ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀਂ ਨਹੀਂ- ਸਰਕਾਰ ਦਾ ਦਾਅਵਾ

 

ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀਂ ਨਹੀਂ- ਸਰਕਾਰ ਦਾ ਦਾਅਵਾ

ਲੋਕ ਅਫਵਾਹਾਂ ਤੋਂ ਬਚਣ ਅਤੇ ਲੋੜ ਅਨੁਸਾਰ ਹੀ ਪੈਟਰੋਲ/ਡੀਜ਼ਲ ਦੀ ਖ਼ਰੀਦ ਕਰਨ

Punjab News, 28 March 2026- 

ਪੰਜਾਬ ਸਰਕਾਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀਂ ਨਹੀਂ ਹੈ ਅਤੇ ਖ਼ਪਤਕਾਰ ਲੋੜ ਅਨੁਸਾਰ ਪੈਟਰੋਲ/ਡੀਜ਼ਲ ਦੀ ਖਰੀਦ ਕਰਨ।

ਸਾਰੇ ਪੈਟਰੋਲ ਪੰਪ ਮਾਲਕਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਪੈਟਰੋਲ ਪੰਪ ਮਾਲਕ ਜਾਂ ਉਨ੍ਹਾਂ ਦਾ ਕੋਈ ਕਰਮਚਾਰੀ ਖਪਤਕਾਰਾਂ ਤੋਂ ਸਪਲਾਈ ਦੀ ਸ਼ਾਰਟੇਜ ਦੇ ਬਹਾਨੇ ਓਵਰ ਚਾਰਜਿੰਗ ਨਾ ਕਰੇ। ਜੇਕਰ ਕੋਈ ਪੈਟਰੋਲ ਪੰਪ ਮਾਲਕ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਬੁਲਾਰੇ ਨੇ ਨੇ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਕੋਈ ਵੀ ਪੈਟਰੋਲ ਤੇ ਡੀਜ਼ਲ ਦੀ ਜਮ੍ਹਾਂਖੋਰੀ ਜਾਂ ਕਾਲਾਬਜ਼ਾਰੀ ਨਾ ਕਰੇ ਅਤੇ ਜੇਕਰ ਕੋਈ ਕਾਲਾਬਜ਼ਾਰੀ ਕਰਦਾ ਪਾਇਆ ਗਿਆ ਤਾਂ ਉਸ ਸਬੰਧੀ ਤੁਰੰਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਕਿਸੇ ਵੀ ਪੈਟਰੋਲ ਪੰਪ ਤੇ ਪੈਟਰੋਲ/ਡੀਜ਼ਲ ਦੀ ਕਿਸੇ ਵੀ ਤਰਾਂ ਦੀ ਕੋਈ ਕਿੱਲਤ ਨਹੀ ਹੈ। ਪੈਟਰੋਲ/ਡੀਜ਼ਲ ਦੀ ਸਪਲਾਈ ਦੀ ਚਿੰਤਾ ਨਾ ਕੀਤੀ ਜਾਵੇ ਅਤੇ ਪਹਿਲਾ ਵਾਂਗ ਲੋੜ ਅਨੁਸਾਰ ਹੀ ਤੇਲ ਦੀ ਖ਼ਰੀਦ ਕੀਤੀ ਜਾਵੇ।

ਕਿਸੇ ਨੂੰ ਵੀ ਇਨ੍ਹਾਂ ਵਸਤਾਂ ਦੀ ਜਮ੍ਹਾਂਖੋਰੀ ਕਰਨ ਦੀ ਲੋੜ ਨਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੈਟਰੋਲ ਪੰਪ ਮਾਲਕ ਵੱਲੋਂ ਪੈਟਰੋਲ/ਡੀਜ਼ਲ ਲਈ ਉਵਰਚਾਰਜਿੰਗ ਕੀਤੀ ਜਾ ਰਹੀ ਹੋਵੇ ਤਾਂ ਖਪਤਕਾਰ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ।

ਇਸ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਤੇਲ ਕੰਪਨੀਆਂ ਦੇ ਸੇਲਜ਼ ਅਫਸਰਾਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਤੇਲ ਕੰਪਨੀਆਂ ਦੇ ਸੇਲਜ਼ ਅਫਸਰਾਂ ਵੱਲੋਂ ਦੱਸਿਆ ਗਿਆ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ ਅਤੇ ਸਪਲਾਈ ਆਮ ਵਾਂਗ ਆ ਰਹੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਆਮ ਜਨਤਾ ਵਿੱਚ ਫੈਲ ਰਹੀਆਂ ਅਫਵਾਹਾਂ ਕਾਰਨ ਕੁਝ ਲੋਕ ਵਾਧੂ ਪੈਟਰੋਲ/ਡੀਜ਼ਲ ਖਰੀਦ ਕੇ ਜਮ੍ਹਾਂ ਕਰ ਰਹੇ ਹਨ, ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਵੀ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਬਚਦੇ ਹੋਏ ਬਿਨਾਂ ਲੋੜ ਵਾਧੂ ਪੈਟਰੋਲ/ਡੀਜ਼ਲ ਖਰੀਦ ਕੇ ਜਮ੍ਹਾਂ ਨਾ ਕਰਨ।