Punjab ਦੇ ਇਸ ਪਟਵਾਰੀ ਨੇ 21 ਸਾਲਾਂ ਦੀ ਨੌਕਰੀ ਦੌਰਾਨ ਬਣਾਈ 55 ਕਿੱਲ੍ਹੇ ਜਾਇਦਾਦ- ਵਿਜੀਲੈਂਸ ਦਾ ਸਨਸਨੀਖੇਜ਼ ਖੁਲਾਸਾ

591

 

  • ਪਟਵਾਰੀ ਨੇ 21 ਸਾਲ ਦੀ ਨੌਕਰੀ ‘ਚ ਬਣਾਈ 55 ਕਿੱਲੇ ਜ਼ਮੀਨ, ਸ਼ਹਿਰੀ ਜਾਇਦਾਦਾਂ ਵੀ ਖਰੀਦੀਆਂ ,ਵਿਜੀਲੈਂਸ ਦਾ ਖੁਲਾਸਾ

ਚੰਡੀਗੜ੍ਹ

ਪਟਵਾਰੀਆਂ ਦੇ ਮੁੱਦੇ ‘ਤੇ ਚੱਲ ਰਾਹੀਂ ਗਰਮ-ਗਰਮੀ ਦੌਰਾਨ ਮਾਲ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਬਾਰੇ ਸਨਸਨੀ ਖੇਜ਼ ਕੇਸ ਸਾਹਮਣੇ ਆਇਆ ਹੈ। ਵਿਜੀਲੈਂਸ ਦੇ ਵਲੋਂ ਹਲਕਾ ਖਨੌਰੀ ’ਚ ਤਾਇਨਾਤ ਰਹੇ ਪਟਵਾਰੀ ਬਲਕਾਰ ਸਿੰਘ ਦੀ ਜਾਇਦਾਦ ਬਾਰੇ ਵੱਡਾ ਖੁਲਾਸਾ ਕੀਤਾ ਹੈ। ਵਿਜੀਲੈਂਸ ਰੇਂਜ ਸੰਗਰੂਰ ਨੇ ਇਸ ਪਟਵਾਰੀ ਵੱਲੋਂ ਵਸੀਲਿਆਂ ਤੋਂ ਵੱਧ ਬਣਾਈ ਜਾਇਦਾਦ ਦੀ ਜਾਂਚ ਕੀਤੀ ਸੀ ਜਿਸ ’ਚ ਨਵੇਂ ਤੱਥ ਉੱਭਰ ਕੇ ਸਾਹਮਣੇ ਆਏ ਹਨ। ਬਲਕਾਰ ਸਿੰਘ ਮਾਲ ਮਹਿਕਮੇ ਵਿਚ 12 ਦਸੰਬਰ 2002 ਨੂੰ ਭਰਤੀ ਹੋਇਆ ਸੀ। ਉਸਨੇ ਆਪਣੀ 21 ਸਾਲ ਦੀ ਨੌਕਰੀ ਦੌਰਾਨ ਆਪਣੇ ਨਾਮ, ਪਤਨੀ ਦੇ ਨਾਮ ਅਤੇ ਆਪਣੀ ਮਾਤਾ ਦੇ ਨਾਮ ’ਤੇ ਕਰੀਬ ਚਾਰ ਕਰੋੜ ਦੀ ਪ੍ਰਾਪਰਟੀ ਬਣਾਈ ਹੈ ਜਿਸ ਦੀ ਮਾਰਕੀਟ ਕੀਮਤ ਕਿਤੇ ਜ਼ਿਆਦਾ ਹੋ ਸਕਦੀ ਹੈ। ਵਿਜੀਲੈਂਸ ਦੇ ਹੱਥ 1.24 ਕਰੋੜ ਦੀ ਜ਼ਮੀਨ ਹੋਰ ਖ਼ਰੀਦਣ ਦੇ ਬਿਆਨੇ ਵੀ ਲੱਗੇ ਹਨ।

ਚੇਤੇ ਰਹੇ ਕਿ ਵਿਜੀਲੈਂਸ ਨੇ ਖ਼ਾਨਗੀ ਵਸੀਅਤ ਦੇ 2018 ਦੇ ਪੁਰਾਣੇ ਕੇਸ ਵਿਚ ਬਲਕਾਰ ਸਿੰਘ ਪਟਵਾਰੀ ਅਤੇ ਫ਼ੀਲਡ ਕਾਨੂੰਨਗੋ ਦਰਸ਼ਨ ਸਿੰਘ ਨੂੰ 23 ਅਗਸਤ ਨੂੰ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ। ਇਸ ਕੇਸ ਵਿਚ ਕੁਝ ਤਕਨੀਕੀ ਨੁਕਤਿਆਂ ਨੂੰ ਲੈ ਕੇ ਸਮੁੱਚੇ ਪੰਜਾਬ ਦੇ ਪਟਵਾਰੀਆਂ ਨੇ ਰੋਸ ਵਜੋਂ ਪਹਿਲੀ ਸਤੰਬਰ ਤੋਂ ਕਲਮ ਛੋੜ ਹੜਤਾਲ ਦਾ ਐਲਾਨ ਕਰ ਦਿੱਤਾ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹੜਤਾਲ ਨਾਲ ਸਖ਼ਤੀ ਨਾਲ ਨਜਿੱਠਣ ਦਾ ਰਾਹ ਅਖ਼ਤਿਆਰ ਕੀਤਾ ਹੈ। ਇਸੇ ਦੌਰਾਨ ਹੁਣ ਵਿਜੀਲੈਂਸ ਨੇ ਪਟਵਾਰੀ ਬਲਕਾਰ ਸਿੰਘ ਦੀ ਆਮਦਨ ਦੇ ਵਸੀਲਿਆਂ ਦੀ ਜਾਂਚ ਰਿਪੋਰਟ ਤਿਆਰ ਕੀਤੀ ਹੈ। ਵਿਜੀਲੈਂਸ ਰਿਪੋਰਟ ਅਨੁਸਾਰ ਪਟਵਾਰੀ ਬਲਕਾਰ ਸਿੰਘ ਨੇ ਆਪਣੀ ਸਰਵਿਸ ਦੌਰਾਨ ਖੇਤੀਬਾੜੀ ਵਾਲੀ 55 ਏਕੜ ਜ਼ਮੀਨ 21 ਵਰ੍ਹਿਆਂ ਵਿਚ ਖ਼ਰੀਦੀ ਹੈ। ਇਸ ਤੋਂ ਇਲਾਵਾ ਪਟਿਆਲਾ ਦੀ ਨਿਊ ਅਫ਼ਸਰ ਕਲੋਨੀ ਵਿਚ 400 ਗਜ਼ ਦਾ ਰਿਹਾਇਸ਼ੀ ਪਲਾਟ, ਮਹਿੰਦਰਾ ਕੰਪਲੈਕਸ ਪਟਿਆਲਾ ਵਿਚ ਦੋ ਕਮਰਸ਼ੀਅਲ ਪਲਾਟਾਂ ਦੀ ਖ਼ਰੀਦ ਵੀ ਕੀਤੀ ਹੈ। ਉਸ ਨੇ ਕੋਠੀ ਦੀ ਉਸਾਰੀ ’ਤੇ ਪੰਜ ਲੱਖ ਖ਼ਰਚ ਕੀਤੇ ਹਨ।

ਇਨ੍ਹਾਂ ਸੰਪਤੀਆਂ ਦੀ ਸਰਕਾਰੀ ਕੀਮਤ ਕਰੀਬ 4 ਕਰੋੜ ਦੱਸੀ ਗਈ ਹੈ। ਪਟਵਾਰੀ ਬਲਕਾਰ ਸਿੰਘ ਨੇ ਕਿਸਾਨ ਹਰਵਿੰਦਰ ਸਿੰਘ ਵਾਸੀ ਢੀਂਡਸਾ ਨਾਲ 16 ਕਨਾਲ 17 ਮਰਲੇ ਦਾ 33.60 ਲੱਖ ਵਿਚ ਖ਼ਰੀਦ ਕਰਨ ਦਾ 11 ਅਗਸਤ 2023 ਨੂੰ ਬਿਆਨਾ ਕੀਤਾ ਹੈ। ਪਟਵਾਰੀ ਨੇ ਆਪਣੀ ਮਾਤਾ ਦੇ ਨਾਮ ਪਿੰਡ ਬਰਸਟ ਵਿਚਲੇ 19 ਬਿਘੇ ਰਕਬੇ ਦਾ 90.70 ਲੱਖ ਵਿਚ ਖ਼ਰੀਦ ਕਰਨ ਸਬੰਧੀ 16 ਅਪਰੈਲ 2018 ਨੂੰ ਬਿਆਨਾ ਕੀਤਾ ਸੀ। ਵਿਜੀਲੈਂਸ ਨੂੰ ਜੋ ਵਸੀਕੇ ਅਤੇ ਹੋਰ ਦਸਤਾਵੇਜ਼ ਪ੍ਰਾਪਤ ਹੋਏ ਹਨ, ਉਨ੍ਹਾਂ ਅਨੁਸਾਰ ਪਟਵਾਰੀ ਬਲਕਾਰ ਨੇ ਆਪਣੀ ਸਰਵਿਸ ਦੌਰਾਨ 11 ਪਿੰਡਾਂ ਵਿਚ ਜ਼ਮੀਨਾਂ ਖ਼ਰੀਦੀਆਂ ਹਨ।

ਇਸ ਪਟਵਾਰੀ ਨੇ 54 ਰਜਿਸਟਰੀਆਂ ਜ਼ਰੀਏ ਪਿੰਡ ਰੋੜੇਵਾਲ, ਘੋੜੇਨਬ, ਭੁਟਾਲ ਖੁਰਦ, ਮਕੋਰੜ ਸਾਹਿਬ, ਗੁੱਜਰਾਂ, ਢੀਂਡਸਾ, ਹਮੀਰਗੜ੍ਹ, ਜਲੂਰ, ਬਲਰਾਂ, ਭੁਟਾਲ ਕਲਾਂ ਅਤੇ ਕਲੀਪੁਰ ਵਿਚ ਜ਼ਮੀਨਾਂ ਖ਼ਰੀਦੀਆਂ ਹਨ। ਪੜਤਾਲ ਰਿਪੋਰਟ ਅਨੁਸਾਰ ਇਸ ਪਟਵਾਰੀ ਨੇ ਸਰਵਿਸ ਵਿਚ ਆਉਣ ਤੋਂ ਤਿੰਨ ਸਾਲ ਬਾਅਦ ਹੀ ਪਹਿਲੀ ਖ਼ਰੀਦ 17 ਜੂਨ 2005 ਨੂੰ ਪਿੰਡ ਢੀਂਡਸਾ ਵਿਚ ਕੀਤੀ ਸੀ। ਫਿਰ ਭੁਟਾਲ ਕਲਾਂ ਅਤੇ ਉਸ ਮਗਰੋਂ ਕਲੀਪੁਰ ’ਚ ਜ਼ਮੀਨ ਖ਼ਰੀਦੀ। ਕੋਈ ਟਾਵਾਂ ਵਰ੍ਹਾ ਹੀ ਹੋਵੇਗਾ ਜਿਸ ਵਿਚ ਉਸ ਨੇ ਜ਼ਮੀਨ ਨਾ ਖ਼ਰੀਦੀ ਹੋਵੇ। ਵਿਜੀਲੈਂਸ ਨੇ ਜਾਇਦਾਦਾਂ ਦੇ ਦੋ ਵੇਰਵੇ ਤਿਆਰ ਕੀਤੇ ਹਨ। 33 ਰਜਿਸਟਰੀਆਂ ਦਾ ਵੇਰਵਾ ਵੱਖਰਾ ਤਿਆਰ ਕੀਤਾ ਹੈ ਜਿਨ੍ਹਾਂ ਦੇ ਵਸੀਕੇ ਪੜਤਾਲ ਦੌਰਾਨ ਪ੍ਰਾਪਤ ਹੋਏ ਹਨ।

ਵਿਜੀਲੈਂਸ ਨੇ ਸਮਰੱਥ ਅਥਾਰਿਟੀ ਤੋਂ ਪ੍ਰਵਾਨਗੀ ਨਹੀਂ ਲਈ

ਪਟਵਾਰੀ ਅਤੇ ਕਾਨੂੰਨਗੋ ਯੂਨੀਅਨ ਦਾ ਕਹਿਣਾ ਹੈ ਕਿ ਕਿਸੇ ਵੀ ਪਟਵਾਰੀ ਜਾਂ ਕਾਨੂੰਨਗੋ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਸਮਰੱਥ ਅਥਾਰਿਟੀ ਤੋਂ ਪ੍ਰੋਵੈਨਸ਼ਨ ਆਫ਼ ਕੁਰੱਪਸ਼ਨ ਐਕਟ 1988 ਦੀ ਧਾਰਾ 17(ਏ) ਤੋਂ ਪ੍ਰਵਾਨਗੀ ਲੈਣ ਦੀ ਜ਼ਰੂਰਤ ਹੈ ਪਰ ਵਿਜੀਲੈਂਸ ਬਿਊਰੋ ਨੇ ਪ੍ਰਕਿਰਿਆ ਨੂੰ ਅਖ਼ਤਿਆਰ ਨਹੀਂ ਕੀਤਾ ਹੈ। ਪਟਵਾਰ ਯੂਨੀਅਨ ਆਖਦੀ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਲੋਕਾਂ ਦਾ ਧਿਆਨ ਹੋਰ ਪਾਸੇ ਕੇਂਦਰਿਤ ਕਰ ਰਹੀ ਹੈ।