ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕੀਤਾ ਡਾ. ਸੰਦੀਪ ਸਿੰਘ ਮੁੰਡੇ ਦੀ ਨਵੀਂ ਪੁਸਤਕ ਦਾ ਲੋਕ ਅਰਪਣ

102

 

ਪੰਜਾਬ ਨੈੱਟਵਰਕ, ਸ਼੍ਰੀ ਗੰਗਾਨਗਰ (ਰਾਜਸਥਾਨ)-

ਬੀਤੇ ਦਿਨ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ ਵੱਲੋਂ ‘ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਰਾਜਸਥਾਨ ਮਿਸ਼ਨ 2023’ ਤਹਿਤ ਐਸਡੀ ਬਿਹਾਨੀ ਪੀਜੀ ਕਾਲਜ, ਸ੍ਰੀ ਗੰਗਾਨਗਰ ਦੇ ਆਡੀਟੋਰੀਅਮ ਵਿੱਚ ਪ੍ਰਿੰਸੀਪਲ-ਸੰਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਵਜੋਂ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ ਦੇ ਵਾਈਸ ਚਾਂਸਲਰ ਪ੍ਰੋ: ਮਨੋਜ ਦੀਕਸ਼ਿਤ ਨੇ ਨਵੀਂ ਸਿੱਖਿਆ ਨੀਤੀ-2020 ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਨੀਤੀ ਸਿੱਖਿਆ ਜਗਤ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। ਓਨ੍ਹਾਂ ਨੇ ਪ੍ਰਿੰਸੀਪਲਾਂ ਦੇ ਸ਼ੰਕਿਆਂ ਦਾ ਜਵਾਬ ਦਿੰਦਿਆਂ ਐਨਈਪੀ-2020 ਵਿੱਚ ਚੁਆਇਸ ਬੇਸਡ ਕ੍ਰੈਡਿਟ ਸਿਸਟਮ, ਲਰਨਿੰਗ ਆਊਟਕਮ ਕਰੀਕੁਲਮ ਫਰੇਮਵਰਕ, ਰੀਵੈਲੂਏਸ਼ਨ ਸਿਸਟਮ ਆਦਿ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।

ਪ੍ਰੋਗਰਾਮ ਵਿੱਚ ਵਾਈਸ ਚਾਂਸਲਰ ਪ੍ਰੋ. ਮਨੋਜ ਦੀਕਸ਼ਿਤ ਨੇ ਡਾ: ਸੰਦੀਪ ਸਿੰਘ ਮੁੰਡੇ ਵੱਲੋਂ ਲਿਖੀ ਨਵੀਂ ਆਲੋਚਨਾ ਪੁਸਤਕ ‘ਬਲਦੇਵ ਸਿੰਘ ਸੜਕਨਾਮਾ ਦੇ ਨਾਵਲਾਂ ਦਾ ਸਮਾਜਕ ਯਥਾਰਥ’ ਨੂੰ ਆਪਣੇ ਕਰ ਕਮਲਾਂ ਨਾਲ ਲੋਕ ਅਰਪਣ ਕੀਤਾ। ਵਾਈਸ ਚਾਂਸਲਰ ਨੇ ਆਪਣੇ ਸੰਬੋਧਨ ਵਿੱਚ ਇਸ ਪੁਸਤਕ ਨੂੰ ਆਲੋਚਨਾ ਸਾਹਿਤ ਦੇ ਖੇਤਰ ਵਿੱਚ ਜਾਣਕਾਰੀ ਭਰਪੂਰ ਅਤੇ ਲਾਹੇਵੰਦ ਦੱਸਦਿਆਂ ਕਿਹਾ ਕਿ ਇਸ ਛੇਤੀ ਹੀ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਦੇ ਬੁੱਧੀਜੀਵੀ ਲੇਖਕਾਂ ਦੀਆਂ ਪੁਸਤਕਾਂ ਅਤੇ ਹੋਰ ਉਪਯੋਗੀ ਪੁਸਤਕਾਂ ਨੂੰ ਇਕੱਤਰ ਕਰਕੇ ਡਿਜੀਟਲ ਲਾਇਬ੍ਰੇਰੀ ਰਾਹੀਂ ਵਿਦਿਆਰਥੀਆਂ ਨੂੰ ਉਪਲਬਧ ਕਰਵਾਇਆ ਜਾਵੇਗਾ।

ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਮਨੋਜ ਦੀਕਸ਼ਿਤ, ਰਜਿਸਟਰਾਰ ਸ੍ਰੀ ਅਰੁਣ ਪ੍ਰਕਾਸ਼ ਸ਼ਰਮਾ, ਪ੍ਰੀਖਿਆ ਕੰਟਰੋਲਰ ਡਾ: ਰਾਜਾ ਰਾਮ ਚੋਇਲ, ਐਡੀਸ਼ਨਲ ਰਜਿਸਟਰਾਰ ਡਾ: ਬਿੱਠਲ ਬਿਸਾ, ਸਿੱਖਿਆ ਫੈਕਲਟੀ ਦੇ ਡੀਨ ਡਾ: ਸਤਪਾਲ ਸਵਾਮੀ, ਕਾਮਰਸ ਫੈਕਲਟੀ ਦੇ ਡੀਨ ਡਾ: ਮੀਨੂੰ ਪੂਨੀਆ, ਐਸ.ਡੀ.ਬਿਹਾਨੀ ਪੀ.ਜੀ.ਕਾਲਜ ਦੀ ਪ੍ਰਬੰਧਕ ਕਮੇਟੀ ਸਕੱਤਰ ਸ੍ਰੀ ਨੀਰਜ ਬਿਹਾਨੀ, ਲਾਅ ਪੀ.ਜੀ.ਕਾਲਜ ਦੇ ਸਕੱਤਰ ਸ੍ਰੀ ਵਿਮਲ ਬਿਹਾਨੀ, ਬੀ.ਐਡ ਕਾਲਜ ਦੇ ਸਕੱਤਰ ਸ੍ਰੀ ਮਹੇਸ਼ ਕੁਮਾਰ ਨਧਾਨੀ, ਬਿਹਾਨੀ ਐਜੂਕੇਸ਼ਨ ਟਰੱਸਟ ਦੇ ਡਾਇਰੈਕਟਰ (ਅਕਾਦਮਿਕ) ਡਾ.ਐਮ.ਐਲ.ਸ਼ਰਮਾ, ਡਿਪਟੀ ਡਾਇਰੈਕਟਰ (ਅਕਾਦਮਿਕ) ਸ੍ਰੀ ਕਮਲਜੀਤ ਸਿੰਘ ਸੂਦਨ, ਐਸ.ਡੀ.ਪੀ.ਜੀ.ਕਾਲਜ ਦੇ ਪ੍ਰਿੰਸੀਪਲ ਡਾ: ਵਰੁਣ ਮਹੇਸ਼ਵਰੀ, ਬੀ.ਐਡ ਕਾਲਜ ਦੇ ਪ੍ਰਿੰਸੀਪਲ ਡਾ: ਕਵਿਤਾ ਚੌਧਰੀ ਸਮੇਤ 100 ਤੋਂ ਵੱਧ ਪ੍ਰਿੰਸੀਪਲ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿੱਚ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਹਾਜ਼ਰ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਡਾ: ਸੰਦੀਪ ਸਿੰਘ ਮੁੰਡੇ ਨੂੰ ਉਨ੍ਹਾਂ ਦੀ ਨਵੀਂ ਪੁਸਤਕ ਲੋਕ ਅਰਪਣ ਹੋਣ ’ਤੇ ਵਧਾਈ ਦਿੱਤੀ।

ਇੱਥੇ ਇਹ ਦੱਸਣਯੋਗ ਹੈ ਕਿ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ ਵੱਲੋਂ ਡਾ: ਸੰਦੀਪ ਸਿੰਘ ਮੁੰਡੇ ਨੂੰ ਪੰਜਾਬੀ ਭਾਸ਼ਾ ਦਾ ਪਹਿਲਾ ਖੋਜ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਡਾ: ਸੰਦੀਪ ਸਿੰਘ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ ਵਿਖੇ ਪੰਜਾਬੀ ਵਿਸ਼ੇ ਦੇ ‘ਬੋਰਡ ਆਫ਼ ਸਟੱਡੀਜ਼’ ਦੇ ਮੈਂਬਰ, ਰਾਜਸਥਾਨ ਰਾਜ ਦੇ ਪਹਿਲੇ ਪੰਜਾਬੀ ਭਾਸ਼ਾ ਦੇ ਅੰਤਰਰਾਸ਼ਟਰੀ ਆਨਲਾਈਨ ਰਸਾਲੇ ‘ਅਰਮਾਨ’ ਦੇ ਮੁੱਖ ਸੰਪਾਦਕ, ਰਾਜ ਪੱਧਰੀ ਸੰਸਥਾ ‘ਰਾਜਸਥਾਨ ਪੰਜਾਬੀ ਐਸੋਸੀਏਸ਼ਨ ਸੰਸਥਾ’ ਦੇ ਪ੍ਰਧਾਨ ਅਤੇ ਕੈਨੇਡਾ ਦੀ ‘ਇੰਟਰਨੈਸ਼ਨਲ ਪੀਸ ਹੈਰੀਟੇਜ ਐਂਡ ਇਨਵਾਇਰਮੈਂਟ ਵੈਲਫੇਅਰ ਆਰਗੇਨਾਈਜ਼ੇਸ਼ਨ’ ਦੇ ਰਾਜਸਥਾਨ ਰਾਜ ਦੇ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

ਡਾ: ਮੁੰਡੇ ਪੰਜ ਵਿਸ਼ਿਆਂ- ਅਰਥਸ਼ਾਸਤਰ, ਪੰਜਾਬੀ, ਮਨੋਵਿਗਿਆਨ, ਭੂਗੋਲ ਅਤੇ ਸਿੱਖਿਆ ਵਿੱਚ ਪੋਸਟ ਗ੍ਰੈਜੂਏਟ, ਤਿੰਨ ਵਿਸ਼ਿਆਂ- ਅਰਥ ਸ਼ਾਸਤਰ, ਪੰਜਾਬੀ ਅਤੇ ਸਿੱਖਿਆ ਵਿੱਚ ਯੂਜੀਸੀ ਨੈੱਟ ਅਤੇ ਪੰਜਾਬੀ ਤੇ ਅਰਥ ਸ਼ਾਸਤਰ ਵਿੱਚ ਪੀਐਚ.ਡੀ ਉਪਾਧੀ ਧਾਰਕ ਹਨ। ਡਾ: ਸੰਦੀਪ ਸਿੰਘ ਮੁੰਡੇ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਸ਼ਲਾਘਾਯੋਗ ਯੋਗਦਾਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੇ ਖੋਜ ਪੱਤਰ ਅਤੇ ਲੇਖ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਗਜ਼ੀਨਾਂ ਵਿੱਚ ਛਪਦੇ ਰਹਿੰਦੇ ਹਨ। ਕਾਲਜ ਪਰਿਵਾਰ ਅਤੇ ਪ੍ਰਬੰਧਕ ਕਮੇਟੀ ਨੇ ਡਾ: ਸੰਦੀਪ ਸਿੰਘ ਮੁੰਡੇ ਨੂੰ ਉਨ੍ਹਾਂ ਦੀ ਨਵੀਂ ਪੁਸਤਕ ਰਿਲੀਜ਼ ਹੋਣ ‘ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ|