World Breaking: ਅਮਰੀਕਾ-ਈਰਾਨ ਵਿਚਾਲੇ ਗੱਲਬਾਤ ਫੇਲ੍ਹ! ਉਪ-ਰਾਸ਼ਟਰਪਤੀ ਬੋਲੇ- “ਬਿਨਾਂ ਕਿਸੇ ਸਮਝੌਤੇ ਦੇ ਵਾਪਸ ਜਾ ਰਹੇ ਹਾਂ”?

 

World Breaking- ਅਮਰੀਕਾ-ਈਰਾਨ ਵਿਚਾਲੇ ਗੱਲਬਾਤ ਫੇਲ੍ਹ! ਉਪ-ਰਾਸ਼ਟਰਪਤੀ ਬੋਲੇ – “ਬਿਨਾਂ ਕਿਸੇ ਸਮਝੌਤੇ ਦੇ ਵਾਪਸ ਜਾ ਰਹੇ ਹਾਂ”

ਇਸਲਾਮਾਬਾਦ, 12 ਅਪ੍ਰੈਲ 2026:

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਹੋਈ ਗੱਲਬਾਤ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ ਹੈ। ਲਗਭਗ 21 ਘੰਟੇ ਚੱਲੀ ਇਸ ਮੈਰਾਥਨ ਚਰਚਾ ਤੋਂ ਬਾਅਦ ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਐਲਾਨ ਕੀਤਾ ਕਿ ਕਈ ਮੁੱਦਿਆਂ ‘ਤੇ ਗੰਭੀਰ ਚਰਚਾ ਹੋਈ, ਪਰ ਦੋਵੇਂ ਪੱਖ ਕਿਸੇ ਸਮਝੌਤੇ ‘ਤੇ ਨਹੀਂ ਪਹੁੰਚ ਸਕੇ।

ਵੈਂਸ ਨੇ ਸਪੱਸ਼ਟ ਕੀਤਾ ਕਿ ਅਮਰੀਕੀ ਵਫ਼ਦ ਹੁਣ ਬਿਨਾਂ ਕਿਸੇ ‘ਡੀਲ’ ਦੇ ਵਾਪਸ ਪਰਤ ਰਿਹਾ ਹੈ। ਉਧਰ, ਈਰਾਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਮਤਭੇਦਾਂ ਦੇ ਬਾਵਜੂਦ ਉਹ ਗੱਲਬਾਤ ਜਾਰੀ ਰੱਖਣ ਲਈ ਤਿਆਰ ਹਨ।

ਗੱਲਬਾਤ ਦਾ ਮੁੱਖ ਕੇਂਦਰ, ਸੀਜ਼ਫਾਇਰ ਅਤੇ ਹੋਰਮੂਜ਼ ਜਲਡਮਰੂ

ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਅਤੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰ ਗਲੀਬਾਫ ਦੀ ਅਗਵਾਈ ਹੇਠਲੇ ਵਫ਼ਦਾਂ ਨੇ ਲੈਬਨਾਨ ਵਿੱਚ ਇਜ਼ਰਾਈਲੀ ਹਮਲਿਆਂ ਕਾਰਨ ਪੈਦਾ ਹੋਏ ਖ਼ਤਰੇ ਅਤੇ ਦੋ ਹਫ਼ਤਿਆਂ ਦੇ ਸੀਜ਼ਫਾਇਰ ਨੂੰ ਅੱਗੇ ਵਧਾਉਣ ‘ਤੇ ਚਰਚਾ ਕੀਤੀ। ਇਸ ਤੋਂ ਇਲਾਵਾ, ਹੋਰਮੂਜ਼ ਜਲਡਮਰੂ (Strait of Hormuz) ਦੀ ਸੁਰੱਖਿਆ ਨੂੰ ਲੈ ਕੇ ਪਾਕਿਸਤਾਨ ਨੇ ਸਾਂਝੀ ਗਸ਼ਤ ਦਾ ਪ੍ਰਸਤਾਵ ਵੀ ਰੱਖਿਆ ਸੀ, ਪਰ ਅਮਰੀਕਾ ਅਤੇ ਈਰਾਨ ਵਿਚਾਲੇ ਅਸਹਿਮਤੀ ਬਣੀ ਰਹੀ।

ਕੌਣ-ਕੌਣ ਸਨ ਸ਼ਾਮਲ?/ ਪਾਕਿਸਤਾਨ ਦੀ ਵਿਚੋਲਗੀ

ਅਮਰੀਕੀ ਵਫ਼ਦ ਵਿਚ ਉਪ-ਰਾਸ਼ਟਰਪਤੀ ਜੇਡੀ ਵੈਂਸ, ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਅਤੇ ਜੇਰੇਡ ਕੁਸ਼ਨਰ। ਈਰਾਨੀ ਵਫ਼ਦ ਵਿਚ ਸਪੀਕਰ ਮੁਹੰਮਦ ਬਘੇਰ ਗਲੀਬਾਫ, ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਅਤੇ ਸੀਨੀਅਰ ਡਿਪਲੋਮੈਟ ਅਲੀ ਬਘੇਰੀ ਕਾਨੀ।

ਇਹ ਗੱਲਬਾਤ ਇਸਲਾਮਾਬਾਦ ਦੇ ਸੇਰੇਨਾ ਹੋਟਲ ਵਿੱਚ ਹੋਈ, ਜਿੱਥੇ ਪਾਕਿਸਤਾਨ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਸੀ। ਅਮਰੀਕੀ ਅਤੇ ਈਰਾਨੀ ਆਗੂ ਵੱਖ-ਵੱਖ ਕਮਰਿਆਂ ਵਿੱਚ ਬੈਠੇ ਸਨ ਅਤੇ ਪਾਕਿਸਤਾਨੀ ਅਧਿਕਾਰੀ ਇੱਕ-ਦੂਜੇ ਤੱਕ ਸੁਨੇਹੇ ਪਹੁੰਚਾ ਰਹੇ ਸਨ।

ਪ੍ਰੈਸ ਕਾਨਫਰੰਸ ਦੌਰਾਨ ਜੇਡੀ ਵੈਂਸ ਨੇ ਕਿਹਾ, “ਬੁਰੀ ਖ਼ਬਰ ਇਹ ਹੈ ਕਿ ਅਸੀਂ ਕਿਸੇ ਸਮਝੌਤੇ ‘ਤੇ ਨਹੀਂ ਪਹੁੰਚ ਸਕੇ। ਇਹ ਅਮਰੀਕਾ ਨਾਲੋਂ ਈਰਾਨ ਲਈ ਜ਼ਿਆਦਾ ਮਾੜੀ ਖ਼ਬਰ ਹੈ। ਅਸੀਂ ਆਪਣੀਆਂ ‘ਰੇਡ ਲਾਈਨਾਂ’ (ਸਖ਼ਤ ਸ਼ਰਤਾਂ) ਸਪੱਸ਼ਟ ਕਰ ਦਿੱਤੀਆਂ ਸਨ। ਪਰ ਈਰਾਨ ਨੇ ਉਨ੍ਹਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।” ਉਨ੍ਹਾਂ ਨੇ ਪਾਕਿਸਤਾਨ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਗੱਲਬਾਤ ਫੇਲ੍ਹ ਹੋਣ ਵਿੱਚ ਪਾਕਿਸਤਾਨ ਦਾ ਕੋਈ ਕਸੂਰ ਨਹੀਂ ਹੈ।

ਟਰੰਪ ਨੇ ਕਿਹਾ- ਇਸ ਨਾਲ ਕੋਈ ਫਰਕ ਨਹੀਂ ਪੈਂਦਾ!

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਡੀਲ ਹੋਈ ਹੈ ਜਾਂ ਨਹੀਂ, ਜਿੱਤ ਅਮਰੀਕਾ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਤੇਲ ਅਤੇ ਗੈਸ ਦੇ ਭੰਡਾਰਾਂ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਦੇਸ਼ ਹਰ ਸਥਿਤੀ ਲਈ ਤਿਆਰ ਹੈ।

ਈਰਾਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਮਤਭੇਦਾਂ ਦੇ ਬਾਵਜੂਦ ਉਹ ਗੱਲਬਾਤ ਜਾਰੀ ਰੱਖਣ ਲਈ ਤਿਆਰ ਹਨ ਅਤੇ ਪਾਕਿਸਤਾਨ ਦੇ ਪ੍ਰਸਤਾਵ ‘ਤੇ ਅਗਲੇ ਦੌਰ ਦੀ ਚਰਚਾ ਹੋ ਸਕਦੀ ਹੈ।