ਕੀ MP ਅੰਮ੍ਰਿਤਪਾਲ ਦੀ ਲੋਕ ਸਭਾ ਮੈਂਬਰੀ ਹੋਵੇਗੀ ਰੱਦ? ਪੜ੍ਹੋ ਐਡਵੋਕੇਟ ਨੇ ਕੀ ਕਿਹਾ?
ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰੀ ਨੂੰ ਖ਼ਤਰਾ ਨਹੀਂ; ASG ਸੱਤਿਆਪਾਲ ਜੈਨ ਨੇ ਹਾਈਕੋਰਟ ‘ਚ ਦਿੱਤਾ ਭਰੋਸਾ
ਚੰਡੀਗੜ੍ਹ, 25 ਮਾਰਚ 2026:
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੀ ਇੱਕ ਅਹਿਮ ਸੁਣਵਾਈ ਦੌਰਾਨ ਕੇਂਦਰ ਸਰਕਾਰ ਦੇ ਵਧੀਕ ਸਾਲੀਸਿਟਰ ਜਨਰਲ (ASG) ਸੱਤਿਆਪਾਲ ਜੈਨ ਨੇ ਸਪੱਸ਼ਟ ਕੀਤਾ ਹੈ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰੀ ਰੱਦ ਨਹੀਂ ਹੋਵੇਗੀ।
ਉਨ੍ਹਾਂ ਅਦਾਲਤ ਨੂੰ ਭਰੋਸਾ ਦਿੱਤਾ ਕਿ ਸੰਵਿਧਾਨਕ ਨਿਯਮਾਂ ਤਹਿਤ ਉਨ੍ਹਾਂ ਦੀ ਸੀਟ ਨੂੰ ਖਾਲੀ ਹੋਣ ਤੋਂ ਬਚਾਇਆ ਜਾ ਸਕਦਾ ਹੈ। ਸੰਵਿਧਾਨਕ ਨਿਯਮਾਂ ਅਨੁਸਾਰ, ਜੇਕਰ ਕੋਈ ਸੰਸਦ ਮੈਂਬਰ ਸਦਨ ਦੀ ਇਜਾਜ਼ਤ ਤੋਂ ਬਿਨਾਂ ਲਗਾਤਾਰ 60 ਦਿਨਾਂ ਤੱਕ ਕਾਰਵਾਈ ਤੋਂ ਗੈਰ-ਹਾਜ਼ਰ ਰਹਿੰਦਾ ਹੈ, ਤਾਂ ਉਸ ਦੀ ਸੀਟ ਖਾਲੀ ਐਲਾਨੀ ਜਾ ਸਕਦੀ ਹੈ।
ਪਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ASG ਨੇ ਕੁੱਝ ਨੁਕਤੇ ਸਾਂਝੇ ਕੀਤੇ ਹਨ। ਅੰਮ੍ਰਿਤਪਾਲ ਸਿੰਘ ਆਪਣੀ ਐੱਨ.ਐੱਸ.ਏ. (NSA) ਅਧੀਨ ਹਿਰਾਸਤ ਨੂੰ ਗੈਰ-ਹਾਜ਼ਰੀ ਦਾ ਇੱਕ ਠੋਸ ਅਤੇ ਜਾਇਜ਼ ਕਾਰਨ ਦੱਸ ਕੇ ਮੁਆਫ਼ੀ (Condonation) ਦੀ ਮੰਗ ਕਰ ਸਕਦੇ ਹਨ।
ਲੋਕ ਸਭਾ ਦੀ ਇੱਕ ਵਿਸ਼ੇਸ਼ ਕਮੇਟੀ ਅਜਿਹੇ ਮਾਮਲਿਆਂ ਦੀ ਜਾਂਚ ਕਰਦੀ ਹੈ। ਜਦੋਂ ਕੋਈ ਮੈਂਬਰ ਜੇਲ੍ਹ ਵਿੱਚ ਹੋਣ ਵਰਗੇ ਕਾਰਨ ਪੇਸ਼ ਕਰਦਾ ਹੈ, ਤਾਂ ਆਮ ਤੌਰ ‘ਤੇ ਉਸ ਦੀ ਗੈਰ-ਹਾਜ਼ਰੀ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ।
ਹਿਰਾਸਤ ਬਣੀ ਰੁਕਾਵਟ, ਪਰ ਮੈਂਬਰੀ ਸੁਰੱਖਿਅਤ
ਅੰਮ੍ਰਿਤਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ, ਜਿਸ ਕਾਰਨ ਉਹ ਸੰਸਦ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਪਾ ਰਹੇ।
ASG ਦੇ ਇਸ ਬਿਆਨ ਨਾਲ ਉਨ੍ਹਾਂ ਦੇ ਸਮਰਥਕਾਂ ਅਤੇ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਹੁਣ ਉਨ੍ਹਾਂ ਦੀ ਸੰਸਦ ਮੈਂਬਰੀ ‘ਤੇ ਲਟਕਦੀ ਤਲਵਾਰ ਹਟਦੀ ਨਜ਼ਰ ਆ ਰਹੀ ਹੈ।






