The consequences of the negligence of the Education Department fell on the head of the school
- ਗ਼ਰੀਬ ਵਿਦਿਆਰਥੀਆਂ ਤੋਂ ਰਿਕਵਰੀ ਅਧਿਆਪਕਾਂ ਦੀਆਂ ਜੇਬਾਂ ਤੇ ਬੋਝ: ਡੀ.ਟੀ.ਐਫ
ਪੰਜਾਬ ਨੈੱਟਵਰਕ, ਚੰਡੀਗੜ੍ਹ-
Education – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਦੀਆਂ ਗਲਤੀਆਂ ਦਾ ਖਮਿਆਜ਼ਾ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪਰੀ-ਮੈਟ੍ਰਿਕ ਵਜ਼ੀਫਾ ਫਾਰ ਐਸ.ਸੀ. ਐਂਡ ਅਦਰਜ ਸਕੀਮ ਤਹਿਤ ਪੰਜਾਬ ਫਾਇਨਾਂਸ ਸਿਸਟਮ ਪੋਰਟਲ ਰਾਹੀਂ ਯੋਗ ਲਾਭਪਾਤਰੀ ਵਿਦਿਆਰਥੀਆਂ ਦੇ ਖਾਤੇ ਵਿੱਚ 1400/ ਰੁਪਏ ਪ੍ਰਤੀ ਵਿਦਿਆਰਥੀ ਰਾਸ਼ੀ ਜਮ੍ਹਾਂ ਕੀਤੀ ਜਾਣੀ ਬਣਦੀ ਸੀ। ਪ੍ਰੰਤੂ ਵਿਭਾਗ (Education) ਦੀ ਅਣਗਹਿਲੀ ਕਾਰਨ 23001 ਵਿਦਿਆਰਥੀਆਂ ਦੇ ਖਾਤੇ ਵਿੱਚ ਦੁੱਗਣੀਂ ਅਤੇ 694 ਵਿਦਿਆਰਥੀਆਂ ਦੇ ਖਾਤੇ ਵਿੱਚ ਤਿੰਨ ਗੁਣਾਂ ਰਾਸ਼ੀ ਜਮ੍ਹਾਂ ਕਰ ਦਿੱਤੀ।
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਪਣੀ ਗਲਤੀ ਛੁਪਾਉਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਰਾਹੀਂ ਸਕੂਲ ਮੁਖੀਆਂ ਨੂੰ 20 ਅਕਤੂਬਰ ਤੱਕ ਇਹ ਰਾਸ਼ੀ ਵਿਦਿਆਰਥੀਆਂ ਤੋਂ ਰੀਕਵਰ ਕਰਕੇ ਜਮਾਂ ਕਰਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ। ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜਪਾਲ ਸ਼ਰਮਾ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਅਤੇ ਵਿੱਤ ਸਕੱਤਰ ਜਸਵਿੰਦਰ ਗੋਨਿਆਣਾ ਨੇ ਵਿਭਾਗੀ ਅਣਗਹਿਲੀ ਦੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਦੀ ਕਰਦਿਆਂ ਕਿਹਾ ਕਿ ਇਸ ਰਾਸ਼ੀ ਦਾ ਬੋਝ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਜੇਬਾਂ ਤੇ ਪਵੇਗਾ।
ਆਗੂਆਂ ਨੇ ਦੱਸਿਆ ਕਿ ਇਹ ਰਾਸ਼ੀ 2022-23 ਦੇ ਲਾਭਪਾਤਰੀਆਂ ਦੀ ਹੈ ਅਤੇ ਇਨ੍ਹਾਂ ਵਿਚੋਂ ਕਾਫ਼ੀ ਵਿਦਿਆਰਥੀ ਦਸਵੀਂ ਜਮਾਤ ਪਾਸ ਕਰਨ ਉਪਰੰਤ ਸਕੂਲ ਛੱਡ ਚੁੱਕੇ ਹਨ, ਕੁਝ ਸਕੂਲਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਆਪਣੇ ਮਾਪਿਆਂ ਨਾਲ ਪਿੱਤਰੀ ਰਾਜਾਂ ਵਿੱਚ ਪਰਤ ਚੁੱਕੇ ਹਨ ਅਤੇ ਕੁਝ ਬੱਚਿਆਂ ਦੇ ਮਾਪੇ ਨਰਮੇ ਦੀ ਚੁਗਾਈ ਲਈ ਹੋਰ ਥਾਵਾਂ ਤੇ ਚਲੇ ਗਏ ਹਨ। ਇਸ ਤਰ੍ਹਾਂ ਰਿਕਵਰੀਆਂ ਕਰਨਾ ਬੇਹੱਦ ਮੁਸ਼ਕਲ ਹੈ।
ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਅਣਗਹਿਲੀ ਕਰਨ ਵਾਲੇ ਉੱਚ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਸਾਰੇ ਯੋਗ ਵਿਦਿਆਰਥੀਆਂ ਨੂੰ ਬਾਕਾਇਆ ਵਜ਼ੀਫਾ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਆਗੂਆਂ ਨੇ ਇਨ੍ਹਾਂ ਵਿਦਿਆਰਥੀਆਂ ਤੋਂ ਰਿਕਵਰੀ ਕਰਨ ਦੀ ਇਸ ਰਾਸ਼ੀ ਨੂੰ ਸਬੰਧਿਤ ਵਿਦਿਆਰਥੀਆਂ ਦੇ ਭਵਿੱਖਤ ਵਜ਼ੀਫ਼ੇ ਵਿੱਚ ਐਡਜਸਟ ਕਰਨ ਦੀ ਮੰਗ ਕੀਤੀ।ਇਸ ਸਮੇਂ ਕਰਨੈਲ ਸਿੰਘ ਚਿੱਟੀ, ਸਰਵਣ ਸਿੰਘ ਔਜਲਾ, ਹਰਭਗਵਾਨ ਗੁਰਨੇ, ਰੇਸ਼ਮ ਸਿੰਘ ਖੇਮੂਆਣਾ, ਅਵਤਾਰ ਲਾਲ, ਬਲਰਾਮ ਸ਼ਰਮਾ, ਹਰਜੀਤ ਸਿੰਘ ਸੁਧਾਰ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਕੋਟਲੀ ਆਦਿ ਹਾਜ਼ਰ ਸਨ।