ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਭਾਕਿਯੂ (ਏਕਤਾ) ਡਕੌਂਦਾ ਵੱਲੋਂ ਸ਼ਰਧਾਂਜਲੀ

70

 

  • ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੋਦੀ ਅਤੇ ਅਜੇ ਮਿਸ਼ਰਾ ਟੈਣੀ ਦਾ ਪੁਤਲਾ ਫੂਕਿਆ

ਦਲਜੀਤ ਕੌਰ, ਮਹਿਲਕਲਾਂ

ਐਸਕੇਐਮ ਦੇ ਸੱਦੇ ਤੇ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜ਼ਿਲ੍ਹਾ ਬਰਨਾਲਾ ਵੱਲੋਂ ਐਸਡੀਐਮ ਦਫ਼ਤਰ ਮਹਿਲਕਲਾਂ ਅੱਗੇ ਵਿਸ਼ਾਲ ਰੈਲੀ ਰਾਹੀਂ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ,ਮੋਦੀ ਅਤੇ ਅਜੇ ਮਿਸ਼ਰਾ ਟੈਣੀ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਡਕੌਂਦਾ ਦੇ ਜਿਲ੍ਹਾ ਆਗੂਆਂ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਸਿੰਘ ਠੁੱਲੀਵਾਲ ਨੇ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਵਾਪਰਿਆਂ ਦੋ ਸਾਲ ਦਾ ਸਮਾਂ ਬੀਤ ਗਿਆ ਹੈ ਪਰ ਇਹ ਅਜਿਹਾ ਖੂਨੀ ਕਾਰਾ ਸੀ/ਹੈ,ਜਿਸ ਦੀ ਸੱਲ ਬਹੁਤ ਗਹਿਰਾ ਹੈ। ਇਸ ਵਿੱਚ ਚਾਰ ਕਿਸਾਨ ਗੁਰਵਿੰਦਰ ਸਿੰਘ, ਦਲਜੀਤ ਸਿੰਘ, ਨਛੱਤਰ ਸਿੰਘ, ਲਵਪ੍ਰੀਤ ਸਿੰਘ ਅਤੇ ਪੱਤਰਕਾਰ ਰਮਨ ਕੱਸ਼ਪ ਨੇ ਸ਼ਹਾਦਤ ਦਾ ਜ਼ਾਮ ਪੀਤਾ ਹੈ। ਇਸ ਖੂਨੀ ਕਾਰੇ ਦੀ ਕਮਾਂਡ ਐਰੇ-ਗੈਰੇ ਨੱਥੂ-ਖੈਰੇ ਵਿਅਕਤੀ ਨਾਂ ਹੋਕੇ ਭਾਜਪਾ ਦੇ ਦਬੰਗ ਕੇਂਦਰੀ ਮੰਤਰੀ ਅਜੇ ਮਿਸ਼ਰਾ (ਟੈਣੀ) ਦੀ ਵਿਗੜੀ ਔਲਾਦ ਅਸ਼ੀਸ਼ ਮਿਸ਼ਰਾ (ਮੋਨੂ) ਦੇ ਹੱਥ ਸੀ। ਇਨ੍ਹਾਂ ਨੂੰ ਬਚਾਉਣ ਲਈ ਕੇਂਦਰੀ ਸਰਕਾਰ ਵੱਲੋਂ ਸਿਰ ਧੜ ਦੀ ਬਾਜ਼ੀ ਲਾਉਣ ਦੇ ਬਾਵਜੂਦ ਅਸ਼ੀਸ਼ ਮਿਸ਼ਰਾ ਨੂੰ ਅਦਾਲਤੀ ਦਖਲ ਅੰਦਾਜੀ ਤੋਂ ਬਾਅਦ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਰਹਿਣਾ ਪਿਆ, ਪਰ ਸਾਜ਼ਿਸ਼ ਘਾੜਾ ਅਜੇ ਮਿਸ਼ਰਾ ਟੈਣੀ ਹਾਲੇ ਵੀ ਮੋਦੀ ਹਕੂਮਤ ਦੀ ਕੈਬਨਿਟ ਦਾ ਨਿੱਘ ਮਾਣ ਰਿਹਾ ਹੈ। ਐਸਕੇਐਮ ਦੀ ਅਗਵਾਈ ਵਿੱਚ ਗ੍ਰਿਫ਼ਤਾਰ ਕੀਤੇ ਕਿਸਾਨਾਂ ਖਿਲਾਫ਼ ਦਰਜ਼ ਕੀਤੇ ਮੁਕੱਦਮੇ ਵਾਪਸ ਕਰਵਾਉਣ ਅਤੇ ਅਜੇ ਮਿਸ਼ਰਾ ਟੈਣੀ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕਰਵਾਉਣ ਲਈ ਸੰਘਰਸ਼ ਜਾਰੀ ਹੈ। ਇਹ ਸੰਘਰਸ਼ ਮੁਕੰਮਲ ਇਨਸਾਫ਼ ਮਿਲਣ ਤੱਕ ਜਾਰੀ ਰਹੇਗਾ।ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਰਮਨ ਕੱਸ਼ਪ ਦੀ ਸ਼ਹਾਦਤ ਨੂੰ ਅਜ਼ਾਈਂ ਨਹੀਂ ਜਾਵੇਗੀ। ਆਗੂਆਂ ਕਿਹਾ ਕਿ ਅੱਜ ਪੂਰੇ ਮੁਲਕ ਵਿੱਚ ਕਾਲੇ ਝੰਡਿਆਂ, ਕਾਲੀਆਂ ਪੱਗਾਂ, ਕਾਲੀਆਂ ਪੱਟੀਆਂ ਬੰਨ੍ਹ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਬਣਕੇ ਇਨਸਾਫ਼ ਹਾਸਲ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ।

ਆਗੂਆਂ ਨਾਨਕ ਅਮਲਾ ਸਿੰਘ ਵਾਲਾ, ਸਤਿਨਾਮ ਸਿੰਘ ਮੂੰਮ, ਜਗਰੂਪ ਸਿੰਘ ਗਹਿਲ, ਅਮਨਦੀਪ ਸਿੰਘ ਰਾਏਸਰ, ਸੱਤਪਾਲ ਸਿੰਘ ਸਹਿਜੜਾ, ਜੱਗਾ ਸਿੰਘ ਮਹਿਲ ਕਲਾਂ ਆਦਿ ਬੁਲਾਰਿਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਕਿਸਾਨੀ ਸੰਘਰਸ਼ਾਂ ਦੇ ਅਖਾੜੇ ਹੋਰ ਵਧੇਰੇ ਜੋਸ਼ ਨਾਲ ਮਘਾਈਏ। ਆਗੂਆਂ ਨੇ 11 ਅਕਤੂਬਰ ਨੂੰ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੇ 13ਵੇਂ ਸ਼ਹੀਦੀ ਸਮਾਗਮ ਸਮੇਂ ਚੱਕ ਅਲੀਸ਼ੇਰ ਵੱਲ ਕਾਫ਼ਲੇ ਬੰਨ੍ਹ ਕੇ ਪੁੱਜਣ ਦੀਆਂ ਤਿਆਰੀਆਂ’ਚ ਜੁੱਟ ਜਾਣ ਦੀ ਅਪੀਲ ਕੀਤੀ।