Three Rivers-
1947 ਈ. ਵਿਚ ਭਾਰਤ ਆਜ਼ਾਦ ਹੋ ਗਿਆ ਪਰ ਪੰਜਾਬ ਤੇ ਬੰਗਾਲ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਪੰਜਾਬ ਦੀ ਤਕਸੀਮ ਦੇ ਸਿੱਟੇ ਵਜੋਂ ਇਕ ਵੱਡਾ ਵਾਹੀ-ਯੋਗ ਹਿੱਸਾ ‘ਲਹਿੰਦੇ ਪੰਜਾਬ’ ਵਿਚ ਚਲਿਆ ਗਿਆ। ਪੰਜਾਬੀਆਂ ਵਲੋਂ ਬੜੀ ਮਿਹਨਤ ਨਾਲ ਜਰਖੇਜ਼ ਕੀਤੀਆਂ ਬਾਰਾਂ ਜਿਵੇਂ ਗੰਜੀ ਬਾਰ, ਸਾਂਦਲ ਬਾਰ, ਛਾਂਗੇ-ਮਾਂਗੇ ਦੀ ਬਾਰ ਆਦਿਕ ਸਭ ਬਾਰਾਂ, ਲਹਿੰਦੇ ਪੰਜਾਬ ਦੇ ਹਿੱਸੇ ਆ ਗਈਆਂ। ਚੜ੍ਹਦੇ ਪਾਸੇ ਉੱਜੜ ਕੇ ਆਏ ਹਿੰਦੂ-ਸਿੱਖ ਪੰਜਾਬੀਆਂ ਨੂੰ ਬਹੁਤ ਘੱਟ ਵਾਹੀ-ਯੋਹ ਜ਼ਮੀਨ ਮਹਿਸੂਸ ਹੋਈ।ਜਿਹੜੀ ਜ਼ਮੀਨ ਨਸੀਬ ਹੋਈ, ਉਹ ਵੀ ਹਰ ਸਾਲ ਹੜ੍ਹਾਂ ਦੀ ਭੇਟ ਚੜ੍ਹ ਜਾਂਦੀ।
ਪੰਜ ਦਰਿਆਵਾਂ ਵਜੋਂ ਜਾਣੇ ਜਾਂਦੇ ਮਹਾਂ ਪੰਜਾਬ ਤੋਂ ਅੱਡ ਹੋਏ ਚੜ੍ਹਦੇ ਪੰਜਾਬ ਕੋਲ ਸਿਰਫ ਢਾਈ ਕੁ ਦਰਿਆਵਾਂ ਸਤਲੁਜ, ਬਿਆਸ ਤੇ ਰਾਵੀ ਦੀ ਮਾਲਕੀ ਹੀ ਬਚੀ। ਰਾਵੀ ਜੰਮੂ ਦੇ ਮਾਧੋਪੁਰ ਬਾਰਡਰ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਜ਼ਿਲ੍ਹੇ ਨੂੰ ਛੂੰਹਦੀ ਪਾਕਿਸਤਾਨ ਵਾਲੇ ਪਾਸੇ ਜਾ ਵੜੀ।ਇਹਨਾਂ ਢਾਈ ਦਰਿਆਵਾਂ ਨੇ ਵੀ ਵਰਖਾ ਰੁੱਤ ਵਿਚ ਪੰਜਾਬੀਆਂ ਦਾ ਜੀਣਾ ਮੁਹਾਲ ਕਰ ਦਿੱਤਾ। ਸੰਨ 1947 ਈ. ਤੋਂ ਬਾਅਦ ਚੜ੍ਹਦਾ ਪੰਜਾਬ ਅਕਸਰ ਹੜ੍ਹਾਂ ਦੀ ਭੇਟ ਚੜ੍ਹਦਾ ਰਹਿੰਦਾ।ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਹਾੜਾਂ ਵਾਲੇ ਪਾਸਿਓਂ ਆਉਂਦੇ ਪਾਣੀ ਨੂੰ ਕਿਸੇ ਵੱਡੀ ਝੀਲ ਦੇ ਜ਼ਰੀਏ ਪਹਾੜਾਂ ਵਿਚ ਹੀ ਕਾਬੂ ਕਰਨ ਦੇ ਤਰੀਕੇ ਸੋਚੇ ਜਾਣ ਲੱਗੇ। ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੇ 1951 ਈ. ਵਿਚ ਨੰਗਲ ਤੋਂ 13 ਕੁ ਕਿਲੋਮੀਟਰ ਉਪਰ ਵੱਲ ਨੂੰ ਭਾਖੜਾ ਪਿੰਡ ਦੇ ਨੇੜੇ ਡੈਮ ਉਸਾਰਨ ਦਾ ਨੀਂਹ ਪੱਥਰ ਰੱਖ ਦਿੱਤਾ।
ਸੰਨ 1955 ਦੇ ਆਸ-ਪਾਸ ਬਹੁਤ ਵੱਡੀ ਪੱਧਰ ‘ਤੇ ਪੰਜਾਬ ਭਰ ਵਿਚ ਆਏ ਹੜ੍ਹਾਂ ਨੇ ਪੂਰੇ ਭਾਰਤ ਵਾਸੀਆਂ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਸੀ ਕਿ ਜੇਕਰ ਪੰਜਾਬ ਸੁਰੱਖਿਅਤ ਹੈ ਤਾਂ ਪੂਰਾ ਦੇਸ ਸੁਰੱਖਿਅਤ ਹੈ।ਦੇਸ ਦੇ ਅੰਨ-ਭੰਡਾਰ ਲਈ ਪੂਰਾ ਭਾਰਤ ਵਰਸ਼ ਸ਼ੁਰੂ ਤੋਂ ਹੀ ਪੰਜਾਬੀਆਂ ਦੇ ਮੂੰਹ ਵੱਲ ਵੇਖਦਾ ਰਿਹਾ ਹੈ।ਉਸ ਵੇਲੇ ਦੇ ਪ੍ਰਧਾਨ-ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਮਿਲ ਕੇ ਇਕ ਬਹੁ-ਦਿਸ਼ਾਵੀ ਵਿਚਾਰ-ਚਰਚਾ ਆਰੰਭੀ।ਦੋਨੋਂ ਹੀ ਬੜੀ ਦੂਰ ਦ੍ਰਿਸ਼ਟੀ ਦੇ ਮਾਲਕ ਸਨ ਤੇ ਉਹਨਾਂ ਵੇਲਿਆਂ ‘ਚ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਪੜ੍ਹ ਕੇ ਆਏ ਸਨ, ਜਿਨ੍ਹਾਂ ਸਮਿਆਂ ਵਿਚ ਮੈਟ੍ਰਿਕ ਪਾਸ ਹੋਣਾ ਹੀ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੁੰਦਾ ਸੀ।
ਪਰਤਾਪ ਸਿੰਘ ਕੈਰੋਂ ਬੇਸ਼ੱਕ ਵੇਖਣ ਨੂੰ ਸਿੱਧ-ਪੱਧਰੇ ਜੱਟ ਸੁਭਾਅ ਦੇ ਬੰਦੇ ਜਾਪਦੇ ਸਨ ਪਰ ਉਹ ਅਮਰੀਕਾ ਦੀ ਟਾੱਪ-ਕਲਾਸ ‘ਮਿਸ਼ੀਗਨ ਯੂਨੀਵਰਸਿਟੀ’ ਵਿਚੋਂ ਰਾਜਨੀਤਕ ਸ਼ਾਸਤਰ ਦੀ ਮਾਸਟਰ ਡਿਗਰੀ ਪਾਸ ਸਨ। ਇਸ ਦੇ ਨਾਲ ਹੀ ਉਹਨਾਂ ਨੇ ਅਮਰੀਕਾ ਦੀ ਇਕ ਹੋਰ ਵਿਸ਼ਵ ਪ੍ਰਸਿੱਧ ‘ਯੂਨੀਵਰਸਿਟੀ ਆੱਫ ਕੈਲੇਫੋਰਨੀਆਂ’ ਤੋਂ ਅਰਥ ਸ਼ਾਸਤਰ ਦੀ ਮਾਸਟਰ ਡਿਗਰੀ ਹਾਸਲ ਕੀਤੀ ਹੋਈ ਸੀ। ਨਿਰਸੰਦੇਹ ਉਹ ਆਪਣੇ ਸਮਿਆਂ ਦਾ ਵਿਦੇਸ਼ ਤੋਂ ਡਬਲ ਐਮ.ਏ. ਪਾਸ ਵਿਲੱਖਣ ਪ੍ਰਤਿਭਾ ਦਾ ਮਾਲਕ ਸੀ।ਪਰਤਾਪ ਸਿੰਘ ਕੈਰੋਂ ਦੀ ਖੇਤੀ ਖੇਤਰ ਵਿਚ ਕਾਫੀ ਦਿਲਚਸਪੀ ਸੀ। ਉਸ ਨੇ ਅਮਰੀਕਾ ਦੇ ਖੇਤੀ ਫਾਰਮਾਂ ਅਤੇ ਵੱਡੀਆਂ ਮਿੱਲਾਂ ਵਿਚ ਖੁਦ ਕੰਮ ਕੀਤਾ ਸੀ। ਉੱਥੋਂ ਦੀਆਂ ਖੇਤੀ-ਨੀਤੀਆਂ ਨੂੰ ਜਾਣਿਆ। ਅਮਰੀਕਾ ਦੀਆਂ ਸਿੰਚਾਈ ਸਕੀਮਾਂ ਤੇ ਡੈਮਾਂ ਨੂੰ ਨੀਝ ਨਾਲ ਵੇਖਿਆ-ਪਰਖਿਆ। ਇਕ ਐਸੀ ਵਿਸ਼ਾਲ ਦ੍ਰਿਸ਼ਟੀ ਲੈ ਕੇ ਉਹ ਭਾਰਤ ਵਾਪਸ ਪਰਤਿਆ ਸੀ।ਉਸ ਨੇ ਲੰਮਾ ਸਮਾਂ ਦੇਸ ਦੀ ਆਜ਼ਾਦੀ ਦੇ ਘੋਲ ਵਿਚ ਵੀ ਹਿੱਸਾ ਪਾਇਆ। ਦੇਸ ਆਜ਼ਾਦ ਹੋਣ ਤੋਂ ਬਾਅਦ ਉਹ ‘ਮੁੜ-ਵਸੇਬਾ ਮੰਤਰੀ’ (ਸੰਨ 1947-49) ਵੀ ਰਿਹਾ।ਲਹਿੰਦੇ ਪੰਜਾਬੋਂ ਉੱਜੜ ਕੇ ਆਏ ਪੰਜਾਬੀਆਂ ਦੀ ਉਸ ਨੇ ਘੁੱਟ ਕੇ ਬਾਂਹ ਫੜੀ।ਉਸ ਦੇ ਨਾਲ ਇਕ ਹੋਰ ਸਿਰੇ ਦਾ ਆਈ.ਸੀ.ਐਸ. ਅਫਸਰ ਡਾ. ਮਹਿੰਦਰ ਸਿੰਘ ਰੰਧਾਵਾ ਜੁੜ ਗਿਆ। ਉੱਜੜੇ-ਪੁੱਜੜੇ ਪੰਜਾਬੀਆਂ ਨੂੰ ਪੰਜਾਬ ਸਮੇਤ ਹੋਰ ਦੂਜੇ ਸੂਬਿਆਂ ਵਿਚ ਵਸਾਉਣ ਲਈ ਇਹਨਾਂ ਦਨਿਾਂ ਸ਼ਖਸੀਅਤ ਨੇ ਆਪਣੀ ਪੂਰੀ ਵਾਹ ਲਾਈ।
ਹੌਲੀ-ਹੌਲੀ ਤਰੱਕੀ ਕਰਦਾ ਪਰਤਾਪ ਸਿੰਘ ਕੈਰੋਂ 21 ਜਨਵਰੀ 1956 ਈ. ਨੂੰ ਸਾਂਝੇ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ। ਉਸ ਵਕਤ ਹਿਮਾਚਲ ਤੇ ਹਰਿਆਣਾ ਵੀ ਪੰਜਾਬ ਦਾ ਹਿੱਸਾ ਸਨ।ਪੰਜਾਬ ਨੂੰ ਵਿਸ਼ਵ ਪੱਧਰ ਦੀ ਵਿਕਸਤ ਧਰਤੀ ਬਨਾਉਣ ਲਈ ਕੈਰੋਂ ਸਾਹਿਬ ਨੇ ਇਕ ਵੱਡਾ ਸੁਪਨਾ ਲਿਆ।ਪੰਜਾਬ ਨੂੰ ਵਿਕਸਤ ਕਰਨ ਲਈ ਸਭ ਤੋਂ ਪਹਿਲਾ ਕੰਮ ਸੀ, ਪੰਜਾਬ ਨੂੰ ਹੜ੍ਹਾਂ ਦੀ ਮਾਰ ਤੋਂ ਸੁਰੱਖਿਅਤ ਕਰਨਾ। ਸੱਤਰ-ਅੱਸੀ ਸਾਲ ਦੀ ਉਮਰ ਦੇ ਸਭ ਬਜ਼ੁਰਗ ਜਾਣਦੇ ਹਨ ਕਿ ਜਿਉਂ ਹੀ ਬਾਰਸ਼ ਪਹਾੜਾਂ ਤੇ ਵਰ੍ਹਨੀ ਸ਼ੁਰੂ ਹੁੰਦੀ ਤਾਂ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਤੇ ਕਪੂਰਥਲੇ ਦੇ ਇਲਾਕੇ ਰਾਤੋ-ਰਾਤ ਤਾਰੀਆਂ ਲਾਉਣ ਲੱਗਦੇ।ਪਾਣੀ ਦੀ ਮਾਰ ਅੱਗੇ ਵਧਦੀ ਹੋਈ ਫਿਰੋਜ਼ਪੁਰ ਤੱਕ ਪਹੁੰਚ ਕੇ ਪਾਕਿਸਤਾਨ ਵੱਲ ਨੂੰ ਵਧ ਜਾਂਦੀ। ਕੱਚੇ-ਕੋਠੇ ਢਹਿ-ਢੇਰੀ ਹੋ ਜਾਂਦੇ।ਫਸਲਾਂ ਬਰਬਾਦ ਹੋ ਜਾਂਦੀਆਂ। ਉੱਚੇ ਟਿੱਬਿਆਂ ‘ਤੇ ਬਹਿ ਕੇ ਖੁਲ੍ਹੇ ਅਸਮਾਨ ਥੱਲੇ ਰਾਤਾਂ ਗੁਜ਼ਾਰੀਆਂ ਜਾਣ ਲੱਗਦੀਆਂ। ਇਹ ਕ੍ਰਮ ਲਗਭਗ ਹਰ ਸਾਲ ਹੀ ਦੁਹਰਾਇਆ ਜਾਂਦਾ।ਪਰਤਾਪ ਸਿੰਘ ਕੈਰੋਂ ਨੇ ਇਸ ਸਮੱਸਿਆ ਦੇ ਹੱਲ ਲਈ ਆਪਣੀ ਅੰਬੈਸਡਰ ਕਾਰ ਵਿਚ ਦਿੱਲੀ ਦੇ ਕਈ ਗੇੜੇ ਲਾਏ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਉਸ ਦਾ ਪੱਕਾ ਆੜੀ ਸੀ। ਲੰਬੀ ਵਿਚਾਰ-ਚਰਚਾ, ਕਈ ਸਰਵੇਖਣਾਂ ਅਤੇ ਸਖਤ ਮਿਹਨਤ ਤੋਂ ਬਾਅਦ ਅਨੇਕਾਂ ਵਿਦੇਸ਼ੀ ਤੇ ਦੇਸੀ ਇੰਜੀਨੀਅਰਾਂ ਦੀ ਹੱਡ-ਭੰਨਵੀਂ ਮਿਹਨਤ ਨਾਲ ਭਾਖੜਾ ਡੈਮ ਦਾ ਕੰਮ ਹੁਣ ਪੂਰੇ ਜ਼ੋਰ-ਸ਼ੋਰ ਨਾਲ ਆਰੰਭ ਦਿੱਤਾ ਗਿਆ ਤੇ ਲੰਬੀ ਘਾਲਣਾ ਤੋਂ ਬਾਅਦ 1963 ਈ. ਵਿਚ ਇਹ ਸੁਪਨ-ਮਈ ਪ੍ਰਾਜੈਕਟ ਮੁਕੰਮਲ ਹੋ ਗਿਆ।
ਸਤਲੁਜ ਦੇ ਆਪ-ਮੁਹਾਰੇ ਪਾਣੀਆਂ ਨੂੰ ਹੁਣ ਬੰਨ੍ਹ ਵੱਜ ਚੁੱਕਾ ਸੀ।ਸਤਲੁਜ ਦੇ ਕੈਚਮੈਂਂਟ ਏਰੀਏ ਨੂੰ ਕਾਬੂ ਕਰਨ ਲਈ ੯੦ ਕਿਲੋਮੀਟਰ ਲੰਮੀ ਝੀਲ ਉਸਾਰ ਦਿੱਤੀ ਗਈ। ਪੁਰਾਣੀ ਕਹਿਲੂਰ ਰਿਆਸਤ ( ਹਿਮਾਚਲ ਦਾ ਅਜੋਕਾ ਬਿਲਾਸਪੁਰ) ਲਗਭਗ ਪੂਰੀ ਤਰ੍ਹਾਂ ਇਸ ਝੀਲ ਵਿਚ ਗਰਕ ਹੋ ਗਈ।ਇਹ ਕੁਦਰਤ ਦਾ ਆਪਣੀ ਕਿਸਮ ਦਾ ਅਨੋਖਾ ਵਰਤਾਰਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਨਿਰੰਤਰ ਦਸਤ-ਪੰਜਾ ਲੈਂਦੇ ਰਹਿਣ ਵਾਲੇ ਭੀਮ ਚੰਦ ਦੀ ਕਹਿਲੂਰ ਰਿਆਸਤ ਸਦਾ ਲਈ ਭਾਖੜਾ ਡੈਮ ਦੇ ਪਾਣੀਆਂ ਵਿਚ ਸਮਾ ਗਈ ਤੇ ਇਸ ਰਿਆਸਤ ਨੇ ਝੀਲ ਦੇ ਰੂਪ ਵਿਚ ਕਲਗੀਧਰ ਪਾਤਸ਼ਾਹ ਦੇ ਨਾਂ ‘ਗੋਬਿੰਦ ਸਾਗਰ’ ਨੂੰ ਸਦਾ ਲਈ ਅਪਨਾ ਲਿਆ।ਲਗਭਗ 170 ਵਰਗ ਕਿ.ਮੀ. ਖੇਤਰ ਵਿਚ ਫੈਲੀ ਇਸ ‘ਗੋਬਿੰਦ ਸਾਗਰ’ ਝੀਲ ਦਾ ਨਿੱਤਰਿਆ ਪਾਣੀ ਹੁਣ ਪੰਜਾਬ ਸਮੇਤ ਗੁਆਂਢੀ ਰਾਜਾਂ ਦੇ ਬਾਸ਼ਿੰਦਿਆਂ ਅਤੇ ਉਹਨਾਂ ਦੀਆਂ ਫਸਲਾਂ ਦੀ ਪਿਆਸ ਬੁਝਾਉਣ ਲੱਗਾ।ਭਾਖੜਾ ਬੰਨ੍ਹ ਦੇ ਉੱਪਰ ਲੱਗੀਆਂ ਵੱਡੀਆਂ ਟਰਬਾਈਨਾਂ ਚੋਂ ਨਿਕਲੀ ਬਿਜਲੀ ਨੇ ਉੱਤਰ ਭਾਰਤ ਦਾ ਹਰ ਗਲੀ-ਖੂੰਜਾ ਰੌਸ਼ਨ ਕਰ ਦਿੱਤਾ।ਸੰਨ 1982-83 ਦੇ ਆਸ-ਪਾਸ ਮੇਰੇ ਘਰ ਵਿਚ ਪਹਿਲੀ ਵਾਰ ਰਾਤ ਨੂੰ ਜਗਿਆ ਬਿਜਲੀ ਦਾ ਲਾਟੂ (ਬਲਬ) ਮੈਨੂੰ ਅੱਜ ਵੀ ਯਾਦ ਹੈ।ਉਸ ਸਮੇਂ ਬਿਜਲੀ ਰਾਹੀਂ ਰੌਸ਼ਨੀ ਹੋਣੀ ਕਿਸੇ ਵੱਡੀ ਕਰਾਮਾਤ ਤੋਂ ਘੱਟ ਨਹੀਂ ਸੀ ਜਾਪਦੀ।
ਦੂਜੇ ਪਾਸੇ ਤਲਵਾੜੇ ਦੇ ਉੱਪਰ ਵੱਲ ਬਿਆਸ ਦੇ ਪਾਣੀਆਂ ਨੂੰ ਕਾਬੂ ਕਰਨ ਲਈ ‘ਪੌਂਗ ਡੈਮ’ (ਮਹਾਰਾਣਾ ਪਰਤਾਪ ਸਾਗਰ ਡੈਮ) ਦੀ ਉਸਾਰੀ ਵੀ 1961 ਈ. ਵਿਚ ਆਰੰਭ ਹੋ ਗਈ।ਲਗਭਗ ਬਾਰਾਂ-ਤੇਰਾਂ ਸਾਲ ਦੀ ਮਿਹਨਤ ਤੋਂ ਬਾਅਦ 42 ਕਿਲੋਮੀਟਰ ਲੰਬੀ ਤੇ 240 ਵਰਗ ਕਿਲੋਮੀਟਰ ਵਿਚ ਫੈਲੀ ਝੀਲ ਦੇ ਜ਼ਰੀਏ, 1974 ਈ. ਵਿਚ ਇਸ ਪ੍ਰਾਜੈਕਟ ਨੂੰ ਵੀ ਮੁਕੰਮਲ ਕਰ ਲਿਆ ਗਿਆ।ਸਤਲੁਜ ਤੋਂ ਬਾਅਦ ਹੁਣ ਬਿਆਸ ਦਾ ਪਾਣੀ ਵੀ ਨਿਯੰਤਰਣ ਵਿਚ ਆ ਗਿਆ।1977 ਈ. ਵਿਚ ਬਿਆਸ ਦੇ ਪਾਣੀ ਨੂੰ ਹਿਮਾਚਲ ਦੇ ਧੁਰ ਅੰਦਰਲੇ ਇਲਾਕੇ ਮੰਡੀ ਦੇ ਆਸ-ਪਾਸ ਵੀ ਕਾਬੂ ਕਰਨ ਦੇ ਯਤਨ ਹੋਏ।ਇਸ ਪ੍ਰਾਜੈਕਟ ਨੂੰ ਸਤਲੁਜ-ਬਿਆਸ ਲਿੰਕ ਪ੍ਰਾਜੈਕਟ ਵਜੋਂ ਵੀ ਜਾਣਿਆ ਜਾਂਦਾ ਹੈ।ਇਥੇ ਪੰਡੋਹ ਡੈਮ ਉਸਾਰ ਕੇ ਬਿਆਸ ਦੇ ਕੁਝ ਪਾਣੀ ਨੂੰ ਇਕ ਸੁਰੰਗ ਦੇ ਜ਼ਰੀਏ ਗੋਬਿੰਦ ਸਾਗਰ ਝੀਲ ਵਿਚ ਸੁੱਟ ਦਿੱਤਾ ਗਿਆ ਤਾਂ ਜੋ ਇਹ ਝੀਲ ਘੱਟ ਬਾਰਿਸ਼ ਵੇਲੇ ਵੀ ਲਬਾ-ਲਬ ਭਰੀ ਰਹੇ ਕਿਉਂ ਕਿ ਬਿਆਸ ਦਾ ਬਹੁਤਾ ਪਾਣੀ ਰੋਹਤਾਂਗ ਦੱਰੇ ‘ਤੇ ਪੈਂਦੀ ਬਰਫ ਤੋਂ ਹੀ ਬਣਦਾ ਹੈ।ਇਸ ਤਰ੍ਹਾਂ ਔੜ ਦੇ ਸਮਿਆਂ ਵਿਚ ਵੀ ਭਾਖੜਾ ਡੈਮ ਦੇ ਬਿਜਲੀ ਪ੍ਰਾਜੈਕਟ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਤੋਂ ਬਚਾਈ ਰੱਖਣ ਦਾ ਤਰੀਕਾ ਵੀ ਅਪਨਾ ਲਿਆ।
ਜ਼ਿਕਰਯੋਗ ਹੈ ਕਿ ਇਹ ਦੋਵੇਂ ਪ੍ਰਾਜੈਕਟ ਅਣਵੰਡੇ ਪੰਜਾਬ ਦੇ ਸਮਿਆਂ ਵਿਚ ਸ਼ੁਰੂ ਹੋਏ ਤੇ ਸਿਆਸੀ ਨੇਤਾਵਾਂ ਦੀ ਦੂਰ-ਅੰਦੇਸ਼ੀ ਤੇ ਵਚਨਬੱਧਤਾ ਨਾਲ ਤਹਿ ਸਮੇਂ ਵਿਚ ਮੁਕੰਮਲ ਹੋ ਗਏ।ਜੇਕਰ ਸੋਸ਼ਲ-ਮੀਡੀਏ ਤੇ ਆਪਾ-ਧਾਪੀ ਵਾਲਾ ਅਜੋਕਾ ਦੌਰ ਹੁੰਦਾ, ਤਾਂ ਸ਼ਾਇਦ ਹੀ ਇਹ ਪ੍ਰਾਜੈਕਟ ਨੇਪਰੇ ਚੜ੍ਹ ਪਾਉਂਦੇ।ਇਹਨਾਂ ਪ੍ਰਾਜੈਕਟਾਂ ਨੇ ਵਿਅਕਤੀਗਤ ਖੁਦਗਰਜ਼ੀ ਤੇ ਕਾਨੂੰਨੀ ਝਮੇਲਿਆਂ ਵਿਚ ਉਲਝ ਕੇ ਰਹਿ ਜਾਣਾ ਸੀ।ਇਹਨਾਂ ਪ੍ਰਾਜੈਕਟਾਂ ਵਿਚ ਪਹਾੜੀ ਲੋਕਾਂ ਦੇ ਹੋਏ ਨੁਕਸਾਨ ਨੂੰ ਵੀ ਕਦਾਚਿੱਤ ਨਹੀਂ ਭੁੱਲਣਾ ਚਾਹੀਦਾ।ਇਹਨਾਂ ਪ੍ਰਾਜੈਕਟਾਂ ਦੀ ਜਦ ਵਿਚ ਆਏ ਲੱਖਾਂ ਲੋਕਾਂ ਦੇ ਗਰ-ਬਾਹਰ ਤੇ ਜ਼ਮੀਨਾਂ ਉੱਜੜੀਆਂ।ਇਹਨਾਂ ਪ੍ਰਾਜੈਕਟਾਂ ਦੇ ਉਜਾੜੇ ਕਈ ਲੋਕ ਹਾਲੇ ਵੀ ਸਿਰ-ਥਾਏਂ ਨਹੀਂ ਹੋ ਸਕੇ।ਬੇਸ਼ੱਕ ਸਰਕਾਰ ਨੇ ਉਹਨਾਂ ਦੇ ਮੁੜ-ਵਸੇਬੇ ਦੇ ਯਤਨ ਕੀਤੇ ਪਰ ਸਰਾਕਰੀ ਤੰਤਰ ਬਾਰੇ ਆਪਾਂ ਸਭ ਭਲੀ-ਭਾਂਤ ਜਾਣੂੰ ਹੀ ਹਾਂ।ਇਹਨਾਂ ਪ੍ਰਾਜੈਕਟਾਂ ਵਿਚ ਗਈ ਹਜ਼ਾਰਾਂ ਏਕੜ ਵਾਹੀ-ਯੋਗ ਜ਼ਮੀਨ ਦੁਬਾਰਾ ਕਿਸਾਨਾਂ ਨੂੰ ਨਸੀਬ ਨਹੀਂ ਹੋ ਪਾਈ।ਲੇਖਕ ਨੂੰ ਹਿਮਾਚਲ ਵਿਚ ਘੁੰਮਦਿਆਂ ਗਾਹੇ-ਬਗਾਹੇ ਅਨੇਕਾਂ ਕਿਸਾਨ ਪਰਿਵਾਰ ਅੱਜ ਵੀ ਮਿਲਦੇ ਰਹਿੰਦੇ ਹਨ।ਕਿਸੇ ਦੇ ਬੁਝੇ ਦੀਵੇ ਨਾਲ ਸਾਡੇ ਘਰਾਂ ਦੀ ਰੁਸ਼ਨਾਈ ਹੋਈ ਹੈ, ਇਹ ਤੱਥ ਸਦਾ ਹੀ ਚੇਤੇ ਰੱਖਣਯੋਗ ਹੈ।
ਸਤਲੁਜ ਤੇ ਬਿਆਸ ਦੇ ਪਾਣੀਆਂ ਨੂੰ ਬੰਨ੍ਹ ਮਾਰਨ ਤੋਂ ਬਾਅਦ ਗੁਰਦਾਸਪੁਰ ਏਰੀਏ ਨੂੰ ਰਾਵੀ ਤੋਂ ਬਚਾਈ ਰੱਖਣ 1982 ਈ. ‘ਥੀਨ ਡੈਮ’ (ਰਣਜੀਤ ਸਾਗਰ ਡੈਮ) ਪ੍ਰਾਜੈਕਟ ਦਾ ਆਰੰਭ ਹੋ ਗਿਆ। ਇਹ ਪ੍ਰਾਜੈਕਟ ਜੰਮੂ ਵਾਲੇ ਪਾਸੇ ਬਸੌਲੀ ਤੇ ਪੰਜਾਬ ਵਾਲੇ ਪਾਸੇ ਪਠਾਨਕੋਟ ਦੇ ਇਲਾਕੇ ਨਾਲ ਜਾ ਜੁੜਦਾ ਹੈ।87 ਵਰਗ ਕਿਲੋਮੀਟਰ ਝੀਲ ਵਾਲੇ ਇਸ ਪ੍ਰਾਜੈਕਟ ਨੂੰ ਪੂਰਾ ਹੋਣ ‘ਤੇ ਸਭ ਤੋਂ ਵੱਧ ਸਮਾਂ ਲੱਗਿਆ।1984 ਈ. ਦੇ ਆਸ-ਪਾਸ ਪੰਜਾਬ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਜਿਸ ਕਾਰਨ ਅਣਸੁਖਾਵੇਂ ਹਾਲਾਤਾਂ ਦੀ ਮਾਰ ਇਸ ਪ੍ਰਾਜੈਕਟ ਉਪਰ ਵੀ ਪਈ।ਕਈ ਵਾਰ ਰੁਕ-ਰੁਕ ਕੇ ਕੰਮ ਚੱਲਦਾ ਰਿਹਾ।ਆਖਰ 1997 ਦੇ ਆਸ-ਪਾਸ ਅਕਾਲੀ ਸਰਕਾਰ ਬਣਨ ਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਪ੍ਰਾਜੈਕਟ ਵਿਚ ਭਰਪੂਰ ਦਿਲਚਸਪੀ ਲਈ ਤੇ 1999 ਈ. ਨੂੰ ਖਾਲਸਾ ਸਾਜਨਾ ਦਿਵਸ ਦੀ ਤੀਜੀ ਸ਼ਤਾਬਦੀ ਵਾਲੇ ਵਰ੍ਹੇ ਵਿਚ ਇਸ ਡੈਮ ਦਾ ਵੀ ਉਦਘਾਟਨ ਹੋ ਗਿਆ।
ਇੰਝ ਸਤਲੁਜ, ਰਾਵੀ ਤੇ ਬਿਆਸ ਦੇ ਪਾਣੀਆਂ ਨੂੰ ਨਿਯੰਤਰਿਤ ਕਰਨ ਲਈ ਲਗਭਗ ਪੰਜਾਹ ਸਾਲ ਤੱਕ ਦੇਸ ਤੇ ਵਿਦੇਸ਼ ਦੇ ਹਜ਼ਾਰਾ ਇੰਜੀਨੀਅਰਾਂ, ਤਕਨੀਕੀ ਮਾਹਰਾਂ, ਰਾਜ-ਮਿਸਤਰੀਆਂ, ਡਰਾਈਵਰਾਂ ਤੇ ਮਜ਼ਦੂਰਾਂ ਨੇ ਆਪਣੀ ਹੱਡ-ਭੰਨਵੀਂ ਮਿਹਨਤ ਦੀ ਆਹੂਤੀ ਪਾਈ। ਇਹਨਾਂ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ ਸੈਂਕੜੇ ਕਰਮਯੋਗੀਆਂ ਨੇ ਆਪਣੀਆਂ ਜਾਨਾਂ ਵੀ ਲੇਖੇ ਲਾ ਦਿੱਤੀਆਂ।ਬਹੁਤ ਸਾਰੇ ਮਜ਼ਦੂਰ ਤੇ ਇੰਜੀਨੀਅਰ ਸਦਾ ਲਈ ਨਕਾਰਾ ਵੀ ਹੋ ਗਏ।ਪਹਾੜੀ ਸੁਰੰਗਾਂ ਵਿਚ ਕੰਮ ਕਰਨਾ ਹਮੇਸ਼ਾ ਬਹੁਤ ਜ਼ੋਖਮ ਭਰਿਆ ਹੁੰਦਾ ਹੈ।ਖਾਸ ਕਰਕੇ ਬਾਰਿਸ਼ਾਂ ਦੇ ਦਿਨਾਂ ਵਿਚ ਇਹ ਕੰਮ ਸੂਈ ਦੇ ਨੱਕੇ ਚੋਂ ਲੰਘਣ ਵਾਲਾ ਹੁੰਦਾ ਹੈ।ਇਹਨਾਂ ਸਾਰੇ ਪ੍ਰਾਜੈਕਟਾਂ ਵਿਚ ਜਾਨਾਂ ਲੇਖੇ ਲਾਉਣ ਵਾਲੇ ਕਰਮਯੋਗੀਆਂ ਦੇ ਨਾਂ ਹਰ ਪ੍ਰਾਜੈਕਟ ਦੇ ਬਾਹਰ ਲੱਗੀਆਂ ਸ਼ਿਲਾਵਾਂ ਉਪਰ ਅੰਕਿਤ ਕੀਤੇ ਗਏ ਹਨ।
ਅੱਜ ਵੱਖੋ-ਵੱਖਰੇ ਡੈਮਾਂ ਤੋਂ ਬੜੇ ਨਿਯੰਤਰਿਤ ਤਰੀਕੇ ਨਾਲ ਹੇਠਲੇ ਇਲਾਕਿਆਂ ਵਿਚ ਪਾਣੀ ਛੱਡਿਆ ਜਾਂਦਾ ਹੈ।ਬੇਸ਼ੱਕ ਸਮੇਂ ਦੇ ਵਹਾਓ ਨਾਲ ਅਸੀਂ ਕਲ-ਕਲ ਕਰਦੇ ਆਪ-ਮੁਹਾਰੇ ਵਹਿੰਦੇ ਦਰਿਆਵਾਂ ਦਾ ਵਹਿਣਾ ਭੁੱਲ ਚੁੱਕੇ ਹਾਂ।ਇਸ ਲਈ ਬਹੁਤ ਸਾਰੇ ਲੋਕਾਂ ਨੇ ਦਰਿਆਵਾਂ ਦੇ ਐਨ ਵਿਚਕਾਰ ਖੇਤੀ-ਫਾਰਮ ਸ਼ਿੰਗਾਰ ਲਏ ਹਨ।ਕਈਆਂ ਨੇ ਤਿੰਨ ਮੰਜਲਾ ਕੋਠੀਆਂ ਵੀ ਖੜ੍ਹੀਆਂ ਕਰ ਲਈਆਂ ਹਨ ਪਰ ਜਦ ਝੀਲਾਂ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਛੂਹਣ ਲੱਗਦਾ ਹੈ ਤਾਂ ਫਿਰ ਡੈਮਾਂ ਤੋਂ ਪਾਣੀ ਛੱਡਣਾ ਯਕੀਨੀ ਬਣ ਜਾਂਦਾ ਹੈ।ਉਸ ਵਕਤ ਦਰਿਆਈ ਇਲਾਕਿਆਂ ‘ਚ ਵਸੇ ਲੋਕਾਂ ਦੀ ਹਾਲਤ ਬੜੀ ਤਰਸਯੋਗ ਹੋ ਜਾਂਦੀ ਹੈ।
ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਸਤਲੁਜ, ਬਿਆਸ ਤੇ ਰਾਵੀ ਦੇ ਘੱਟੋ-ਘੱਟ ਅੱਧਾ-ਅੱਧਾ ਕਿਲੋਮੀਟਰ ( 500 ਮੀਟਰ ) ਚੌੜਾਈ ਵਾਲੇ ਇਲਾਕੇ ਦੀ ਪੂਰੀ ਨਿਸ਼ਾਨਦੇਹੀ ਕਰਕੇ ਦੋਨਾਂ ਪਾਸਿਆਂ ਤੋਂ ਘੱਟੋ-ਘੱਟ ਪੰਜਾਹ-ਪੰਜਾਹ ਫੁੱਟ ਚੌੜੇ ਪੱਕੇ ਬੰਨ੍ਹ ਉਸਾਰੇ ਜਾਣ।ਵਰਖਾ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਇਕ ਵਾਰ ਦਰਿਆਈ ਖੇਤਰ ਦੀ ਪੂਰੀ-ਖਾਲ-ਖਲਾਈ ਹੋ ਜਾਣੀ ਚਾਹੀਦੀ ਹੈ।ਪਿਛਲੇ ਪੰਜਾਹ ਸਾਲਾਂ ਵਿਚ ਨਜਾਇਜ਼ ਮਾਈਨਿੰਗ ਨੇ ਅੰਦਰੂਨੀ ਮੁਹਾਂਦਰਾ ਪੂਰਾ ਵਿਗਾੜ ਰੱਖਿਆ ਹੈ।ਕਈ ਥਾਈਂ ਦਰਿਆ ਧਰਤੀ ਦੇ ਤਲ ਤੋਂ ਵੀ ਉਪਰ ਵਹਿ ਰਹੇ ਹਨ।ਇਹਨਾਂ ਦੀ ਡੂੰਘਾਈ ਨਵੇਂ ਸਿਰਿਓਂ ਹੋਣੀ ਨਿਹਾਇਤ ਜ਼ਰੂਰੀ ਹੈ।ਬੇਸ਼ੱਕ ਪ੍ਰਾਜੈਕਟ ਵੱਡਾ ਹੈ ਪਰ ਅਜੋਕੇ ਦੌਰ ਵਿਚ ਮਸ਼ੀਨਰੀ ਤੇ ਹੋਰ ਸਾਧਨ ਵੀ ਬੇਸ਼ੁਮਾਰ ਆ ਚੁੱਕੇ ਹਨ।ਦਰਿਆਵਾਂ ਦੇ ਇਸ ਖੇਤਰ ਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਕੂੜਾ-ਕਰਕਟ ਸੁੱਟਣ ਦੀ ਮਨਾਹੀ ਹੋਵੇ।ਕਿਸੇ ਵੀ ਪ੍ਰਕਾਰ ਦੀ ਫਸਲ ਬੀਜਣ, ਮਾਈਨਿੰਗ ਕਰਨ ਜਾਂ ਰਿਹਾਇਸ਼ੀ ਕਬਜ਼ੇ ਕਰਨ ਦੀ ਕਦਾਚਿੱਤ ਇਜਾਜ਼ਤ ਨਾ ਹੋਵੇ। ਅਜਿਹਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਨਿਗਰਾਨੀ ਕਰਨ ਲਈ ਦਸ-ਦਸ ਕਿਲੋਮੀਟਰ ਦੇ ਏਰੀਏ ਦਾ ਇਕ ‘ਬੀਟ ਇੰਚਾਰਜ’ ਹੋਵੇ, ਜੋ ਆਪਣੇ ਖੇਤਰ ‘ਤੇ ਬਾਜ ਅੱਖ ਰੱਖੇ।ਇਹ ਕੰਮ ਡਰੇਨਜ਼ ਮਹਿਕਮੇ ਦੇ ਹੱਥ ਦਿੱਤਾ ਜਾਵੇ। ਡਰੇਨਜ਼ ਮਹਿਕਮੇ ਨੂੰ ਲੋੜ ਮੁਤਾਬਕ ਫੰਡ ਮੁਹੱਈਆ ਕਰਵਾਏ ਜਾਣ।ਜੇਕਰ ਉਪਰੋਕਤ ਕੁਝ ਕੁ ਸੁਝਾਵਾਂ ਉੱਪਰ ਅਮਲ ਕੀਤਾ ਜਾਵੇ ਤਾਂ ਆਉਣ ਵਾਲੇ ਸਮੇਂ ਵਿਚ ਹੜ੍ਹਾਂ ਤੋਂ ਵੀ ਬਚਿਆ ਜਾ ਸਕਦਾ ਹੈ ਤੇ ਡੈਮਾਂ ਦਾ ਵੀ ਭਰਪੂਰ ਲਾਹਾ ਲਿਆ ਜਾ ਸਕਦੈ। ਆਓ! ਡੈਮਾਂ ਦੇ ਬਹੁ-ਮੰਤਵੀ ਪ੍ਰਾਜੈਕਟਾਂ ਨੂੰ ਸਿਜਦਾ ਕਰੀਏ, ਜਿਨ੍ਹਾਂ ਨੇ ਸਾਨੂੰ ਹੜ੍ਹਾਂ ਤੋਂ ਹੀ ਨਹੀਂ ਬਚਾਇਆ ਸਗੋਂ ਸਾਡੇ ਘਰਾਂ ਤੇ ਗਲੀ-ਮੁਹੱਲਿਆਂ ਨੂੰ ਰੁਸ਼ਨਾਉਣ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ।
ਰਚਨਾ: ਡਾ. ਅਮਰੀਕ ਸਿੰਘ ਸ਼ੇਰ ਖਾਂ
ਪਿੰਡ ਤੇ ਡਾ: ਸ਼ੇਰ ਖਾਂ (ਫਿਰੋਜ਼ਪੁਰ)
ਮੋਬਾ:98157-58466