ਆਜ਼ਾਦੀ ਮੰਚ ਦੇ ਨਿੱਡਰ ਨਾਇਕ

 

ਆਜ਼ਾਦੀ ਮੰਚ ਦੇ ਨਿੱਡਰ ਨਾਇਕ

ਮੁਜਰਮਾਂ ਦਾ ਕਟਹਿਰਾ ਉਸਦੇ ਲਈ ਰਾਜਨੀਤਿਕ ਮੰਚ ਸੀ ਤੇ ਜੇਲ ਕੋਠੜੀ ਅਧਿਐਨ ਕਰਨ ਲਈ ਲਾਇਬ੍ਰੇਰੀ I

ਨੌਜਵਾਨਾਂ ਲਈ ਨਵਚੇਤਨਾ ਦਾ ਪ੍ਰਤੀਕ ਤਰਕਸ਼ੀਲ,ਦੂਰ ਅੰਦੇਸ਼ੀ ਅਤੇ ਬੁੱਧੀਮਤਾ ਦਾ ਮੁਜੱਸਮਾ ਸ਼ਹੀਦੇ -ਆਜ਼ਮ- ਸ੍ਰ.ਭਗਤ ਸਿੰਘ

ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਸਿਪਾਹੀ ਅਤੇ ਦੇਸ਼ ਦੇ ਮਹਾਨ ਨਾਇਕ ਰਾਜਗੁਰੂ ,ਸੁਖਦੇਵ ,ਭਗਤ ਸਿੰਘ ਆਪਣੇ ਆਖਰੀ ਸਾਹਾਂ ਤੱਕ ਜੱਥੇਬੰਦਕ ਸੁਮੇਲ,ਦ੍ਰਿੜ ਸੰਕਲਪ ਲਈ ਸੰਗਰਾਮ ਦੇ ਰਾਹੀ ਰਹੇ I ਭਗਤ ਸਿੰਘ ਸਿਰਫ਼ ਇੱਕ ਨਾਮ ਨਹੀਂ, ਸਗੋਂ ਇੱਕ ਸੋਚ, ਇੱਕ ਜਜ਼ਬਾ ਅਤੇ ਇੱਕ ਅਜਿਹੀ ਲਹਿਰ ਹੈ ਜਿਸ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ। ਉਸਦੀ ਸ਼ਖ਼ਸੀਅਤ ਵਿੱਚ ਨਿੱਡਰਤਾ, ਬੁੱਧੀਮਾਨੀ ਅਤੇ ਕੁਰਬਾਨੀ ਦਾ ਅਨੋਖਾ ਮਿਲਾਪ ਸੀ, ਜੋ ਅੱਜ ਵੀ ਨੌਜਵਾਨਾਂ ਨੂੰ ਜਗਾਉਂਦਾ ਹੈ।

1907 ਵਿੱਚ ਜਨਮੇ ਭਗਤ ਸਿੰਘ ਨੇ ਬਚਪਨ ਤੋਂ ਹੀ ਅੰਗਰੇਜ਼ੀ ਗੁਲਾਮੀ ਦੀਆਂ ਬੇੜੀਆਂ ਨੂੰ ਸਮਝ ਲਿਆ ਸੀ। ਜਲਿਆਂ ਵਾਲਾ ਬਾਗ਼ ਵਰਗੀ ਦਰਦਨਾਕ ਘਟਨਾ ਨੇ ਉਸਦੇ ਮਨ ਵਿੱਚ ਅਜ਼ਾਦੀ ਦੀ ਅੱਗ ਹੋਰ ਭੜਕਾ ਦਿੱਤੀ।

ਗਹਿਰੇ ਵਿਚਾਰਕ, ਪੜ੍ਹਾਕੂ ਨੌਜਵਾਨ ਹੋਣ ਕਾਰਨ ਹੀ ਦੁਨੀਆ ਭਰ ਦੀਆਂ ਕ੍ਰਾਂਤੀਆਂ ਦਾ ਅਧਿਐਨ ਕਰਨ ਦੀ ਰੁਚੀ ਕਾਰਨ ਤੇ ਵਿਰਾਸਤ ਵਿੱਚ ਮਿਲੇ ਇਨਕਲਾਬੀ ਮਾਹੌਲ ਨੇ ਭਗਤ ਸਿੰਘ ਨੂੰ ਆਪਣੇ ਸਾਥੀਆਂ ਵਿੱਚ ਦਲੀਲ ਅਤੇ ਠਰੰਮੇ ਨਾਲ ਹਰ ਫੈਸਲਾ ਲੈਣ ਦੀ ਕਾਬਲੀਅਤ ਰੱਖਣ ਵਾਲਾ ਪ੍ਰਭਾਵਸ਼ਾਲੀ ਵਿਅਕਤੀ ਉਭਾਰ ਦਿੱਤਾ ਸੀ I ਰਾਜਗੁਰੂ, ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦੇ ਸਨ ਅਤੇ ਇਸ ਕਾਹਲ ਵਿੱਚ ਅਕਸਰ ਰਹਿੰਦੇ ਸਨ ਕਿ ਆਜ਼ਾਦੀ ਸੰਗਰਾਮ ਵਿੱਚ ਮੈਂ ਭਗਤ ਸਿੰਘ ਤੋਂ ਕਿਤੇ ਦੋ ਕਦਮ ਪਿੱਛੇ ਹੀ ਨਾਂ ਰਹਿ ਜਾਵਾਂ I ਖਤਰਿਆਂ ਭਰੇ ਜੀਵਨ ਵਿੱਚ ਵੀ ਰਾਜਗੁਰੂ ਆਪਣੀਆਂ ਮਨੁੱਖੀ ਸੁਭਾਅ ਦੀਆਂ ਲਾਜਵਾਬ ਬਹੁਤੀਆਂ ਆਦਤਾਂ ਕਾਰਨ ਮੰਨੋਰੰਜਨ ਦਾ ਅਮੁੱਕ ਸਰੋਤ ਬਣੇ ਰਹਿੰਦੇ ਸਨ I

ਲਾਲਾ ਲਾਜਪਤ ਰਾਏ ਉਤੇ ਲਾਠੀਆਂ ਵਰ੍ਹਾਉਣ ਦੇ ਜ਼ਿੰਮੇਵਾਰ ਪੁਲਿਸ ਸੁਪਰਡੈਂਟ ਸਕਾਟ ਨੂੰ ਮਾਰਨ ਵੇਲੇ ਵੀ ਰਾਜਗੂਰੂ ਉਤਾਵਲੇ ਸਨ ਕਿ ਜੇ ਸਕਾਟ ਪੁਲਿਸ ਦਫ਼ਤਰ ਤੋਂ ਬਾਹਰ ਨਹੀਂ ਆਉਂਦਾ ਤਾਂ ਮੈਂ ਅੰਦਰ ਜਾ ਕੇ ਈ ਮਾਰ ਆਉਂਦਾ I ਇਸ ਹਰਕਤ ਕਰਕੇ ਉਸਨੂੰ ਚੰਦਰ ਸ਼ੇਖਰ ਆਜ਼ਾਦ ਤੋਂ ਝਿੜਕਾਂ ਵੀ ਖਾਣੀਆਂ ਪਈਆਂ I ਨਾਇਬ ਪੁਲਿਸ ਸੁਪਰਡੈਂਟ ਸਾਂਡਰਸ ਨੂੰ ਰਾਜਗੁਰੂ ਨੇ ਗੋਲੀ ਮਾਰੀ ਜ਼ੋ ਲਾਲਾ ਲਾਜਪਤ ਰਾਏ ਉਤੇ ਕੀਤੇ ਗਏ ਘਾਤਕ ਹਮਲੇ ਦਾ ਓਨਾਂ ਹੀ ਜ਼ਿੰਮੇਵਾਰ ਸੀ I

1929 ਵਿੱਚ ਕੇਂਦਰੀ ਵਿਧਾਨ ਸਭਾ ਵਿੱਚ ਬੰਬ ਸੁੱਟਣ ਦੀ ਘਟਨਾ ਬੇਸ਼ੱਕ ਦਲੇਰੀ ਦਾ ਪ੍ਰਤੀਕ ਸੀ। ਭਗਤ ਸਿੰਘ ਨੇ ਇਹ ਕਦਮ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਸਗੋਂ, ਅੰਗਰੇਜ਼ੀ ਹਕੂਮਤ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਅਤੇ ਅੰਗਰੇਜ਼ੀ ਗੁਲਾਮੀਂ ਹੇਠ ਸੁੱਤੀ ਹੋਈ ਕੌਮ ਨੂੰ ਜਗਾਉਣ ਲਈ ਚੁੱਕਿਆ। “ਇਨਕਲਾਬ ਜ਼ਿੰਦਾਬਾਦ” ਦਾ ਨਾਅਰਾ ਉਸਦੀ ਸੋਚ ਦਾ ਦਰਪਣ ਸੀ, ਜੋ ਅੱਜ ਵੀ ਹਰ ਨੌਜਵਾਨ ਦੇ ਦਿਲ ਵਿੱਚ ਗੂੰਜਦਾ ਹੈ।

ਪਰ ਅੱਜ ਦੇ ਸਮੇਂ ਵਿੱਚ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਭਗਤ ਸਿੰਘ ਦੀ ਤਸਵੀਰ ਨੂੰ ਪਿਸਤੌਲ ਫੜਾ ਕੇ ਪੇਸ਼ ਕਰਨਾ ਉਹਨਾਂ ਦੇ ਚਰਿੱਤਰ ਨਾਲ ਇਨਸਾਫ਼ ਨਹੀਂ , ਨਾਂ ਹੀ ਮੁੱਛਾਂ ਨੂੰ ਵੱਟ ਦੇ ਕੇ ਜਾਂ ਉਨ੍ਹਾਂ ਵਾਂਗ ਹੈਟ ਪਹਿਨ ਕੇ ਉਨ੍ਹਾਂ ਵਰਗੇ ਬਣਿਆ ਜਾ ਸਕਦਾ ਉਸਦੀ ਅਸਲੀ ਪਹਿਚਾਣ ਉਸਦੀ ਸੋਚ, ਉਸਦੀ ਪੜ੍ਹਾਈ, ਉਸਦੀ ਇਨਸਾਫ਼ ਲਈ ਲੜਨ ਦੀ ਲਗਨ ਅਤੇ ਸਮਾਜ ਨੂੰ ਬਦਲਣ ਦੇ ਜਜ਼ਬੇ ਵਿੱਚ ਸੀ।
ਭਗਤ ਸਿੰਘ ਕਲਮ ਅਤੇ ਵਿਚਾਰਾਂ ਦੀ ਤਾਕਤ ‘ਤੇ ਵਿਸ਼ਵਾਸ ਕਰਦਾ ਸੀ, ਜੋ ਹਰ ਕਿਸੇ ਨੂੰ ਅਸਲੀ ਕ੍ਰਾਂਤੀ ਦਾ ਰਾਹ ਦਿਖਾਉਂਦੀ ਹੈ।

ਭਗਤ ਸਿੰਘ ਤੇ ਉਸਦੇ ਕਾਲਜ ਦੇ ਦੋਸਤ ਸੁਖਦੇਵ ‘ਰਿਪਬਲੀਕਰਨ ਐਸੋਸੀਏਸ਼ਨ ‘ ਦੇ ਵਿਸ਼ੇਸ਼ ਕਾਰਕੁੰਨ ਸਨ I ਦੋਹੇਂ ਵਿਚਾਰਧਾਰਕ ਲੰਬੀਆਂ ਬਹਿਸਾਂ ਦੇ ਹਿੱਸੇਦਾਰ ਰਹੇ I ਸੁਖਦੇਵ ਦੇ ਸੁਝਾਅ ਤੇ ਹੀ ਐਸੋਸੀਏਸ਼ਨ ਦਾ ਨਾਂ ਬਦਲ ਕੇ ‘ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ‘ ਕੀਤਾ ਗਿਆ I ਸੁਖਦੇਵ ਇਨਕਲਾਬੀ ਅਧਿਐਨ ਕਾਰਨ ਜਨਤਾ ਦਾ ਧਿਆਨ ਇਨਕਲਾਬੀਆਂ ਵੱਲ ਖਿੱਚਣ ਲਈ ਮੌਕਾ ਮੇਲ ਬਣਾਉਣ ਅਤੇ ਵਰਤਣ ਲਈ ਇਨਕਲਾਬੀ ਮੁਹਾਰਤ ਹਾਸਲ ਸਨ I ਸੁਖਦੇਵ ਦਾ ਵਿਚਾਰ ਸੀ ਕਿ ” ਕ੍ਰਾਂਤੀ ਕਰਨ ਲਈ ਆਪਾਂ ਵਾਰੂ ਲਗਨ ਦਾ ਹੋਣਾ ਜ਼ਰੂਰੀ ਹੈ I
ਇਨ੍ਹਾਂ ਤਿੰਨੋਂ ਕ੍ਰਾਂਤੀਕਾਰੀਆਂ ਨੇ ਆਮ ਮਨੁੱਖ ਹੁੰਦੇ ਹੋਏ ਵੀ ਖ਼ਾਸ ਮੁਕਾਮ ਹਾਸਿਲ ਕੀਤਾ।

ਅੰਤਿਮ ਇੱਛਾ ਪੁੱਛਣ ਗਏ ਭਗਤ ਸਿੰਘ ਦੇ ਵਕੀਲ ਪ੍ਰਾਣਨਾਥ ਮਹਿਤਾ ਨੇ ਦੇਸ਼ ਵਾਸੀਆਂ ਦੇ ਨਾਂ ਤੇ ਵੀ ਸੰਦੇਸ਼ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ‘ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ ‘

ਉਨਾਂ ਦੀ ਜ਼ਿੰਦਗੀ ਦਾ ਸਭ ਤੋਂ ਮਹਾਨ ਪਲ ਉਹ ਸੀ 23 ਮਾਰਚ ਜਦੋਂ ਉਨ੍ਹਾਂ ਨੇ ਹੱਸਦੇ-ਹੱਸਦੇ ਫ਼ਾਂਸੀ ਨੂੰ ਗਲੇ ਲਗਾਇਆ। ਭਰ ਉਮਰ ਵਿੱਚ ਦਿੱਤੀ ਗਈ ਉਨ੍ਹਾਂ ਦੀ ਕੁਰਬਾਨੀ ਨੇ ਪੂਰੇ ਦੇਸ਼ ਵਿੱਚ ਨਵੀਂ ਉਮੀਦ, ਜੋਸ਼ ਅਤੇ ਹੌਂਸਲਾ ਭਰਿਆ ਕਿ ਖ਼ਲਕਤ ਲਈ ਜੀਵਿਆ ਇਸ ਤਰ੍ਹਾਂ ਵੀ ਜਾਂਦਾ ਹੈ I ਉਹ ਆਖ ਗਏ ਨੇ ਕਿ ‘ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ,ਜੰਗ ਜਾਰੀ ਰਹੇਗੀ ‘ ਉਹ ਆਖ ਗਏ ਨੇ ਕਿ ਅਸੀਂ ਪੜਦੇ ਪੜਦੇ ਜਿੱਥੇ ਕਿਤਾਬ ਦਾ ਵਰਕਾ ਮੋੜ ਚੱਲੇ, ਓਥੋਂ ਅਧਿਐਨ ਕਰਨਾ ਸ਼ੁਰੂ ਕਰਨਾ ਤੇ ਦੇਸ਼ ਉਤੇ ਬਣੀ ਕਿਸੇ ਵੀ ਮੁਸੀਬਤ ਵਿੱਚ ਆਪ ਆਪ ਵਾਰਨ ਤੋਂ ਪਿੱਛੇ ਨਾਂ ਹਟਣਾ I

ਨਰਿੰਦਰ ਕੌਰ ਬੁਰਜ ਹਮੀਰਾ
97805 04913