ਦਰਦਨਾਕ ਹਾਦਸਾ: ਮਕਾਨ ਡਿੱਗਣ ਕਾਰਨ 7 ਸਾਲਾ ਮਾਸੂਮ ਦੀ ਮੌਤ, ਬੱਚੀ ਗੰਭੀਰ ਜ਼ਖ਼ਮੀ

 

ਦਰਦਨਾਕ ਹਾਦਸਾ: ਮਕਾਨ ਡਿੱਗਣ ਕਾਰਨ 7 ਸਾਲਾ ਮਾਸੂਮ ਦੀ ਮੌਤ, ਬੱਚੀ ਗੰਭੀਰ ਜ਼ਖ਼ਮੀ

ਨਵੀਂ ਦਿੱਲੀ, 12 ਅਪ੍ਰੈਲ 2026:

ਉੱਤਰੀ-ਪੱਛਮੀ ਦਿੱਲੀ ਦੇ ਭਾਰਤ ਨਗਰ ਥਾਣਾ ਖੇਤਰ ਅਧੀਨ ਪੈਂਦੀ ਵਜ਼ੀਰਪੁਰ ਜੇ.ਜੇ. ਕਲੋਨੀ ਵਿੱਚ ਸ਼ਨੀਵਾਰ ਨੂੰ ਇੱਕ ਪੁਰਾਣੇ ਮਕਾਨ ਦਾ ਛੱਜਾ ਅਚਾਨਕ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ।

ਇਸ ਹਾਦਸੇ ਦੀ ਲਪੇਟ ਵਿੱਚ ਆਉਣ ਨਾਲ 7 ਸਾਲਾ ਮਾਸੂਮ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ 11 ਸਾਲਾ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚੇ ਗਲੀ ਵਿੱਚ ਖੇਡ ਰਹੇ ਸਨ।

ਦੁਪਹਿਰ ਵੇਲੇ ਵਜ਼ੀਰਪੁਰ ਜੇ.ਜੇ. ਕਲੋਨੀ ਵਿੱਚ ਇੱਕ ਜਰਜਰ ਮਕਾਨ ਅਚਾਨਕ ਖ਼ਤਰਾ ਬਣ ਗਿਆ। ਬਿਨਾਂ ਕਿਸੇ ਚੇਤਾਵਨੀ ਦੇ ਮਕਾਨ ਦਾ ਛੱਜਾ ਭਰਭਰਾ ਕੇ ਹੇਠਾਂ ਗਲੀ ਵਿੱਚ ਡਿੱਗ ਪਿਆ। ਉਸ ਵੇਲੇ ਉੱਥੇ ਕੁੱਝ ਬੱਚੇ ਖੇਡ ਰਹੇ ਸਨ, ਜਿਨ੍ਹਾਂ ਵਿੱਚੋਂ ਦੋ ਬੱਚੇ ਮਲਬੇ ਹੇਠ ਦੱਬ ਗਏ। ਛੱਜਾ ਡਿੱਗਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਮਲਬਾ ਹਟਾ ਕੇ ਬੱਚਿਆਂ ਨੂੰ ਬਾਹਰ ਕੱਢਿਆ।

ਹਸਪਤਾਲ ‘ਚ ਦੀਪਾਂਸ਼ੂ ਨੂੰ ਮ੍ਰਿਤਕ ਐਲਾਨਿਆ/ ਪੁਲਿਸ ਵੱਲੋਂ ਜਾਂਚ ਸ਼ੁਰੂ

ਜ਼ਖ਼ਮੀ ਬੱਚਿਆਂ ਨੂੰ ਤੁਰੰਤ ਨੇੜਲੇ ਦੀਪਚੰਦ ਬੰਧੂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 7 ਸਾਲਾ ਦੀਪਾਂਸ਼ੂ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ 11 ਸਾਲਾ ਬੱਚੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਹਸਪਤਾਲ ਵਿੱਚ ਉਸ ਦਾ ਇਲਾਜ ਜਾਰੀ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਭਾਰਤ ਨਗਰ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੀਪਾਂਸ਼ੂ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਮਕਾਨ ਦੀ ਖ਼ਸਤਾ ਹਾਲਤ ਬਾਰੇ ਪਹਿਲਾਂ ਕੋਈ ਸ਼ਿਕਾਇਤ ਜਾਂ ਚੇਤਾਵਨੀ ਦਿੱਤੀ ਗਈ ਸੀ।

ਇੱਕ ਚਸ਼ਮਦੀਦ ਮੁਤਾਬਕ ਬੱਚੇ ਗਲੀ ਵਿੱਚ ਦੌੜ ਰਹੇ ਸਨ ਕਿ ਅਚਾਨਕ ਦੀਵਾਰ ਅਤੇ ਛੱਜਾ ਡਿੱਗਣ ਲੱਗਾ। ਲੋਕਾਂ ਨੇ ਬੱਚਿਆਂ ਨੂੰ ਹਟਣ ਲਈ ਆਵਾਜ਼ਾਂ ਵੀ ਮਾਰੀਆਂ, ਜਿਸ ਕਾਰਨ ਕੁੱਝ ਬੱਚੇ ਤਾਂ ਭੱਜ ਗਏ ਪਰ ਦੋ ਬੱਚੇ ਮਲਬੇ ਹੇਠ ਫਸ ਗਏ।

ਇੱਕ ਬੱਚੇ ਨੂੰ ਕਾਫ਼ੀ ਦੇਰ ਬਾਅਦ ਬਾਹਰ ਕੱਢਿਆ ਜਾ ਸਕਿਆ ਜਦੋਂ ਉਸ ਦੀ ਉਂਗਲ ਮਲਬੇ ਵਿੱਚੋਂ ਦਿਖਾਈ ਦਿੱਤੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਲੋਕਾਂ ਵਿੱਚ ਪ੍ਰਸ਼ਾਸਨ ਖਿਲਾਫ਼ ਗੁੱਸਾ ਪਾਇਆ ਜਾ ਰਿਹਾ ਹੈ।