ਪੰਜਾਬ ਦੇ ਹਜ਼ਾਰਾਂ ਅਧਿਆਪਕ/ਮੁਲਾਜ਼ਮ ਤਨਖਾਹ ਤੋਂ ਵਾਂਝੇ! ਗੌਰਮਿੰਟ ਟੀਚਰਜ਼ ਯੂਨੀਅਨ ਨੇ ਭਗਵੰਤ ਮਾਨ ਸਰਕਾਰ ਨੂੰ ਲਿਆ ਆੜੇ ਹੱਥੀਂ; ਬਜਟ ਨੂੰ ਦੱਸਿਆ ‘ਝੂਠ ਦਾ ਪੁਲੰਦਾ’
ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਫਰਵਰੀ ਮਹੀਨੇ ਦੀ ਤਨਖਾਹ ਤੋਂ ਹਜ਼ਾਰਾਂ ਮੁਲਾਜ਼ਮ ਤਨਖਾਹ ਤੋਂ ਵਾਂਝੇ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਲੱਖਾਂ ਕਰੋੜਾਂ ਦਾ ਬਜਟ ਪੇਸ਼ ਕਰਨ ਵਾਲੀ ਡਰਾਮੇਬਾਜ਼ ਸਰਕਾਰ ਮੁਲਾਜ਼ਮਾਂ ਨੂੰ ਫਰਵਰੀ ਦੀ ਤਨਖਾਹ ਦੇਣ ਤੋਂ ਵੀ ਭੱਜੀ- ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ
ਪਟਿਆਲਾ, 10 ਮਾਰਚ 2026-
ਬੀਤੇ ਦਿਨੀਂ ਪੰਜਾਬ ਸਰਕਾਰ ਨੇ ਲੱਖਾਂ ਕਰੋੜਾਂ ਦਾ ਬਜਟ ਪੰਜਾਬ ਦੀ ਵਿਧਾਨ ਸਭਾ ਅੰਦਰ ਪੇਸ਼ ਕੀਤਾ। ਉੱਥੇ ਮੁੱਖ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਸਾਡੇ ਕੋਲ ਖ਼ਜ਼ਾਨੇ ਵਿੱਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ। ਖ਼ਜ਼ਾਨਾ ਪੰਜਾਬ ਦੇ ਲੋਕਾਂ ਲਈ ਭਰਿਆ ਹੋਇਆ ਹੈ। ਪਰ ਇਹ ਸਿਰਫ਼ ਡਰਾਮੇਬਾਜ਼ੀ ਹੀ ਸੀ, ਲੱਖਾਂ ਕਰੋੜਾਂ ਦੇ ਝੂਠੇ ਵਿਕਾਸ ਜੋ ਪੰਜਾਬ ਦੀ ਵਿਧਾਨ ਸਭਾ ਅੰਦਰ ਦਿਖਾਏ ਗਏ, ਉਹ ਬਿਲਕੁਲ ਹੀ ਸਰਕਾਰ ਦੀ ਕਹਿਣੀ ਤੇ ਕਥਨੀ ਤੋਂ ਉਲਟ ਹਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਫਰਵਰੀ ਦੀ ਤਨਖਾਹ ਤੋਂ ਵੀ ਵਾਂਝੇ ਹਨ।
ਜ਼ਿਲ੍ਹਿਆਂ ਵਿੱਚ ਬਲਾਕਾਂ ਵਿੱਚ ਬਜਟ ਨਾ ਹੋਣ ਕਰਕੇ ਮੁਲਾਜ਼ਮਾਂ ਨੂੰ ਅੱਜ 10 ਮਾਰਚ ਹੋਣ ‘ਤੇ ਵੀ ਤਨਖਾਹ ਨਸੀਬ ਨਹੀਂ ਹੋਈ। ਜਿੱਥੇ ਪੰਜਾਬ ਸਰਕਾਰ ਲੱਖਾਂ ਕਰੋੜਾਂ ਦੇ ਬਜਟ ਪੇਸ਼ ਕਰਕੇ ਲੋਕਾਂ ਨੂੰ ਝੂਠੀ ਬਿਆਨਬਾਜ਼ੀ ਨਾਲ ਭਰਮਾ ਰਹੀ ਹੈ, ਉੱਥੇ ਹੀ ਪੰਜਾਬ ਦੇ ਮੁਲਾਜ਼ਮ ਫਰਵਰੀ ਮਹੀਨੇ ਦੀ ਤਨਖਾਹ ਲਈ ਤਰਸ ਰਹੇ ਹਨ।
ਆਗੂਆਂ ਨੇ ਕਿਹਾ ਕਿ ਇਸ ਮਹੀਨੇ ਖਰਚਾ ਆਮ ਮਹੀਨਿਆਂ ਨਾਲੋਂ ਵੱਧ ਹੁੰਦਾ ਹੈ। ਜਿੱਥੇ ਮੁਲਾਜ਼ਮਾਂ ਨੇ ਹੋਮ ਲੋਨ ਦੀਆਂ ਕਿਸ਼ਤਾਂ, ਬੱਚਿਆਂ ਦੀ ਪੜ੍ਹਾਈ ਦੇ ਲਏ ਕਰਜ਼ੇ ਦੀਆਂ ਕਿਸ਼ਤਾਂ, ਇਨਕਮ ਟੈਕਸ ਭਰਨ ਲਈ ਕਿਸ਼ਤਾਂ, ਇਹ ਸਾਰਾ ਕੁਝ ਇਸ ਮਹੀਨੇ ਕੀਤਾ ਜਾਣਾ ਹੁੰਦਾ ਹੈ, ਪਰ ਪੰਜਾਬ ਸਰਕਾਰ ਦੀ ਨਲਾਇਕੀ ਅਤੇ ਝੂਠੀ ਡਰਾਮੇਬਾਜ਼ੀ ਇਸ਼ਤਿਹਾਰਬਾਜ਼ੀ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੀ ਫਰਵਰੀ ਮਹੀਨੇ ਦੀ ਤਨਖਾਹ ਲਈ ਹਾਲਾਤ ਤਰਸਯੋਗ ਬਣੀ ਹੋਈ ਹੈ।
ਉਹਨਾਂ ਕਿਹਾ ਕਿ ਜੇ ਸਰਕਾਰ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇ ਸਕਦੀ ਤਾਂ ਇਹਨਾਂ ਲੱਖਾਂ ਕਰੋੜਾਂ ਦੇ ਜੋ ਝੂਠੇ ਬਜਟ ਵਿਧਾਨ ਸਭਾ ਅੰਦਰ ਪੇਸ਼ ਕੀਤੇ ਜਾ ਰਹੇ ਹਨ, ਉਹ ਬਿਲਕੁਲ ਹੀ ਨਿਰਾਧਾਰ ਤੇ ਗਲਤ ਹਨ। ਇਹ ਡਰਾਮੇਬਾਜ਼ ਸਰਕਾਰ ਹਮੇਸ਼ਾ ਝੂਠੀ ਇਸ਼ਤਿਹਾਰਬਾਜ਼ੀ ਕਰਕੇ ਝੂਠੇ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਉਹਨਾਂ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਬਜਟ ਛੇਤੀ ਜਾਰੀ ਨਹੀਂ ਹੁੰਦਾ ਅਤੇ ਹੋਰ ਵਿੱਤੀ ਮੰਗਾਂ ‘ਤੇ ਛੇਤੀ ਹੱਲ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਭਰ ਦੇ ਮੁਲਾਜ਼ਮ ਇਹਨਾਂ ਨੂੰ ਸਰਕਾਰੀ ਕੋਠੀਆਂ ਤੋਂ ਬਾਹਰ ਨਹੀਂ ਨਿਕਲਣ ਦੇਣਗੇ।
ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਖੰਗੂੜਾ, ਹਰਵਿੰਦਰ ਸਿੰਘ ਖੱਟੜਾ, ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੌਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ, ਜੁਗਪਰਗਟ ਸਿੰਘ, ਬਲਵਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ ਚੀਮਾ, ਨਾਇਬ ਸਿੰਘ ਸਿੱਧੂ ਸਾਥੀ ਹਾਜ਼ਰ ਰਹੇ।






