Weather: ਤਾਪਮਾਨ ’ਚ ਵਾਧਾ, ਮਨੁੱਖ ਲਈ ਖਤਰਨਾਕ

477

 

  • ਕਿਸਾਨ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਹੇ ਹਨ

Weather- ਭਾਰਤ ਦੇ ਕਈ ਖੇਤਰਾਂ ’ਚ ਤਾਪਮਾਨ ਵਧਣ ਕਾਰਨ ਬਸੰਤ ਵਾਲੀ ਬਹਾਰ ਗਰਮੀ ਵਾਲੇ ਮੌਸਮ ’ਚ ਬਦਲਣ ਲੱਗੀ ਹੈ। ਪਿਛਲੇ ਸਾਲ ਵੀ ਇਸੇ ਤਰ੍ਹਾਂ ਮੌਸਮ ਸਮੇਂ ਤੋਂ ਪਹਿਲਾਂ ਹੀ ਬਦਲ ਗਿਆ ਸੀ। 2022 ’ਚ ਮਾਰਚ ਦੇ ਸ਼ੁਰੂ ’ਚ ਹੀ ਤਾਪਮਾਨ ਦੇ ਵਾਧੇ ਕਾਰਨ ਹਾੜੀ ਦੀਆਂ ਫ਼ਸਲਾਂ ’ਤੇ ਮਾੜਾ ਅਸਰ ਪਿਆ ਅਤੇ ਕਣਕ ਦਾ ਝਾੜ ਘਟ ਗਿਆ।

ਇਸ ਸਾਲ ਵੀ ਫਰਵਰੀ ’ਚ ਬਣੇ ਗਰਮ ਅਤੇ ਖੁਸ਼ਕ ਮੌਸਮੀ ਹਾਲਾਤ ਆਰਥਿਕਤਾ ’ਤੇ ਮਾੜਾ ਅਸਰ ਪਾ ਸਕਦੇ ਹਨ। ਦੁਨੀਆ ਵਿਚ ਕਣਕ ਅਤੇ ਹੋਰ ਜਿਣਸਾਂ ਦਾ ਸੰਕਟ ਰੂਸ-ਯੂਕਰੇਨ ਜੰਗ ਕਾਰਨ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ।

ਜੰਗਲਾਂ ’ਚ ਅੱਗ ਲੱਗਣ, ਗਲੇਸ਼ੀਅਰਾਂ ਦੇ ਪਿਘਲਣ ਅਤੇ ਜਲ ਸੋਮਿਆਂ ਦੇ ਤੇਜ਼ੀ ਨਾਲ ਸੁੱਕ ਜਾਣ ਦਾ ਖ਼ਦਸ਼ਾ ਵੀ ਹੈ। ਖ਼ੁਸ਼ਕ ਸਰਦ ਰੁੱਤ ਤੋਂ ਬਾਅਦ ਅਚਾਨਕ ਮੌਸਮ ਦਾ ਇਸ ਤਰ੍ਹਾਂ ਗਰਮ ਹੋ ਜਾਣਾ ਦੇਸ਼ ਲਈ ਚਿਤਾਵਨੀ ਹੈ ਕਿ ਉਹ ਕਹਿਰ ਦੇ ਮੌਸਮ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਲਵੇ।

ਖੇਤੀ ਮਾਹਿਰਾਂ ਨੇ ਫ਼ਸਲਾਂ ਦੀ ਸਾਂਭ-ਸੰਭਾਲ ਸਬੰਧੀ ਕਈ ਸਲਾਹਾਂ ਦਿੱਤੀਆਂ ਹਨ ਪਰ ਉਹ ਕਿਸਾਨਾਂ ਦੇ ਫ਼ਿਕਰ ਘਟਾਉਣ ਲਈ ਨਾਕਾਫ਼ੀ ਹਨ। ਕਿਸਾਨ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਹੇ ਹਨ। ਇਸ ਸਥਿਤੀ ਦੇ ਟਾਕਰੇ ਲਈ ਸਰਕਾਰ ਨੂੰ ਦਖ਼ਲ ਦੇਣਾ ਚਾਹੀਦਾ ਹੈ। ਲੋਕਾਂ ਨੂੰ ਵਾਤਾਵਰਣਕ ਤਬਦੀਲੀਆਂ ਤੇ ਮੌਸਮੀ ਹਾਲਾਤ ਬਾਰੇ ਜਾਗਰੂਕ ਕਰਨ ਅਤੇ ਕੁਦਰਤੀ ਸਰੋਤ ਸੰਭਾਲੇ ਜਾਣ ਦੀ ਲੋੜ ਹੈ।

ਵਿਗਿਆਨਕ ਤਕਨੀਕਾਂ ਨਾਲ ਇਹ ਅਨੁਮਾਨ ਲਗਾਇਆ ਜਾਣਾ ਚਾਹੀਦਾ ਹੈ ਕਿ ਭਵਿੱਖ ’ਚ ਕਿਸ ਤਰ੍ਹਾਂ ਦੇ ਵਾਤਾਵਰਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਕੁਦਰਤ ਕਿਸ ਤਰ੍ਹਾਂ ਕਹਿਰਵਾਨ ਹੋ ਸਕਦੀ ਹੈ। ਹੁਣ ਤਕ ਵਿਗਿਆਨ ਆਧਾਰਿਤ ਨੀਤੀ ਦੀ ਅਣਹੋਂਦ ਅਤੇ ਲੋੜੀਂਦੇ ਕਦਮ ਨਾ ਚੁੱਕੇ ਜਾਣ ਕਾਰਨ ਮੌਸਮੀ ਵਿਗਾੜ ਪੈਦਾ ਹੋਏ ਹਨ।

ਇਸ ਨਾਲ ਧਰਤੀ ਦੇ ਔਸਤ ਤਾਪਮਾਨ ’ਚ 1.5 ਡਿਗਰੀ ਸੈਲਸੀਅਸ ਤਕ ਵਾਧਾ ਹੋ ਸਕਦਾ ਹੈ। ਇਸ ਦਾ ਅਸਰ ਮੌਨਸੂਨ ’ਤੇ ਪਵੇਗਾ ਅਤੇ ਹੋਰ ਮੌਸਮੀ ਤਬਦੀਲੀਆਂ ਵੀ ਹੋਣ ਦਾ ਅਨੁਮਾਨ ਹੈ।

ਇਕ ਨਵੀਂ ਰਿਪੋਰਟ ਮੁਤਾਬਿਕ ਵਾਤਾਵਰਣਕ ਤਬਦੀਲੀਆਂ ਕਾਰਨ 2050 ਤਕ ਜਿਨ੍ਹਾਂ ਖੇਤਰਾਂ ਨੂੰ ਸਭ ਤੋਂ ਜ਼ਿਆਦਾ ਖ਼ਤਰਾ ਹੈ, ਉਨ੍ਹਾਂ ਦੇ ਸਿਖ਼ਰਲੇ 50 ’ਚੋਂ 80 ਫ਼ੀਸਦੀ ਚੀਨ, ਅਮਰੀਕਾ ਅਤੇ ਭਾਰਤ ਵਿਚ ਹਨ।

ਇਨ੍ਹਾਂ ’ਚ ਪੰਜਾਬ ਸਮੇਤ ਭਾਰਤ ਦੇ 9 ਸੂਬੇ ਸ਼ਾਮਿਲ ਹਨ। ਇਸ ਰਿਪੋਰਟ ’ਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਜਲਵਾਯੂ ਤਬਦੀਲੀਆਂ ਨਾਲ ਮਨੁੱਖ ਵੱਲੋਂ ਨਿਰਮਤ ਮਕਾਨ, ਇਮਾਰਤਾਂ, ਹਵਾਈ ਅੱਡੇ, ਹਸਪਤਾਲ, ਧਾਰਮਿਕ ਸਥਾਨ ਜਾਂ ਜੋ ਵੀ ਚੀਜ਼ ਮਨੁੱਖ ਨੇ ਬਣਾਈ ਹੈ, ਉਨ੍ਹਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਇਸ ਤੋਂ ਇਲਾਵਾ ਵੱਡੀ ਪੱਧਰ ’ਤੇ ਹੜ੍ਹ ਆਉਣ, ਜੰਗਲਾਂ ’ਚ ਅੱਗ ਲੱਗਣ ਅਤੇ ਸਮੁੰਦਰਾਂ ’ਚ ਪਾਣੀ ਦੇ ਪੱਧਰ ਉੱਚੇ ਹੋਣ ਦੀਆਂ ਪੇਸ਼ੀਨਗੋਈਆਂ ਕੀਤੀਆਂ ਗਈਆਂ ਹਨ।

ਖੋਜਕਾਰਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਕਾਰਬਨ ਦੀ ਨਿਕਾਸੀ ਘਟਾਉਣ ਲਈ ਯਤਨ ਤੇਜ਼ ਕਰਨੇ ਚਾਹੀਦੇ ਹਨ ਤੇ ਖ਼ਰਾਬ ਤੋਂ ਖ਼ਰਾਬ ਮੌਸਮ ਦੇ ਟਾਕਰੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਸਬੰਧ ਵਿਚ ਸਮਾਜ ਵਿਚ ਵਿਆਪਕ ਪੱਧਰ ’ਤੇ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ।

ਵਿਜੈ ਗਰਗ ਰਿਟਾਇਰਡ ਪ੍ਰਿੰਸੀਪਲ
ਐਜੂਕੇਸ਼ਨਲ ਕਾਲਮਨਿਸਟ ਮਲੋਟ ਪੰਜਾਬ