ਅਖੌਤੀ ਸਿੱਖਿਆ ਕ੍ਰਾਂਤੀ ਵਿਵਾਦਾਂ ਚ! ਅਧਿਆਪਕਾਂ ਨੂੰ mstar ਈ-ਪੰਜਾਬ ਐਪ ਰਾਹੀਂ ਬਣਾਇਆ ਡਾਟਾ ਐਂਟਰੀ ਆਪਰੇਟਰ
msatar ਈ-ਪੰਜਾਬ ਐਪ ਨੇ ਅਧਿਆਪਕਾਂ ਨੂੰ ਪੜ੍ਹਾਈ ਛੱਡ ਡਾਟਾ ਐਂਟਰੀ ਬਣਾਇਆ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਐਪ ਤੇ ਵਿਦਿਆਰਥੀ ਅਧਿਆਪਕ ਹਾਜ਼ਰੀ ਨੇ ਸਮਾਂ ਕੀਤਾ ਬਰਬਾਦ -ਜਸਵਿੰਦਰ ਸਿੰਘ ਸਮਾਣਾ
ਅਧੂਰੇ ਐਪ ਕਰਕੇ ਬੱਚਿਆਂ ਦੀ ਪੜ੍ਹਾਈ ਤੇ ਪੈ ਰਿਹਾ ਅਸਰ -ਪਰਮਜੀਤ ਸਿੰਘ ਪਟਿਆਲਾ
ਪਟਿਆਲਾ, 9 ਅਪ੍ਰੈਲ 2026:
ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ, ਬੱਚਿਆਂ ਦੀ ਹਾਜ਼ਰੀ ਅਤੇ ਅਧਿਆਪਕਾਂ ਦੀ ਹਾਜ਼ਰੀ ਲਈ ਐਮ ਸਟਾਰ ਈ ਪੰਜਾਬ ਲਾਗੂ ਕਰ ਦਿੱਤਾ ਗਿਆ ਹੈ। ਇਹ ਐਮ ਸਟਾਰ ਐਪ ਅਧਿਆਪਕਾਂ ਲਈ ਸਿਰਦਰਦੀ ਬਣ ਚੁੱਕਿਆ ਹੈ। ਇਸ ਐਪ ਕਰਕੇ ਜਿਹੜਾ ਸਮਾਂ ਅਧਿਆਪਕਾਂ ਨੇ ਬੱਚਿਆਂ ਦੀ ਪੜ੍ਹਾਈ ਤੇ ਲਗਾਉਣਾ ਸੀ ਉਹ ਹੁਣ ਸਾਰਾ ਸਮਾਂ ਇਸ ਐਪ ਦੇ ਦੁਆਲੇ ਹੀ ਨਿਕਲਦਾ ਹੈ।
ਜਿੱਥੇ ਇਸ ਪ੍ਰਣਾਲੀ ਨਾਲ ਪਾਰਦਰਸ਼ੀ ਢੰਗ ਨਾਲ ਸਾਰੀ ਪ੍ਰਕਿਰਿਆ ਨੂੰ ਲਾਗੂ ਕਰਨਾ ਸੀ ਉੱਥੇ ਹੀ ਪ੍ਰਬੰਧਕੀ ਕਾਰਨਾਂ ਕਰਕੇ ਇਸ ਦੀ ਜਮੀਨੀ ਹਕੀਕਤ ਹੋਰ ਹੈ। ਅਧਿਆਪਕਾਂ ਨੂੰ ਕਈ ਤਕਨੀਕੀ ਅਤੇ ਪ੍ਰਬੰਧਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਐਮ.ਸਟਾਰ ਈ ਪੰਜਾਬ ਦੇ ਨਾਂ ਉੱਤੇ ਸਿੱਖਿਆ ਵਿਭਾਗ ਨੇ ਇੱਕ ਨਿੱਜੀ ਕੰਪਨੀ ਨਾਲ ਮਿਲ ਕੇ ਬਣਾਇਆ ਹੈ। ਇਸ ਮੋਬਾਇਲ ਐਪ ਰਾਹੀਂ ਹਰ ਰੋਜ਼ ਨੀਅਤ ਸਮੇਂ ਵਿੱਚ ਹਾਜਰੀ ਲਗਾਉਣ ਦੀ ਜਿੰਮੇਵਾਰੀ ਅਧਿਆਪਕਾਂ ਲਈ ਵੱਡੀ ਚੁਣੌਤੀ ਬਣ ਗਈ ਹੈ।
ਸਾਰੇ ਸੂਬੇ ਅੰਦਰ ਇੱਕੋ ਸਮੇਂ ਐਪ ਚੱਲਣ ਕਾਰਨ ਸਰਵਰ ਬਿਜ਼ੀ ਹੋ ਜਾਂਦਾ ਹੈ ਅਤੇ ਹਾਜ਼ਰੀ ਨਹੀਂ ਲੱਗਦੀ ਜਿਸ ਕਾਰਨ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਅਧਿਆਪਕ ਸਕੂਲ ਸਮੇਂ ਸਿਰ ਹਾਜ਼ਰ ਹੋ ਜਾਂਦੇ ਹਨ ਤਾਂ ਬਾਅਦ ਵਿੱਚ ਇਹ ਅਧਿਆਪਕਾਂ ਨੂੰ ਆਪਣੇ ਆਪ ਨੂੰ ਗੈਰ ਹਾਜ਼ਰ ਕਰ ਦਿੰਦਾ ਹੈ। ਅਤੇ ਫਿਰ ਤੋਂ ਹਾਜ਼ਰ ਹੋਣ ਲਈ ਮਜਬੂਰ ਕਰਦਾ ਹੈ।
ਅਧਿਆਪਕਾਂ ਆਗੂਆਂ ਨੇ ਦੱਸਿਆ ਕਿ ਪਿੰਡਾਂ ਵਿੱਚ ਇੰਟਰਨੈਟ ਦੀ ਗਤੀ ਬਹੁਤ ਹੀ ਧੀਮੀ ਜਾਂ ਕਈ ਵਾਰ ਨੈੱਟਵਰਕ ਉਪਲਬਧ ਹੀ ਨਹੀਂ ਹੁੰਦਾ ਇਸ ਕਰਕੇ ਅਨੇਕਾਂ ਅਧਿਆਪਕ ਸਮੇਂ ਸਿਰ ਹਾਜ਼ਰੀ ਦਰਜ ਨਹੀਂ ਕਰ ਪਾਉਂਦੇ। ਉਹਨਾਂ ਕਿਹਾ ਕਿ ਇਸੇ ਐਪ ਤੇ ਵਿਦਿਆਰਥੀਆਂ ਦੀ ਹਾਜ਼ਰੀ ਲਗਾਉਣਾ ਵੀ ਕੋਈ ਸੌਖੀ ਪ੍ਰਕਿਰਿਆ ਨਹੀਂ ਹੈ।
ਅਧਿਆਪਕ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਸਮੇਂ ਤੇ ਈ ਪੰਜਾਬ, ਆਈਐਚ ਆਰਐਮਐਸ, ਪੰਜਾਬ ਐਜੂਕੇਸ਼ਨ ਐਪ ਇੰਸਟਾਲ ਕਰਨ ਦੇ ਹੁਕਮ ਦਿੱਤੇ ਜਾਂਦੇ ਰਹਿੰਦੇ ਹਨ । ਇਹਨਾਂ ਐਪਾਂ ਰਾਹੀਂ ਵੱਖ-ਵੱਖ ਕਿਸਮਾਂ ਦੀਆਂ ਜਾਣਕਾਰੀਆਂ ਮੰਗੀਆਂ ਜਾਂਦੀਆਂ ਹਨ ।ਇਸ ਤੋਂ ਇਲਾਵਾ ਹਰ ਰੋਜ਼ ਕੋਈ ਨਾ ਕੋਈ ਗੂਗਲ ਸ਼ੀਟਗੂਗਲ ਫਾਰਮ ਭੇਜੀ ਜਾਂਦੇ ਹਨ। ਜੋ ਅਧਿਆਪਕਾਂ ਦੁਆਰਾ ਹੀ ਭਰੇ ਜਾਂਦੇ ਹਨ।
ਇਹਨਾਂ ਐਪਾਂ ਗੂਗਲ ਸ਼ੀਟਾਂ ਰਾਹੀਂ ਡਾਟਾ ਇਕੱਠਾ ਕਰਨ ਪ੍ਰਕਿਰਿਆ ਨੇ ਅਧਿਆਪਕਾਂ ਨੂੰ ਅਸਲ ਕੰਮ ਪੜਾਉਣ ਤੋਂ ਛੁਡਾ ਕੇ ਡਾਟਾ ਐਂਟਰੀ ਆਪਰੇਟਰ ਬਣਾ ਦਿੱਤਾ ਹੈ। ਜਿਸ ਦਾ ਅੰਤਿਮ ਨੁਕਸਾਨ ਵਿਦਿਆਰਥੀਆਂ ਨੂੰ ਸਹਿਣਾ ਪੈ ਰਿਹਾ ਹੈ। ਵਿਦਿਆਰਥੀਆਂ ਤੇ ਅਧਿਆਪਕਾਂ ਲਈ ਪਹਿਲਾਂ ਤੋਂ ਚੱਲ ਰਹੀ ਈ ਪੰਜਾਬ ਪੋਰਟਲ ਨੂੰ ਬੰਦ ਕਰਨਾ ਗਲਤ ਹੈ। ਅਧਿਆਪਕਾਂ ਨੇ ਇਸ ਪੋਰਟਲ ਤੇ ਕੰਮ ਕਰਨ ਮਹਾਰਤ ਹਾਸਲ ਕਰ ਲਈ ਸੀ।
ਪਰ ਨਵੇਂ ਪੋਰਟਲ ਦੇ ਅਤਿ ਗੁੰਜਲਦਾਰ ਹੋਣ ਕਰਕੇ ਇਸ ਤੇ ਸਮੇ ਦੀ ਵਧੇਰੇ ਬਰਬਾਦੀ ਹੋ ਰਹੀ ਹੈ। ਨਵੇਂ ਪੋਰਟਲ ਤੇ ਸਾਰੇ ਵਿਦਿਆਰਥੀਆਂ ਦੇ ਦਾਖਲਾ ਨੰਬਰ ਬਦਲ ਦਿੱਤੇ ਗਏ ਹਨ। ਜਿਸ ਕਾਰਨ ਅਧਿਆਪਕਾਂ ਨੂੰ ਨੰਬਰ ਦਰੁਸਤ ਕਰਨੇ ਪੈ ਰਹੇ ਹਨ। ਪੋਰਟਲ ਦੀ ਧੀਮੀ ਗਤੀ ਕਾਰਨ ਜਿੱਥੇ ਨਵੇਂ ਦਾਖਲਾ ਲੈਣ ਵਿੱਚ ਬੱਚਿਆਂ ਨੂੰ ਦਿੱਕਤਾਂ ਆ ਰਹੀਆਂ ਹਨ ਉੱਥੇ ਹੀ ਅਧਿਆਪਕ ਘੰਟਿਆਂ ਬੰਧੀ ਫੋਨਾਂ ਜਾਂ ਕੰਪਿਊਟਰਾਂ ਸਕਰੀਨਾਂ ਸਾਹਮਣੇ ਗੁਜ਼ਾਰ ਰਹੇ ਹਨ।
ਉਹਨਾਂ ਕਿਹਾ ਕਿ ਇਸ ਵਿੱਚ ਜੇ ਬੱਚੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਸਾਰਾ ਕੁਝ ਵੱਖੋ ਵੱਖਰੇ ਪੋਰਟਲ ਦਾ ਚੁੱਕਣਾ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਇਸ ਐਪ ਦਾ ਪ੍ਰਯੋਗ ਚਿੰਤਾਜਨਕ ਬਣਿਆ ਹੋਇਆ ਹੈ ਕਿਉਂਕਿ ਪ੍ਰਾਇਮਰੀ ਸਕੂਲ ਵਿੱਚ ਲਗਭਗ ਦੋ ਤੋਂ ਵੱਧ ਅਧਿਆਪਕ ਨਹੀਂ ਹੁੰਦੇ ਤਾਂ ਇੱਕ ਅਧਿਆਪਕ ਬੱਚਿਆਂ ਦੀ ਹਾਜ਼ਰੀ ਅਤੇ ਹੋਰ ਕੰਮਾਂ ਲਈ ਤੇ ਇਸ ਐਪ ਤੇ ਹੀ ਅੱਖਾਂ ਟਿਕਾਈ ਸਾਰਾ ਦਿਨ ਬੈਠਾ ਰਹਿੰਦਾ ਹੈ। ਪਰ ਕੰਮ ਫਿਰ ਵੀ ਨਹੀਂ ਹੁੰਦਾ।
ਉਹਨਾਂ ਨੇ ਮੰਗ ਕੀਤੀ ਕਿ ਇਸ ਐਪ ਨੂੰ ਬੰਦ ਕਰਕੇ ਈ ਪੰਜਾਬ ਪੋਰਟਲ ਨੂੰ ਹੀ ਚਾਲੂ ਰੱਖਿਆ ਜਾਵੇ ਤਾਂ ਜੋ ਅਧਿਆਪਕ ਇੱਕ ਸੌਖੀ ਪ੍ਰਕਿਰਿਆ ਨਾਲ ਕੰਮ ਕਰ ਸਕਣ ਅਤੇ ਬੱਚਿਆਂ ਦੀ ਪੜ੍ਹਾਈ ਤੇ ਕੋਈ ਮਾੜਾ ਅਸਰ ਨਾ ਪਵੇ।
ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ, ਜੁਗਪ੍ਰਗਟ ਸਿੰਘ, ਹਰਵਿੰਦਰ ਸਿੰਘ ਖੱਟੜਾ, ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਸਾਥੀ ਹਾਜ਼ਰ ਰਹੇ।






