UK ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ; ਇਰਾਨ ‘ਤੇ ਹਮਲੇ ਲਈ ਆਪਣੇ ਮਿਲਟਰੀ ਬੇਸ ਦੀ ਵਰਤੋਂ ਤੋਂ ਕੀਤਾ ਸਾਫ਼ ਇਨਕਾਰ
ਲੰਡਨ/ਵਾਸ਼ਿੰਗਟਨ, 7 ਅਪ੍ਰੈਲ 2026:
ਮੱਧ ਪੂਰਬ ਵਿੱਚ ਜਾਰੀ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਅਮਰੀਕਾ ਤੇ ਇਰਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ।
ਇਸੇ ਦੌਰਾਨ ਬ੍ਰਿਟੇਨ ਨੇ ਅਮਰੀਕਾ ਨੂੰ ਇੱਕ ਵੱਡਾ ਝਟਕਾ ਦਿੰਦਿਆਂ ਇਰਾਨੀ ਨਾਗਰਿਕ ਬੁਨਿਆਦੀ ਢਾਂਚੇ ‘ਤੇ ਹਮਲਿਆਂ ਲਈ ਆਪਣੇ ਫੌਜੀ ਅੱਡਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਹੈ।
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਡੀਗੋ ਗਾਰਸੀਆ (Diego Garcia) ਅਤੇ RAF ਫੇਅਰਫੋਰਡ (RAF Fairford) ਵਰਗੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਫੌਜੀ ਟਿਕਾਣਿਆਂ ਦੀ ਵਰਤੋਂ ਇਰਾਨ ਦੇ ਪੁਲਾਂ ਜਾਂ ਬਿਜਲੀ ਪਲਾਂਟਾਂ ਵਰਗੇ ਨਾਗਰਿਕ ਬੁਨਿਆਦੀ ਢਾਂਚੇ ‘ਤੇ ਹਮਲੇ ਕਰਨ ਲਈ ਅਮਰੀਕੀ ਸੈਨਾ ਨੂੰ ਨਹੀਂ ਕਰਨ ਦੇਣਗੇ।
ਬ੍ਰਿਟੇਨ ਦਾ ਰੁਖ਼ ਬਿਲਕੁਲ ਸਪੱਸ਼ਟ ਹੈ ਕਿ ਇਹ ਨਾਗਰਿਕ ਨਿਸ਼ਾਨੇ ਹਨ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਸੁਰੱਖਿਅਤ ਹਨ। ਬ੍ਰਿਟੇਨ ਅਨੁਸਾਰ ਅਜਿਹੀ ਕੋਈ ਵੀ ਕਾਰਵਾਈ ‘ਜੰਗੀ ਅਪਰਾਧ’ (War Crimes) ਦੀ ਸ਼੍ਰੇਣੀ ਵਿੱਚ ਆ ਸਕਦੀ ਹੈ।
ਮੱਧ ਪੂਰਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਥਿਤ ਇਹ ਅੱਡੇ ਅਮਰੀਕਾ ਦੇ ਲੰਬੀ ਦੂਰੀ ਦੇ ਬੰਬ ਸੁੱਟਣ ਵਾਲੇ ਜਹਾਜ਼ਾਂ (Bombers) ਲਈ ਬੇਹੱਦ ਅਹਿਮ ਮੰਨੇ ਜਾਂਦੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਨੇ “ਸਮੂਹਿਕ ਰੱਖਿਆ” (Collective Defense) ਦੇ ਤਹਿਤ ਅਮਰੀਕਾ ਨੂੰ ਇਨ੍ਹਾਂ ਅੱਡਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।
ਪਰ ਇਸ ਤੋਂ ਬਾਅਦ ਇਰਾਨ ਨੇ ਬ੍ਰਿਟੇਨ ਨੂੰ ਸਖ਼ਤ ਚੇਤਾਵਨੀ ਦਿੱਤੀ ਸੀ ਕਿ, ਜੇਕਰ ਬ੍ਰਿਟੇਨ ਆਪਣੇ ਅੱਡਿਆਂ ਦੀ ਵਰਤੋਂ ਹੋਣ ਦਿੰਦਾ ਹੈ, ਤਾਂ ਇਸ ਨੂੰ ਸਿੱਧੇ ਤੌਰ ‘ਤੇ ਜੰਗ ਵਿੱਚ ਸ਼ਾਮਲ ਹੋਣਾ ਮੰਨਿਆ ਜਾਵੇਗਾ।
ਇਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਬ੍ਰਿਟੇਨ ਦੀ ਇਹ ਕਾਰਵਾਈ ਉਸ ਦੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ।
ਇਰਾਨ ਅਤੇ ਇਜ਼ਰਾਈਲ ਵਿਚਕਾਰ ਵਧਦੇ ਸੰਘਰਸ਼ ਦੇ ਵਿਚਕਾਰ ਬ੍ਰਿਟੇਨ ਦਾ ਇਹ ਫੈਸਲਾ ਅਮਰੀਕਾ ਦੀਆਂ ਜੰਗੀ ਰਣਨੀਤੀਆਂ ਲਈ ਇੱਕ ਵੱਡੀ ਰੁਕਾਵਟ ਸਾਬਤ ਹੋ ਸਕਦਾ ਹੈ।






