ਪੰਜਾਬ ‘ਚ ਹੁਣ ਪਰਾਲੀ ਤੋਂ ਚੱਲਣਗੇ ਭੱਠੇ? ਜਾਣੋ ਸਰਕਾਰ ਨੇ ਕੀ ਬਣਾਈ ਨਵੀਂ ਨੀਤੀ

432

 

  • ਪਰਾਲੀ ਸਟਰਾਅ ਪੈਲੇਟਾਇਜਿੰਗ ਯੂਨਿਟਾਂ, ਭੱਠਿਆਂ ‘ਚ ਪਰਾਲੀ ਤੋਂ ਬਣੇ ਪੈਲੇਟਸ ਬਾਲਣ ਨੂੰ ਕੀਤਾ ਜਾਵੇ ਉਤਸ਼ਾਹਿਤ
  • ਝੋਨੇ ਦੀ ਪਰਾਲੀ ਦੀਆਂ ਗਿੱਟੀਆਂ (ਪੈਲੇਟਸ) ਨੂੰ ਭੱਠਿਆਂ ‘ਚ 20 ਫੀਸਦੀ ਬਾਲਣ ਵਜੋਂ ਵਰਤਿਆ ਜਾਵੇ – ਧੀਮਾਨ
  • ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਮੀਟਿੰਗ ਕਰ ਦਿੱਤੇ ਨਿਰਦੇਸ਼

ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ

ਜ਼ਿਲ੍ਹੇ ਅੰਦਰ ਪਰਾਲੀ ਸਟਰਾਅ ਪੈਲੇਟਾਇਜਿੰਗ ਯੂਨਿਟਾਂ ਨੂੰ ਉਤਸ਼ਾਹਿਤ ਕਰਨ, ਭੱਠਿਆਂ ਚ ਪਰਾਲੀ ਤੋਂ ਬਣੇ ਪੈਲੇਟਸ ਦੀ ਬਾਲਣ ਦੇ ਤੌਰ ‘ਤੇ 20 ਫੀਸਦੀ ਕੋਲੇ ਦੀ ਜਗ੍ਹਾ ‘ਤੇ ਵਰਤੋਂ ਕਰਨ ਲਈ ਸਨਅਤਕਾਰਾਂ ਨੂੰ ਉਤਸ਼ਾਹਿਤ ਕਰਨ, ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂਹੰਦ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਜਾਗਰੂਕ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਆਈ.ਏ.ਐਸ. ਵੱਲੋਂ ਖੇਤੀਬਾੜੀ, ਇੰਡਸਟਰੀਜ਼ ਸਮੇਤ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਭੱਠੇ ‘ਚ ਬਾਲਣ ਦੀ ਲੋੜ ਲਈ ਘੱਟੋ-ਘੱਟ 20 ਫੀਸਦੀ ਕੋਲੇ ਦੀ ਥਾਂ ਝੋਨੇ ਦੀ ਪਰਾਲੀ ਦੀਆਂ ਗਿੱਟੀਆਂ ਵਰਤਣਾ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਜ਼ਿਲ੍ਹੇ ਦੇ ਭੱਠਾ ਮਾਲਕਾਂ ਨੂੰ ਪਰਾਲੀ ਦੀਆਂ ਗਿੱਟੀਆਂ ਵਰਤੋਂ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਪ੍ਰਦੂਸ਼ਨ ਨੂੰ ਘੱਟ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਹਾਜ਼ਰ ਵਿਭਾਗਾਂ ਦੇ ਮੁਖੀਆਂ ਨੂੰ ਜ਼ਿਲ੍ਹੇ ਦੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂਹੰਦ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਨਿਰਦੇਸ਼ ਦਿੱਤੇ ਅਤੇ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਫਿਰੋਜ਼ਪੁਰ ਨੂੰ ਜ਼ਿਲ੍ਹੇ ਅੰਦਰ ਪਰਾਲੀ ਸਟਰਾਅ ਪੈਲੇਟਾਇਜਿੰਗ ਯੂਨਿਟਾਂ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗਾਂ ਲਈ ਪਰਾਲੀ ਤੋਂ ਬਣੀਆ ਗਿੱਟੀਆਂ ਨੂੰ ਬਾਲਣ ਵਜੋਂ ਵਰਤੋਂ ਕਰਨ ਲਈ ਸਨਅਤਕਾਰਾਂ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ਦਿੱਤੇ ਗਏ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੇ ਨਿਪਟਾਰੇ ਅਤੇ ਯੋਗ ਪ੍ਰਬੰਧਨ ਲਈ ਆਧੁਨਿਕ ਮਸ਼ੀਨਰੀ ਸਬਸਿਡੀ ‘ਤੇ ਉਪਲਬਧ ਕਰਾਈ ਜਾਂਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸ ਮਸ਼ੀਨਰੀ ਦੀ ਵਰਤੋਂ ਨਾਲ ਪਰਾਲੀ ਦਾ ਨਿਪਟਾਰਾ / ਪ੍ਰਬੰਧਨ ਕਰਨ ਅਪੀਲ ਕੀਤੀ।