Valentine’s day: ਮੁਹੱਬਤ ਵਾਲੇ ਦਿਨ ਸਜੇ ਨਫ਼ਰਤ ਦੇ ਬਾਜ਼ਾਰ, ਸਰਕਾਰ ਚੁੱਪ ਕਿਉਂ?

 

Valentine’s day: ਮੁਹੱਬਤ ਵਾਲੇ ਦਿਨ ਸੱਜੇ ਨਫ਼ਰਤ ਦੇ ਬਾਜ਼ਾਰ, ਸਰਕਾਰ ਚੁੱਪ!

ਲੇਖਕ – ਗੁਰਪ੍ਰੀਤ

ਕਹਾਣੀ ਹਰ ਸਾਲ ਇਹੋ ਹੁੰਦੀ ਹੈ ਕਿ ਅਸੀਂ ਵੈਲੇਨਟਾਈਨ ਡੇ ਨਹੀਂ ਮਨਾਉਣਾ। ਕਿਹਾ ਜਾਂਦਾ ਹੈ ਕਿ ਇਹ ਗੋਰਿਆਂ ਦਾ ਤਿਉਹਾਰ ਹੈ, ਗੋਰੇ ਮਨਾਉਣ ਅਸੀਂ ਕਿਉਂ ਮਨਾਈਏ, ਪਰ ਸਵਾਲ ਉੱਠਦਾ ਇਹ ਹੈ ਕਿ ਜਦੋਂ ਗੋਰਿਆਂ ਦੁਆਰਾ ਬਣਾਈਆਂ ਗਈਆਂ ਵਸਤੂਆਂ ਦਾ ਅਸੀਂ ਅਜੋਕੇ ਸਮੇਂ ਵਿੱਚ ਇਸਤੇਮਾਲ ਆਮ ਜ਼ਿੰਦਗੀ ਵਿੱਚ ਕਰ ਰਹੇ ਹਾਂ ਤਾਂ ਪਿਆਰ ਮੁਹੱਬਤ ਵਾਲਾ ਤਿਉਹਾਰ ਕਿਉਂ ਨਹੀਂ ਮਨਾਇਆ ਜਾ ਸਕਦਾ ਅਤੇ ਇਸ ਨੂੰ ਮਨਾਉਣ ਵਿੱਚ ਹਰਜ ਕੀ ਹੈ? 14 ਫਰਵਰੀ ਨੂੰ ਹਰ ਸਾਲ ਵੈਲੇਨਟਾਈਨ ਡੇ ‘ਤੇ ਭਾਰਤ ਦੇ ਕੁਝ ਕੱਟੜਪੰਥੀ ਦਲ ਇਸ ਦਾ, ਇਸੇ ਕਰਕੇ ਵਿਰੋਧ ਕਰਦੇ ਨੇ ਕਿਉਂਕਿ ਉਹ ਮੰਨਦੇ ਨੇ ਕਿ ਵੈਲੇਨਟਾਈਨ ਡੇ ਪਿਆਰ ਮੁਹੱਬਤ ਵਾਲਾ ਨਹੀਂ, ਬਲਕਿ ਨਫ਼ਰਤ ਭਰਿਆ ਹੈ ਅਤੇ ਇਸ ਦੇ ਨਾਲ ਸਮਾਜ ਵਿੱਚ ਗਲਤ ਸੁਨੇਹਾ ਜਾਂਦਾ ਹੈ।

ਭਾਵੇਂ ਕਿ ਬਜਰੰਗ ਦਲ, ਸ਼ਿਵ ਸੈਨਾ, ਆਰਐਸਐਸ ਇਹਨਾਂ ਸਭ ਦੀ ਸੋਚ ਇੱਕੋ ਹੀ ਹੈ ਅਤੇ ਇਹ ਸਭ ਮੰਨਦੇ ਨੇ ਕਿ ਗੋਰਿਆਂ ਦੁਆਰਾ ਮਨਾਏ ਜਾਂਦੇ ਇਸ ਤਿਉਹਾਰ ਨੂੰ ਭਾਰਤ ਵਿੱਚ ਮਨਾਉਣ ਵਾਲੇ ਲੋਕ ਵੀ, ਇਸ ਤਿਉਹਾਰ ਨੂੰ ਮਨਾ ਕੇ ਸਮਾਜ ਵਿੱਚ ਗੰਦਗੀ ਫੈਲਾਉਂਦੇ ਨੇ, ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਇਹ ਤਿਉਹਾਰ ਸੱਚਮੁੱਚ ਹੀ ਉਹਨਾਂ ਲੋਕਾਂ ਲਈ ਨਫਰਤ ਭਰਿਆ ਹੋਵੇਗਾ ਜਿਨ੍ਹਾਂ ਦੇ ਮਨਾਂ ਵਿੱਚ ਨਫਰਤ ਤੋਂ ਇਲਾਵਾ ਕੁਝ ਨਹੀਂ ਭਰਿਆ। ਵੈਸੇ, ਹਰ ਸਾਲ ਬੀਜੇ ਜਾਂਦੇ ਨਫ਼ਰਤ ਦੇ ਬੀਜ ਨਾ ਤਾਂ ਸਰਕਾਰਾਂ ਨੂੰ ਦਿਸਦੇ ਨੇ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਨੂੰ।

ਹਰ ਸਾਲ ਵੈਲੇਨਟਾਈਨ ਡੇ ‘ਤੇ ਯੂਨੀਵਰਸਿਟੀ, ਕਾਲਜਾਂ ਤੋਂ ਇਲਾਵਾ ਬਾਜ਼ਾਰਾਂ ਦੇ ਅੰਦਰ ਜਿੱਥੇ ਸਿਰ-ਫਿਰਿਆਂ ਦੇ ਵੱਲੋਂ ਤੋੜ ਭੰਨ ਕੀਤੀ ਜਾਂਦੀ ਹੈ, ਉੱਥੇ ਹੀ ਮੁਹੱਬਤ ਦੇ ਵਿੱਚ ਰੁੱਝੇ ਕੁੜੀਆਂ ਮੁੰਡਿਆਂ ਨੂੰ ਇਹਨਾਂ ਬਦਮਾਸ਼ਾਂ ਦੇ ਵੱਲੋਂ ਟਾਰਚਰ ਕੀਤਾ ਜਾਂਦਾ ਹੈ। ਹਰ ਯੂਨੀਵਰਸਿਟੀ ਦੇ ਵਿੱਚ ਜਿੱਥੇ ਇਹਨਾਂ ਦੇ ਧੜੇ ਕੰਮ ਕਰਦੇ ਨੇ, ਉੱਥੇ ਹਮੇਸ਼ਾ ਹੀ ਅਜਿਹਾ ਕੁਝ ਵਾਪਰਦਾ ਹੈ। ਪਿਛਲੇ ਦਿਨੀਂ ਇੰਦੌਰ, ਮੱਧ ਪ੍ਰਦੇਸ਼ ਤੋਂ ਇੱਕ ਖ਼ਬਰ ਸਾਹਮਣੇ ਆਈ ਜਿੱਥੇ ਬਜਰੰਗ ਦਲ ਦੇ ਵੱਲੋਂ ਇੱਕ ਕਾਲਜ ਦੇ ਵਿੱਚ ਦਾਖਲ ਹੋ ਕੇ ਜਿੱਥੇ ਭੰਨ ਤੋੜ ਕੀਤੀ ਗਈ ਉੱਥੇ ਹੀ ਵੈਲੇਨਟਾਈਨ ਡੇ ਸਬੰਧੀ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਵੀ ਵਿਰੋਧਤਾ ਕਰਨ ਦੇ ਨਾਲ ਨਾਲ ਕਾਲਜ ਵਿੱਚ ਭੰਨਤੋੜ ਕੀਤੀ ਗਈ ਅਤੇ ਨਾਲ ਹੀ ਕਈ ਕਾਲਜ ਕਰਮੀਆਂ ਤੋਂ ਇਲਾਵਾ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ। ਬੇਸ਼ੱਕ, ਬਜਰੰਗ ਦਲ ਨੇ ਨਰਸੀ ਮੋਨਜੀ ਕਾਲਜ ਵਿੱਚ ਭੰਨਤੋੜ ਕੀਤੀ, ਪਰ ਇਸ ਮਸਲੇ ‘ਤੇ ਡੀਸੀਪੀ ਜ਼ੋਨ 1, ਕ੍ਰਿਸ਼ਨਾ ਲਾਲਚੰਦਾਨੀ ਇਹ ਕਹਿੰਦੇ ਹੋਏ ਨਜ਼ਰੀ ਆਏ ਕਿ, “… ਇੱਕ ਵੈਲੇਨਟਾਈਨ ਡੇਅ ਪ੍ਰੋਗਰਾਮ ਹੋ ਰਿਹਾ ਸੀ, ਜਦੋਂ ਇੱਕ ਹਿੰਦੂ ਸੰਗਠਨ ਨੇ ਕੈਂਪਸ ਵਿੱਚ ਭੰਨਤੋੜ ਕੀਤੀ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ, ਅਤੇ ਕਾਲਜ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਅਨੁਸਾਰ, ਅਗਲੀ ਕਾਰਵਾਈ ਕੀਤੀ ਜਾਵੇਗੀ…”। ਸਵਾਲ ਇਹ ਉੱਠਦਾ ਹੈ ਕਿ ਕੀ ਪੁਲਿਸ ਦਾ ਕੋਈ ਫਰਜ਼ ਨਹੀਂ ਬਣਦਾ ਕਿ ਉਹ ਸਾਹਮਣੇ ਹੋ ਰਹੇ ਕ੍ਰਾਈਮ ਨੂੰ ਰੋਕੇ ਅਤੇ ਅਜਿਹੇ ਨਫ਼ਰਤ ਬਾਜ਼ਾਂ ਦੇ ਖਿਲਾਫ ਕਾਰਵਾਈ ਕਰੇ? ਵੈਸੇ, “ਜਿਸ ਕੀ ਲਾਠੀ ਉਸ ਕੀ ਭੈਂਸ” ਵਾਲੀ ਗੱਲ ਅੱਜ ਦੀ ਪੁਲਿਸ ਦੇ ਨਾਲ ਹੋਈ ਪਈ ਹੈ। ਮਤਲਬ ਕਿ ਜਿਸ ਦੀ ਸਰਕਾਰ ਹੋਵੇਗੀ, ਪੁਲਿਸ ਵੀ ਉਸ ਦੀ ਬੋਲੀ ਬੋਲੇਗੀ ਅਤੇ ਕਾਰਵਾਈ ਕਰਨ ਦੀ ਬਜਾਏ ਹੱਥਾਂ ‘ਤੇ ਹੱਥ ਧਰ ਕੇ ਤਮਾਸ਼ਾ ਵੇਖੇਗੀ।

ਖੈਰ ਮੁੱਦੇ ‘ਤੇ ਵਾਪਸ ਆਉਂਦੇ ਹਾਂ ਕਿ, ਭਾਵੇਂ ਕਿ ਵੈਲੇਨਟਾਈਨ ਡੇ ਦਾ ਵਿਰੋਧ ਕਰਨ ਵਾਲਿਆਂ ਦਾ ਸਿੱਧਾ ਮਤਲਬ ਇਹ ਸਮਝਿਆ ਜਾਵੇ ਕਿ, ਨਾ ਪੜ੍ਹਾਂਗੇ ਅਤੇ ਨਾ ਪੜ੍ਹਨ ਦਿਆਂਗੇ, ਨਾ ਖੁਸ਼ ਰਹਾਂਗੇ ਅਤੇ ਨਾ ਖੁਸ਼ ਰਹਿਣ ਦਿਆਂਗੇ, ਇਹੋ ਹੀ ਅੰਦਰੋ ਅੰਦਰੀ ਇਨ੍ਹਾਂ ਦਾ ਏਜੰਡਾ ਹੋਵੇਗਾ? ਪਰ ਅਸਲ ਦੇ ਵਿੱਚ ਇਹ ਨਫ਼ਰਤ ਦੀ ਖੇਤੀ ਪਿਛਲੇ ਕੋਈ ਡੇਢ ਦਹਾਕੇ ਤੋਂ ਜ਼ਿਆਦਾ ਹੀ ਫੈਲ ਚੁੱਕੀ ਹੈ। ਹਰ ਸਾਲ ਜਦੋਂ ਵੀ ਕੋਈ ਤਿਉਹਾਰ ਮੁਹੱਬਤ ਨਾਲ ਜੁੜਿਆ ਸਾਹਮਣੇ ਆਉਂਦਾ ਹੈ ਤਾਂ, ਗੁੰਡਾ ਕਿਸਮ ਦੀਆਂ ਜਥੇਬੰਦੀਆਂ ਚਾਹੇ ਉਹ ਕਿਸੇ ਵੀ ਧਿਰ ਦੇ ਨਾਲ ਸਬੰਧ ਰੱਖਦੀਆਂ ਹੋਣ, ਉਹ ਸਾਹਮਣੇ ਆ ਹੀ ਜਾਂਦੀਆਂ ਨੇ ਅਤੇ ਆਪਣਾ ਏਜੰਡਾ ਫਿਕਸ ਮੰਨਦਿਆਂ ਹੋਇਆਂ ਦੂਜਿਆਂ ਨਾਲ ਨਫ਼ਰਤ ਕਰਕੇ ਕੁੱਟਮਾਰ ਕਰਦੀਆਂ ਨੇ।

ਵੈਸੇ ਇਹ ਚੱਲਣ ਕੋਈ ਅੱਜ ਦਾ ਨਹੀਂ, ਜਦੋਂ ਦੀ ਦੁਨੀਆ ਬਣੀ ਹੈ, ਉਦੋਂ ਤੋਂ ਲੈ ਕੇ ਹੀ ਮੁਹੱਬਤ ਕਰਨ ਵਾਲੇ ਲੋਕਾਂ ਦੇ ਨਾਲ ਬਦਮਾਸ਼ ਕਿਸਮ ਦੇ ਲੋਕਾਂ ਦੀ ਦੁਸ਼ਮਣੀ ਰਹੀ ਹੈ। ਮਨੋਵਿਗਿਆਨੀ ਦੱਸਦੇ ਨੇ ਕਿ ਜਿਨ੍ਹਾਂ ਦਾ ਇੱਕ ਖੁਦ ਪੈਰ ਨਹੀਂ ਹੁੰਦੇ, ਉਹ ਦੂਜਿਆਂ ਦੇ ਵੀ ਪੈਰ ਵੱਢਣ ਤੁਰ ਪੈਂਦੇ ਨੇ। ਮਿਸਾਲ ਦੇ ਤੌਰ ‘ਤੇ ਜਿਨ੍ਹਾਂ ਦੇ ਜੀਵਨ ਸਾਥੀ ਖੁਦ ਨਹੀਂ ਬਣ ਪਾਉਂਦੇ ਅਤੇ ਉਹ ਪਿਆਰ ਦੀ ਭਾਸ਼ਾ ਨਹੀਂ ਸਿੱਖ ਪਾਉਂਦੇ, ਉਹ ਦੂਜਿਆਂ ਦੇ ਪਿਆਰ ਵਿੱਚ ਫਿੱਕ ਪਾਉਣ ਵਾਸਤੇ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾਉਂਦੇ ਨੇ। ਕਦੇ ਲਵ ਜਿਹਾਦ ਦੇ ਨਾਮ ‘ਤੇ ਅਤੇ ਕਦੇ ਹਿੰਦੂ ਮੁਸਲਮ ਦੇ ਨਾਂ ‘ਤੇ।

ਬੇਸ਼ੱਕ, ਵੈਲੇਨਟਾਈਨ ਡੇ ਕੋਈ ਇੱਕ ਧਰਮ ਨਹੀਂ ਮਨਾਉਂਦਾ, ਸਗੋਂ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਹੀ ਮਨਾਉਂਦੇ ਨੇ, ਪਰ ਕੁਝ ਕੁ ਗਿਣਤੀ ਅਜਿਹੀ ਵੀ ਹੈ, ਜਿਹੜੀ ਇਸ ਤਿਉਹਾਰ ਦਾ ਵਿਰੋਧ ਕਰਦੀ ਹੈ। ਇਸ ਸਮੇਂ ਮੁਹੱਬਤ ਦੇ ਬਜ਼ਾਰ ਵਿੱਚ ਨਫ਼ਰਤ ਦਾ ਬਾਜ਼ਾਰ ਇਸ ਵੇਲੇ ਇਨ੍ਹਾਂ ਜ਼ਿਆਦਾ ਗਰਮ ਹੋ ਚੁੱਕਿਆ ਹੈ ਕਿ, ਇਹਨਾਂ ਨਫ਼ਰਤਬਾਜ਼ਾਂ ਨੂੰ ਦੇਸ਼ ਦੇ ਅੰਦਰ ਹੋ ਰਹੇ ਲੋਕਾਈ ਵਿਰੋਧੀ ਕੰਮ, ਲੋਕ ਵਿਰੋਧੀ ਨੀਤੀਆਂ ਨਹੀਂ ਦਿਸ ਰਹੀਆਂ, ਨਾ ਇਨ੍ਹਾਂ ਨੂੰ ਮਾਸੂਮ ਬੱਚੀਆਂ ਨਾਲ ਹੁੰਦੇ ਬਲਾਤਕਾਰ ਦਿਸ ਰਹੇ ਨੇ, ਨਾ ਔਰਤਾਂ ਨਾਲ ਹੁੰਦੀ ਛੇੜਛਾੜ ਅਤੇ ਨਾ ਹੀ ਹੋਰ ਕੁਝ ਵਿਖਾਈ ਨਹੀਂ ਦੇ ਰਿਹਾ।

ਹਕੂਮਤੀ ਟੁਕੜਿਆਂ ‘ਤੇ ਪਲਣ ਵਾਲੇ ਇਹਨਾਂ ਨਫ਼ਰਤੀਆਂ ਨੂੰ ਦੇਸ਼ ਦੇ ਅੰਦਰ ਵੱਧਦੀ ਮਹਿੰਗਾਈ ਨਹੀਂ ਦਿਸ ਰਹੀ, ਬੇਰੁਜ਼ਗਾਰੀ ਨਹੀਂ ਦਿਸ ਰਹੀ, ਗ਼ਰੀਬ ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਨਹੀਂ ਦਿਸ ਰਹੀਆਂ, ਇਸ ਤੋਂ ਇਲਾਵਾ ਦੇਸ਼ ਦੀ ਡਿੱਗਦੀ ਜੀਡੀਪੀ ਵੀ ਨਹੀਂ ਦਿਸ ਰਹੀ।

ਨਾ ਤਾਂ ਇਹਨਾਂ ਨਫ਼ਰਤ ਦੇ ਬਾਜ਼ਾਰਾਂ ਦੀ ਦੁਕਾਨਦਾਰੀ ਕਰਨ ਵਾਲਿਆਂ ਨੂੰ ਸਰਹੱਦ ‘ਤੇ ਸ਼ਹੀਦ ਹੁੰਦਾ ਜਵਾਨ ਦਿਸ ਰਿਹਾ ਅਤੇ ਨਾ ਹੀ ਖੇਤਾਂ ਵਿੱਚ ਮਰਦਾ ਕਿਸਾਨ। ਇਹਨਾਂ ਨੂੰ ਸਿਰਫ ਤੇ ਸਿਰਫ ਦਿਸ ਰਹੇ ਨੇ ਤਾਂ ਉਹ ਮੁਹੱਬਤ ਕਰਨ ਵਾਲੇ ਲੋਕ ਨੇ, ਜਿਨ੍ਹਾਂ ਨਾਲ ਇਹ ਖੂਬ ਨਫ਼ਰਤ ਕਰਦੇ ਨੇ। ਇਹ ਸੋਚਦੇ ਨੇ ਕਿ ਸਾਡਾ ਜੀਵਨ ਸਾਥੀ ਵੀ ਨਹੀਂ ਬਣਿਆ ਅਤੇ ਅਸੀਂ ਵੀ ਕਿਸੇ ਦਾ ਜੀਵਨ ਸਾਥੀ ਨਹੀਂ ਬਣਨ ਦਿਆਂਗੇ, ਨਾ ਖੁਸ਼ ਰਹਾਂਗੇ ਅਤੇ ਨਾ ਕਿਸੇ ਨੂੰ ਖੁਸ਼ ਰਹਿਣ ਦਿਆਂਗੇ। ਇਹੋ ਏਜੰਡਾ ਹਰ ਸਾਲ ਵੈਲੇਨਟਾਈਨ ਡੇ ਨੂੰ ਨਫ਼ਰਤ ਕਰਨ ਵਾਲੀਆਂ ਧਿਰਾਂ ਦਾ ਫਿਕਸ ਹੁੰਦਾ ਹੈ।

ਖੈਰ, ਦੇਖਦੇ ਹਾਂ ਕਿ ਹੁਣ ਇਹਨਾਂ ਨਫ਼ਰਤੀ ਬਾਜ਼ਾਂ ਦੇ ਖਿਲਾਫ ਪੁਲਿਸ ਅਤੇ ਸਰਕਾਰ ਕੀ ਐਕਸ਼ਨ ਲੈਂਦੀ ਹੈ? ਵੈਸੇ ਜਿਹੋ ਜਿਹੇ ਐਕਸ਼ਨ ਪਿਛਲੇ ਸਮਿਆਂ ਵਿੱਚ ਲੈਂਦੇ ਰਹੇ ਨੇ ਪੁਲਿਸ ਵਾਲੇ ਉਹੋ ਜਿਹੇ ਐਕਸ਼ਨ ਹੀ ਅੱਗੇ ਲਏ ਜਾਣਗੇ।