰ ਸਿੰਘ ਸਿਹਾਗ, ਪ੍ਰਕਾਸ਼ ਮੋਹੰਤੀ, ਸ਼ਿਵਰਾਜਨ, ਧਰਮਿੰਦਰ ਢਾਂਡਾ ਹੁਰਾਂ ਮੰਗ ਕੀਤੀ ਅੱਜ ਦੇਸ਼ ਦੇ ਬਹੁਭਾਂਤੀ ਸੱਭਿਆਚਾਰ, ਧਰਮਾਂ, ਭਾਸ਼ਾਵਾਂ, ਅਤੇ ਸੰਸਕ੍ਰਿਤਕ ਪਛਾਣ ਨੂੰ ਬਚਾਉਂਦਿਆਂ ਲੋਕਤੰਤਰ ਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਇਸ ਦੇ ਨਾਲ ਨਾਲ ਯੂਨੀਵਰਸਿਟੀਆਂ ਅਤੇ ਪ੍ਰਮੁੱਖ ਸਿੱਖਿਆ ਸੰਸਥਾਵਾਂ ਵਿੱਚ ਅਕਾਦਮਿਕ ਪ੍ਰਭੂਸੱਤਾ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਚੋਣਾਂ ਦੀ ਮਹੱਤਤਾ ਨੂੰ ਕਾਇਮ ਰੱਖਿਆ ਜਾਵੇ।ਪੂਰੇ ਦੇਸ਼ ਦਿਆਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੂਰੀਆਂ ਤਨਖ਼ਾਹਾਂ ਤੇ ਰੈਗੂਲਰ ਭਰਤੀ ਹੋਣੀ ਚਾਹੀਦੀ ਹੈ। ਅੱਜ ਦੇ ਇਸ ਧਰਨੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਸਕੂਲ ਟੀਚਰਜ਼ ਫੈਡਰੇਸ਼ਨ ਦੇ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਹਿੱਸਾ ਲਿਆ।

ਪੰਜਾਬ ਤੋਂ ਪ੍ਰਧਾਨ ਨਵਪ੍ਰੀਤ ਬੱਲੀ ਦੀ ਅਗਵਾਈ ਵਿੱਚ ਸੋਮ ਸਿੰਘ, ਐਨ ਡੀ ਤਿਵਾੜੀ, ਕੰਵਲਜੀਤ ਸੰਗੋਵਾਲ, ਸੁੱਚਾ ਸਿੰਘ ਚਾਹਲ,ਰਸ਼ਮਿੰਦਰ ਪਾਲ ਸੋਨੂੰ,ਗੁਰਮੀਤ ਸਿੰਘ ਖ਼ਾਲਸਾ,ਰੇਸ਼ਮ ਸਿੰਘ ਕੰਪਿਊਟਰ ਫੈਕਲਟੀ, ਕਮਲ ਕੁਮਾਰ, ਅਸ਼ਵਨੀ ਕੁਮਾਰ, ਮਨਿੰਦਰਪਾਲ ਸਿੰਘ, ਆਦਿ ਵੱਡੀ ਗਿਣਤੀ ਵਿਚ ਹੋਰਨਾਂ ਸਮੇਤ ਹਾਜ਼ਰ ਹੋਏ। ਪੰਜਾਬ ਤੋਂ ਪ੍ਰੋ: ਗੁਰਦਾਸ ਸਿੰਘ ਸੇਖੋਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਕਾਲਜ ਅਧਿਆਪਕਾਂ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ।ਇਸ ਮੌਕੇ ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੇ ਸਕੱਤਰ ਜਨਰਲ ਸੀ .ਐਨ ਭਾਰਤੀ ਅਤੇ ਕੇਂਦਰੀ ਕਮੇਟੀ ਮੈਂਬਰਾਂ ਨੇ ਸ਼ੋਕ ਸੰਦੇਸ਼ ਰਾਹੀਂ ਪੰਜਾਬ ਦੇ ਸਾਬਕਾ ਪ੍ਰਮੁੱਖ ਆਗੂ ਸਾਥੀ ਜਰਨੈਲ ਸਿੰਘ ਮਿੱਠੇਵਾਲ ਦੇ ਬੇ ਵਕਤ ਵਿਛੋੜੇ ਉਪਰ ਜੀ ਟੀ ਯੂ ਪੰਜਾਬ ਵਿਗਿਆਨਕ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।