NewsClick ਦੇ ਪੱਤਰਕਾਰਾਂ ਦੇ ਘਰਾਂ ‘ਤੇ ਛਾਪੇਮਾਰੀ, ਉਗਰਾਹਾਂ ਵੱਲੋਂ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲਾ ਕਰਾਰ

226

 

  • ਪ੍ਰੈੱਸ ਦੀ ਆਜ਼ਾਦੀ ਤੇ ਹਮਲੇ ਦੀ ਕੀਤੀ ਕੀਤੀ ਸਖ਼ਤ ਨਿਖੇਧੀ

ਦਲਜੀਤ ਕੌਰ, ਚੰਡੀਗੜ੍ਹ

ਭਰੋਸੇਯੋਗ ਸੂਤਰਾਂ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਅੱਜ ਦੇਸ਼ ਦੇ ਕਈ ਭਾਗਾਂ ਵਿੱਚ ਪੁਲਿਸ ਵੱਲੋਂ ਨਿਊਜ਼ ਕਲਿੱਕ ਚੈਨਲ ਦੇ 30 ਰਿਪੋਰਟਰਾਂ ਦੇ ਘਰੀਂ ਛਾਪੇਮਾਰੀ ਕਰਕੇ 10 ਨੂੰ ਥਾਣਿਆਂ ਵਿੱਚ ਡੱਕ ਕੇ ਪੁੱਛਗਿੱਛ ਕਰਨ ਦੀ ਕਾਰਵਾਈ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਪ੍ਰੈੱਸ ਦੀ ਆਜ਼ਾਦੀ ਉੱਤੇ ਹਮਲਾ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ।

ਇਸ ਸੰਬੰਧੀ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਨ੍ਹਾਂ ਰਿਪੋਰਟਰਾਂ ਦੇ ਲੈਪਟਾਪ ਤੇ ਹੋਰ ਸਾਮਾਨ ਬਿਨਾਂ ਵਾਰੰਟ ਚੁੱਕ ਲਿਜਾਣ ਨੂੰ ਫਾਸ਼ੀਵਾਦੀ ਕਾਰਵਾਈ ਕਿਹਾ ਹੈ। ਉਨ੍ਹਾਂ ਉੱਤੇ ਯੂ ਏ ਪੀ ਏ ਤਹਿਤ ਵਿਦੇਸ਼ੀ ਫੰਡਿੰਗ ਦੇ ਦੋਸ਼ ਲਾਏ ਜਾ ਰਹੇ ਹਨ।

ਅਸਲ ਨੁਕਤਾ ਇਸ ਚੈਨਲ ਵੱਲੋਂ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਇਤਿਹਾਸਕ ਕਿਸਾਨ ਘੋਲ਼ ਦੀ ਦਰੁਸਤ ਨਿਰਪੱਖ ਕਵਰੇਜ ਦਲੇਰੀ ਨਾਲ ਕਰਨ ਦਾ ਹੈ। ਜਦੋਂ ਕਿ ਬਹੁਤੇ ਚੈਨਲ ਗੋਦੀ ਮੀਡੀਆ ਦਾ ਰੂਪ ਧਾਰ ਕੇ ਮੋਦੀ ਹਕੂਮਤ ਦੇ ਹਰ ਝੂਠ ਨੂੰ ਵਡਿਆਉਣ ਵਿੱਚ ਮਗਨ ਸਨ। ਇਸ ਚੈਨਲ ਵੱਲੋਂ ਅੱਜ ਵੀ ਭਾਜਪਾ ਹਕੂਮਤ ਦੇ ਹਰ ਝੂਠ ਦਾ ਪਰਦਾਫਾਸ਼ ਬੇਖੌਫ਼ ਹੋ ਕੇ ਕੀਤਾ ਜਾ ਰਿਹਾ ਹੈ।

ਭਾਜਪਾ ਦੀ ਫਿਰਕੂ ਫਾਸ਼ੀ ਸੋਚ ਤਹਿਤ ਥਾਂ ਥਾਂ ਘੱਟ ਗਿਣਤੀਆਂ ਉੱਤੇ ਕੀਤੇ ਜਾ ਰਹੇ ਹਮਲਿਆਂ ਨੂੰ ਫਿਰਕੂ ਏਕਤਾ ਦੇ ਪੈਂਤੜੇ ਤੋਂ ਨਸ਼ਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਨਿਊਜ਼ ਕਲਿੱਕ ਦੇ ਰਿਪੋਰਟਰਾਂ ਉੱਤੇ ਸ਼ੁਰੂ ਕੀਤਾ ਜਾਬਰ ਸਿਲਸਿਲਾ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।