ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਮੌਜੂਦਾ ਹਾਲਾਤ ਦੇ ਸਨਮੁੱਖ/- ਗੁਰਮੀਤ ਸਿੰਘ ਜੱਜ

299

 

ਜਦੋਂ ਗੁਰੂ ਜੀ ਨੂੰ ਇਸਲਾਮੀਂ ਧਰਮੀਂ ਤੇ ਅੱਲ੍ਹਾ ਨੂੰ ਖੁਸ਼ ਕਰਨ ਲਈ ਸਭ ਕੁੱਝ ਕਰਨ ਲਈ ਤਤਪਰ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਹੋਇਆ ਗੁਰੂ ਜੀ ਨੂੰ ਵੀ ਇਸਲਾਮ ਕਬੂਲਣ ਲਈ ਕਿਹਾ। ਪਰ ਗੁਰੂ ਜੀ ਦਾ ਸਪੱਸ਼ਟ ਜਵਾਬ ਸੀ ਕਿ ਧਰਮ ਜ਼ਬਰਦਸਤੀ ਤੇ ਹਕੂਮਤੀ ਜਬਰਦਸਤੀ ਨਾਲ ਬਦਲਾਉਣਾਂ ਜਾਇਜ਼ ਨਹੀਂ। ਬਾਦਸ਼ਾਹ ਹੋਣ ਦੇ ਨਾਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਸਭ ਨੂੰ ਬਰਾਬਰ ਸਮਝੋ। ਸਪੱਸ਼ਟਤਾ ਤੇ ਸਚਾਈ ਨੂੰ ਸੁਣਕੇ ਝੂਠਾ ਤੇ ਗਲਤ ਸਾਬਿਤ ਹੁੰਦਾ ਔਰੰਗਜ਼ੇਬ ਗੁੱਸੇ ਵਿੱਚ ਕੰਬ ਉੱਠਿਆ। ਕੁਰਬਾਨੀ ਲਈ ਤਿਆਰ ਗੁਰੂ ਜੀ ਨੂੰ ਦੇਖ ਕੇ ਉਸ ਦੀਆਂ ਨੀਹਾਂ ਹਿੱਲ ਗਈਆਂ।

ਦਹਿਸ਼ਤਜ਼ਦਾ ਕਰਨ ਲਈ ਔਰੰਗਜ਼ੇਬ ਦੇ ਹੁਕਮ ਤੇ ਭਾਈ ਮਤੀਦਾਸ ਨੂੰ ਆਰੇ ਨਾਲ ਚੀਰਿਆ ਗਿਆ, ਪਰ ਗੁਰੂ ਦੇ ਅਡੋਲ ਸਿੱਖ ਨੂੰ ਵੇਖਕੇ ਹਾਕਮ ਆਪ ਈ ਅੰਦਰੋਂ ਡੋਲ ਗਿਆ। ਫਿਰ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਮੁਰੀਦਾਂ ਨੂੰ ਅਣਮਨੁੱਖੀ ਤਸੀਹਿਆਂ ਦੀ ਭੱਠੀ ਵਿੱਚ ਝੋਕ ਕੇ ਸ਼ਹੀਦ ਕੀਤਾ ਗਿਆ। ਫਿਰ ਗੁਰੂ ਜੀ ਨੂੰ ਕਿਹਾ ਕਿ ਵੇਖ ਤੁਹਾਡਾ ਕੀ ਹਸ਼ਰ ਹੋਵੇਗਾ। ਗੁਰੂ ਜੀ ਆਪਣੇ ਵਚਨਾਂ ਲਈ ਦ੍ਰਿੜ੍ਹ ਬੋਲੇ ਕਿ ਉਹ ਮੇਰੇ ਸਾਥੀ ਮੁਰੀਦ ਸਨ ਤੇ ਮੈਂ ਤਾਂ ਇਹਨਾਂ ਦਾ ਗੁਰੂ ਹਾਂ। ਤੇ ਗੁਰੂ ਜੀ ਆਪਣੇ ਅਕੀਦੇ ਤੇ ਅਡੋਲ ਰਹਿੰਦਿਆਂ ਸ਼ਹੀਦ ਹੋ ਗਏ।ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਪਰ ਗੁਰੂ ਸਾਹਿਬ ਦਾ ਸਿਰ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਉੱਚੇ ਸਿਰਾਂ ਵਿੱਚ ਹੋਰ ਵੀ ਉੱਚਾ ਹੋ ਗਿਆ। ਕਿ ਸਭ ਆਪਣੇ ਧਰਮ ਲਈ ਕੁਰਬਾਨੀਆਂ ਦੇਂਦੇ ਸਨ ਪਰ ਗੁਰੂ ਸਾਹਿਬ ਨੇ ਉਸ ਧਰਮ ਲਈ ਕੁਰਬਾਨੀ ਦਿੱਤੀ ਜਿੱਸਨੂੰ ਉੱਸਦੀ ਸੋਚ ਵਾਲੇ ਪਹਿਲੇ ਗੁਰੂ ਨੇ ਹੀ ਨਕਾਰ ਦਿੱਤਾ ਸੀ।

ਗੁਰੂ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਲੋਕਾਂ ਦੀਆਂ ਚੀਕਾਂ ਨਾਲ ਅਸਮਾਨ ਚੀਰਿਆ ਗਿਆ। ਸ਼ਾਹੀ ਆਦੇਸ਼ ਸੀ ਕਿ ਗੁਰੂ ਜੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਦਿੱਲੀ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਲਟਕਾਏ ਜਾਣ ਪਰ ਸ਼ਹੀਦੀ ਤੋਂ ਤੁਰੰਤ ਬਾਅਦ ਅਜਿਹੀ ਹਨੇਰੀ ਚੱਲੀ ਕਿ ਸਭ ਆਪੋ ਆਪਣੇ ਬਚਾਅ ਲਈ ਭੱਜ ਉੱਠੇ। ਭਾਵੇਂ ਇੱਸਤੇ ਕਈ ਵਿਚਾਰ ਵੱਖਰੇ ਵੀ ਹਨ। ਪਰ ਇਤਿਹਾਸਕ ਤੱਥ ਇਹ ਦੱਸਦੇ ਹਨ ਕਿ ਭਾਈ ਜੈਤਾ ਜੀ ਦੇ ਪਿਤਾ ਨੇ ਵੀ ਆਪਣੇ ਗੁਰੂ ਲਈ ਸੀਸ ਦਿੱਤਾ। ਉਹਨਾਂ ਭਾਈ ਜੀਵਨ ਸਿੰਘ ਨੂੰ ਕਿਹਾ ਕਿ ਮੇਰਾ ਸੀਸ ਕੱਟ ਕੇ ਗੁਰੂ ਸਾਹਿਬ ਦੇ ਸੀਸ ਦੀ ਥਾਂ ਰੱਖ ਤੇ ਗੁਰੂ ਜੀ ਨੂੰ ਸੀਸ ਦੇਣ ਲਈ ਤਿਆਰ ਬਾਲ ਦੀ ਝੋਲੀ ਉਹਨਾਂ ਦੇ ਪਿਤਾ ਦਾ ਸੀਸ ਜਾ ਕੇ ਪਾ। ਜੋ ਬਾਲ ਗੋਬਿੰਦ ਸਿੰਘ ਅਗਲੇ ਮਹਾਨ ਗੁਰੂ ਹੋਣਗੇ। ਸਿਪਾਹੀਆਂ ਤੋਂ ਅੱਖ ਬਚਾ ਕੇ ਪਿਤਾ ਨਾਲ ਵਟਾ ਕੇ ਗੁਰੂ ਜੀ ਦਾ ਸੀਸ ਲੈ ਕੇ ਭਾਈ ਜੈਤਾ ਆਨੰਦਪੁਰ ਸਾਹਿਬ ਪਹੁੰਚ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਸਤਿਕਾਰ ਪੂਰਵਕ ਪ੍ਰਾਪਤ ਕਰਦਿਆਂ ਭਾਈ ਜੈਤਾ ਜੀ ਨੂੰ ‘ਰੰਘਰੇਟਾ ਗੁਰੂ ਕਾ ਬੇਟਾ ਕਿਹਾ।

ਪਰ ਇਹ ਸਮਝਣ ਵਾਲਾ ਨੁਕਤਾ ਹੈ ਕਿ ਭਾਈ ਜੈਤਾ ਨੂੰ ਗੁਰੂ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਬੇਟਾ ਕਿਹਾ, ਤੇ ਆਪਣਾ ਭਰਾ ਹੀ ਕਿਹਾ। ਗੁਰੂ ਸਾਹਿਬ ਦਾ ਧੜ ਭਾਈ ਲੱਖੀ ਸ਼ਾਹ ਆਪਣੇ ਘਰ ਲੈ ਗਿਆ। ਉਸ ਨੇ ਆਪਣੇ ਘਰ ਨੂੰ ਅਗਨ-ਭੇਂਟ ਕਰ ਕੇ ਗੁਰੂ ਜੀ ਦਾ ਦਾਹ-ਸੰਸਕਾਰ ਕੀਤਾ। ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਿਆਂ ਗੱਲ ਖਤਮ ਨਹੀਂ ਹੁੰਦੀ ਸਗੋਂ ਅੱਗੇ ਤੁਰਦੀ ਹੈ। ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਦੀ ਕੁਰਬਾਨੀ ਤੇ ਹਰ ਪ੍ਰਕਾਰ ਦੀ ਅਜ਼ਾਦੀ ਵਾਲੀ ਸੋਚ ਦੇ ਉਲਟ ਅੱਜ ਸੱਤਾਧਿਰ ਫਿਰ ਔਰੰਗਜ਼ੇਬ ਵਰਗੀ ਧਾਰਮਿਕ ਦਹਿਸ਼ਤ ਤੇ ਫਿਰਕਾਪ੍ਰਸਤੀ ਫੈਲਾਅ ਰਹੇ ਨੇ। ਉਹ ਵੀ ਰਾਜ ਲਈ ਮੁਸਲਮਾਨਾਂ ਨੂੰ ਵਰਤਣ ਵਿੱਚ ਕਾਮਯਾਬ ਨਹੀਂ ਹੋਇਆ ਤੇ ਇਹ ਵੀ ਇੱਕ ਸਮੇਂ ਬਾਅਦ ਖ਼ਾਸ ਫਿਰਕੇ ਨੂੰ ਵਰਤਣ ਵਿੱਚ ਅਸਮਰੱਥ ਹੋਣਗੇ। ਸਿੱਖਾਂ ਨੂੰ ਇਤਿਹਾਸ ਤੋਂ ਸਿੱਖਣ ਦੀ ਲੋੜ ਏ ਕਿ ਦਿੱਲੀ ਆਪਣੀ ਲੋੜ ਲਈ ਪਹਿਲਾਂ ਪਿਆਰਦੀ, ਪ੍ਰਰਚਾਰਦੀ ਤੇ ਸ਼ਿਸ਼ਕਾਰਦੀ ਹੈ, ਤੇ ਅੰਤ ਵਿੱਚ ਬਦਨਾਮ ਕਰਕੇ ਤੇ ਕੋਹ ਕੋਹ ਕੇ ਮਾਰਦੀ ਹੈ।

ਗੁਰੂ ਸਾਹਿਬਾਨ ਵੱਲੋਂ ਜਾਨਾਂ ਵਾਰ ਕੇ ਸਿੱਖਾਂ ਨੂੰ ਦਿੱਤਾ ਮਾਨਵੀ ਚਿਹਰਾ ਵਿਗਾੜਦੀ ਹੈ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਦੀ ਥਾਂ ਮਨ ਉੱਚਾ ਤੇ ਮੱਤ ਨੀਵੀਂ ਸਥਾਪਤ ਕਰਨ ਤੇ ਦਿੱਲੀ ਦਾ ਸਾਰਾ ਜ਼ੋਰ ਲੱਗਿਆ ਹੋਇਆ ਏ, ਤੇ ਮੈਨੂੰ ਇਹ ਲਿਖਣ ਵਿੱਚ ਕੋਈ ਸੰਕੋਚ ਨਹੀਂ ਕਿ ਔਰੰਗਜ਼ੇਬ ਅੱਜ ਵੀ ਸਾਡੇ ਤੇ ਰਾਜ ਕਰਦਾ ਹੈ ਬਸ ਨਾਂ ਬਦਲ ਲੈਂਦਾ ਹੈ। ਕੀ ਕਿਸੇ ਨੇ ਪਹਿਲਾਂ ਕਦੇ ਸੁਣਿਆਂ ਸੀ ਇਮਾਨਦਾਰ ਤੇ ਫਰਜ਼ਾਂ ਨੂੰ ਸਮਰਪਿਤ ਤੇ ਸਭ ਨੂੰ ਕਨੂੰਨ ਦੀ ਨਿਗ੍ਹਾ ਵਿੱਚ ਬਰਾਬਰ ਸਮਝਣ ਵਾਲੇ ਜੱਜ ਨੂੰ ਹੀ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ ਹੋਵੇ। ਏਨਾ ਈ ਤਾਂ ਕਿਹਾ ਸੀ ਕਿ ਕਤਲੇਆਮ ਦਾ ਦੋਸ਼ੀ ਖੁਦ ਵੀ ਅਦਾਲਤ ਵਿੱਚ ਪੇਸ਼ ਹੋਵੇ ਤੇ ਅਗਲੀ ਦਿੱਤੀ ਤਰੀਕ ਤੋਂ ਪਹਿਲਾਂ ਹੀ ਕਹਾਣੀ ਖਤਮ।

ਦਿੱਲੀ ਵਿੱਚ ਸਿੱਖ ਕਤਲੇਆਮ ਤੇ ਮੂੰਹ ਨਾ ਖੋਲ੍ਹਿਆ ਜਾਵੇ ਤੇ ਕਾਤਲ ਰਾਜ ਗੱਦੀ ਤੇ ਬੈਠੇ ਮੌਜਾਂ ਕਰਨ। ਮੁਸਲਮਾਨਾਂ ਦੇ ਕਤਲੇਆਮ ਨਾਲ ਦਿੱਲੀ ਦਾ ਫਾਰਮੂਲਾ ਗੁਜਰਾਤ ਵਿੱਚ ਵਰਤ ਕੇ ਦਿੱਲੀ ਦਾ ਤਖਤ ਮੱਲ ਲਿਆ ਜਾਵੇ। ਭਾਰਤ ਦਾ ਧਨ ਦੌਲਤ ਸੰਪੱਤੀ ਤੇ ਕਾਰਖਾਨੇ, ਕਾਰੋਬਾਰ, ਸਰਕਾਰੀ ਅਦਾਰੇ ਆਪਣੇ ਚਹੇਤਿਆਂ ਦੀ ਝੋਲੀ ਪਾ ਦਿੱਤੇ ਜਾਣ। ਸਾਰੇ ਪੈਸੇ ਲੁੱਟਣ ਤੇ ਬੈਂਕਾਂ ਤੱਕ ਨੂੰ ਕੰਗਾਲ ਕਰਨ ਵਾਲੇ ਚੌਕੀਦਾਰ ਦੀ ਰਹਿਨੁਮਾਈ ਹੇਠ ਜਹਾਜੀਂ ਚੜ੍ਹਕੇ ਫਰਾਰ ਹੋ ਜਾਣ ਤੇ ਚੌਕੀਦਾਰ ਵੱਡੇ ਵੱਡੇ ਭਾਸ਼ਣ ਕਰਦਿਆਂ ਭੋਰਾ ਸ਼ਰਮ ਮਹਿਸੂਸ ਨਾ ਕਰੇ?

ਏਦਾਂ ਦੀਆਂ ਹਰਕਤਾਂ ਵਿੱਚ ਭਾਰਤ ਵਿਸ਼ਵਗੁਰੂ ਬਣੇ ਨਾ ਬਣੇ ਹਾਸੋਹੀਣਾ ਜਰੂਰ ਬਣ ਗਿਆ ਏ, ਤੇ ਇਹਨਾਂ ਤੇ ਸੁਆਲ ਚੁੱਕਣ ਵਾਲੇ ਲੋਕਪੱਖੀ ਕਲਾਕਾਰ, ਪ੍ਰੋਫੈਸਰ, ਬੁੱਧੀਜੀਵੀ, ਤੇ ਮਨੁੱਖੀ ਹੱਕਾਂ ਦੇ ਰਾਖੇ ਜਾਨੋਂ ਮਾਰ ਸੁੱਟੇ ਜਾਣ ਤੇ ਜਾਂ ਜੇਲ੍ਹੀਂ ਸੁੱਟ ਕੇ ਸਾੜੇ ਜਾਣ। ਦੂਜੇ ਪਾਸੇ ਕਤਲ ਹੋਣ ਵਾਲੇ ਤੇ ਜ਼ੁਲਮ ਦਾ ਸ਼ਿਕਾਰ ਮੁਸਲਮਾਨਾਂ ਦੇ ਨੌਜਵਾਨ ਹੀ ਫੜ ਫੜ ਜੇਲ੍ਹੀਂ ਸੁੱਟ ਦਿੱਤੇ ਜਾਣ? ਤੇ ਲੋਕਾਂ ਵਿੱਚ ਇਹ ਮਾਨਸਿਕਤਾ ਠੋਸ ਠੋਸ ਕੇ ਭਰ ਦਿੱਤੀ ਜਾਵੇ ਕਿ ਇਹ ਤਾਂ ਮੁਸਲਮਾਨ ਨੇ ਤੇ ਇਹਨਾਂ ਨਾਲ ਇਵੇਂ ਹੀ ਹੋਣੀ ਚਾਹੀਦੀ ਹੈ।

ਆਪਣੀ ਸਿਆਸਤ ਦੇ ਰਾਸ ਆਉਂਦੇ ਕਾਤਲ, ਬਲਾਤਕਾਰੀ, ਧਾੜਵੀ ਲੁਟੇਰੇ ਤੇ ਧਾਰਮਿਕ ਉਨਮਾਦੀ ਭੜਕਾਈਆਂ ਭੀੜਾਂ ਨੂੰ ਖੁੱਲ੍ਹ ਦਿੱਤੀ ਜਾਵੇ ਕਦੇ ਸਿੱਖਾਂ ਖਿਲਾਫ, ਕਦੇ ਦਲਿਤਾਂ ਪੱਛੜਿਆਂ ਖਿਲਾਫ ਤੇ ਕਦੇ ਮੁਸਲਮਾਨਾਂ ਖਿਲਾਫ ਲੁੱਟਣ, ਮਾਰਨ, ਸਾੜਨ ਤੇ ਦੁਕਾਨਾਂ ਵਪਾਰ ਕਾਰੋਬਾਰ ਲੁੱਟ ਪੁੱਟ ਕੇ ਤਹਿਸ ਨਹਿਸ ਕਰਨ ਦੀ। ਗੁਰਮੀਤ ਰਾਮ ਰਹੀਮ ਵਰਗੇ ਬਲਾਤਕਾਰੀਆਂ ਤੇ ਕਾਤਲ ਸਾਧਾਂ ਨੂੰ ਜੇਲ੍ਹਾਂ ਵਿੱਚ ਵੀ ਫਾਈਵ ਸਟਾਰ ਸਹੂਲਤਾਂ ਦਿੱਤੀਆਂ ਜਾਣ। ਪੇਰੋਲ ਤੇ ਸਾਲ ਵਿੱਚ ਦੋ ਦੋ ਵਾਰੀ ਛੁੱਟੀਆਂ ਵੀ ਦਿੱਤੀਆਂ ਜਾਣ ਤੇ ਫਿਰ ਅੱਖੀਂ ਘੱਟੇ ਪਾਉਣ ਲਈ ਸਤਸੰਗ ਕਰਨ ਜਾ ਲੱਗਣ।

ਲੋਕੋ, ਉਏ ਸੋਚਵਾਨੋਂ ਤੇ ਭੋਲਿਓ, ਕਬੂਤਰ ਦੀਆਂ ਮੀਚੀਆਂ ਅੱਖਾਂ ਉਸਨੂੰ ਬਿੱਲੀ ਤੋਂ ਨਹੀਂ ਬਚਾ ਸਕਦੀਆਂ। ਤੇ ਇਹ ਬਿੱਲੀ ਵੀ ਹੁਣ ਬਿੱਲੀ ਨਹੀਂ ਜੇ ਰਹੀ, ਇਹ ਹੁਣ ਖਾ ਖਾ ਮਜ਼ਲੂਮਾਂ ਦਾ ਮਾਸ ਤੇ ਪੀ ਪੀ ਕੇ ਲਹੂ ਖੂੰਖਾਰ ਬਘਿਆੜ ਦਾ ਰੂਪ ਧਾਰਨ ਕਰ ਚੁੱਕੀ ਏ। ਇਹ ਹੁਣ ਕਬੂਤਰ ਦੇ ਅੱਖਾਂ ਮੀਚਣ ਦਾ ਇੰਤਜ਼ਾਰ ਨਹੀਂ ਕਰਦੀ, ਸਗੋਂ ਜਾਗਦਿਆਂ ਤੇ ਈ ਝਪੱਟਾ ਮਾਰ ਲੈਂਦੀ ਏ ਤੇ ਉੱਡਣ ਦਾ ਮੌਕਾ ਈ ਨਹੀ ਦਿੰਦੀ। ਤੇ ਹੁਣ ਤਾਂ ਬਘਿਆੜਾਂ, ਜੰਗਲੀ ਕੁੱਤਿਆਂ, ਲੂੰਬੜਾਂ, ਤੇ ਅੰਦਰੋਂ ਖੋਖਲਾ ਕਰਨ ਵਾਲੀ ਸਿਉਂਕ ਦੀ ਸਾਂਝੀ ਫੌਜ ਬਣਗੀ ਏ।

ਲਗਾਤਾਰ ਵਧਦੀ ਜਾ ਰਹੀ ਏ, ਤੇ ਇਹ ਜੰਗਲ ਇਨਸਾਨੀ ਬਸਤੀਆਂ ਨੂੰ ਪਾੜ ਖਾ ਰਿਹਾ ਏ। ਇਹ ਤੁਹਾਡੀ ਸੋਚ ਤੇ ਛੱਡਦਾ ਹਾਂ ਕਿ ਤੁਸੀਂ ਸਾਰੀਆਂ ਖਤਰਨਾਕ ਪ੍ਰਜਾਤੀਆਂ ਨੂੰ ਆਪਣੇ ਆਲੇ ਦੁਆਲੇ ਵੇਖਣ ਦੇ ਯੋਗ ਰਹਿੰਦੇ ਹੋ ਕਿ ਹਾਕਮ ਦੀ ਐਨਕ ਨਾਲ ਹਰਾ ਹਰਾ ਤੇ ਸਭ ਅੱਛਾ ਸਮਝ ਕੇ ਆਪਣੇ ਤੇ ਝਪਟਣ ਤੱਕ ਮਾਲਾ ਫੇਰ ਕੇ ਦੜ ਵੱਟ ਜ਼ਮਾਨਾ ਕੱਟਦੇ ਓ, ਜਾਂ ਸ਼ਾਂਤੀ ਦੇ ਭਰਮਾਂ ਵਾਲੀ ਨੀਤੀ ਨਾਲ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਮੌਤ ਦਾ ਸਮਾਨ ਵਧਣ ਫੁੱਲਣ ਵਿੱਚ ਸਹਾਈ ਹੁੰਦੇ ਹੋ। ਇੱਕ ਇਹ ਵੀ ਨਰਾਜਗੀ ਰਹਿੰਦੀ ਏ ਮੇਰੇ ਨਾਲ ਕਿ ਲੰਮਾ ਬਹੁਤ ਲਿਖ ਦੇਨੈਂ ਐਨਾ ਕੌਣ ਪੜ੍ਹੇ। ਜੇ ਪੜ੍ਹਨਾ ਈ ਕ੍ਹਾਰੀ ਏ ਤਾਂ ਲੜਨਾ ਕਿੱਸਨੇ ਹੈ। ਬਾਕੀ ਤੁਹਾਡੇ ਸੁਝਾਅ ਤੇ ਸਲਾਹ ਸਿਰ ਮੱਥੇ ਪਰ ਪੜ੍ਹਨ ਤੋਂ ਬਾਅਦ।

ਗੁਰਮੀਤ ਸਿੰਘ ਜੱਜ
9465806990