World Environment Day: ਵਾਤਾਵਰਨ ਸੰਭਾਲ ‘ਚ ਪਲਾਸਟਿਕ ਪ੍ਰਦੂਸ਼ਣ ਵੱਡੀ ਰੁਕਾਵਟ

242

 

  • ਮਨੁੱਖੀ ਗਲਤੀਆਂ ਦਾ ਨਤੀਜਾ ਹੈ ਵਾਤਾਵਰਣ ਪ੍ਰਦੂਸ਼ਣ

ਅੱਜ ਤੋਂ 49 ਸਾਲ ਪਹਿਲਾਂ ਜਦੋਂ ਜਲ, ਜੰਗਲ, ਜ਼ਮੀਨ ਅਤੇ ਹਵਾ ਵੱਧ ਪ੍ਰਦੂਸ਼ਿਤ ਹੋਣ ਲੱਗੀ, ਤਾਂ ਸੰਯੁਕਤ ਰਾਸ਼ਟਰ ਨੇ ਵਿਸ਼ਵ ਵਿੱਚ ਵਾਤਾਵਰਨ ਪ੍ਰਦੂਸ਼ਣ ਦੇ ਪੈ ਰਹੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ 5 ਜੂਨ 1974 ਨੂੰ ਪਹਿਲੀ ਵਾਰ ‘ਵਿਸ਼ਵ ਵਾਤਾਵਰਨ ਦਿਵਸ’ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ। ਵਿਸ਼ਵ ਦੇ 143 ਤੋਂ ਵੱਧ ਦੇਸ਼ਾਂ ਦੀਆਂ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਵਿੱਦਿਅਕ ਸੰਸਥਾਵਾਂ ਵੱਲੋਂ ਹਰ ਸਾਲ 05 ਜੂਨ ਨੂੰ ਵੱਖ ਵੱਖ ਪ੍ਰੋਗਰਾਮ ਅਤੇ ਸਮਾਗਮ ਕਰਕੇ ਸਮਾਜ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ। ਸੰਯੁਕਤ ਰਾਸ਼ਟਰ ਦੇ ਵਾਤਾਵਰਣ ਸੰਭਾਲ ਪ੍ਰੋਗਰਾਮ ਤਹਿਤ ਹਰ ਸਾਲ ਵਾਤਾਵਰਣ ਦਿਵਸ ਦਾ ਇੱਕ ਥੀਮ ਸਮੁੱਚੇ ਵਿਸ਼ਵ ਨੂੰ ਦਿੱਤਾ ਜਾਂਦਾ ਹੈ। ਸਾਲ 2023 ਦਾ ਥੀਮ “ਪਲਾਸਟਿਕ ਪ੍ਰਦੂਸ਼ਣ ਦਾ ਹੱਲ” ਰੱਖਿਆ ਗਿਆ ਹੈ। ਇਸ ਸਾਲ ਪਲਾਸਟਿਕ ਪ੍ਰਦੂਸ਼ਣ ਪ੍ਰਤੀ ਜਾਗਰੂਕ ਕਰਨ ਲਈ ਪੂਰੇ ਵਿਸ਼ਵ ਵਿੱਚ ਯਤਨ ਕੀਤੇ ਜਾਣਗੇ। ਪਲਾਸਟਿਕ ਅਤੇ ਪਾਲੀਥੀਨ ਬੈਗ ਦੀ ਸ਼ੁਰੂਆਤ ਸਾਡੇ ਦੇਸ਼ ਵਿੱਚ 1960 ਈਸਵੀ ਵਿੱਚ ਹੋਈ, ਇਸ ਨੂੰ ਮਨੁੱਖ ਦੀ ਸਹੁਲਤ ਵੱਲ ਵੱਡਾ ਕਦਮ ਦੱਸਿਆ ਗਿਆ ਸੀ।

ਪ੍ਰੰਤੂ ਇਸ ਦਾ ਵਿਰੋਧ 1970 ਵਿੱਚ ਹੀ ਸ਼ੁਰੂ ਹੋ ਗਿਆ ਸੀ। ਪਲਾਸਟਿਕ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਜੀਵਨ ਦਾ ਅਟੁੱਟ ਅੰਗ ਬਣ ਚੁੱਕਿਆ ਹੈ। ਪ੍ਰੰਤੂ ਇਸ ਨੇ ਵਾਤਾਵਰਨ ਵਿੱਚ ਜਹਿਰ ਘੋਲ ਦਿੱਤਾ ਹੈ। ਇਸ ਦੇ ਬੇਹੱਦ ਮਾੜੇ ਪ੍ਰਭਾਵ ਮਨੁੱਖੀ ਸਿਹਤ, ਵਾਤਾਵਰਨ, ਧਰਤੀ ਦੀ ਉਪਜਾਊ ਸ਼ਕਤੀ ਅਤੇ ਕੁਦਰਤੀ ਸਾਧਨਾਂ ਉਪਰ ਪੈ ਰਹੇ ਹਨ। ਪਲਾਸਟਿਕ ਪ੍ਰਦੂਸ਼ਣ ਤੋਂ ਮੁਕਤੀ ਪਾਉਣਾ ਸਮੇਂ ਦੀ ਵੱਡੀ ਜ਼ਰੂਰਤ ਹੈ। ਕਿਉਂਕਿ ਉਤਪਾਦਨ ਦਾ 91 ਪ੍ਰਤੀਸ਼ਤ ਪਲਾਸਟਿਕ ਰੀਸਾਈਕਲ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਸ਼ਹਿਰ ਦੀਆਂ ਨਾਲੀਆਂ, ਨਦੀਆਂ, ਨਹਿਰਾਂ, ਦਰਿਆਵਾਂ ਤੋਂ ਲੈ ਕੇ ਸਮੁੰਦਰ ਤੱਕ ਦੀ ਬਰਬਾਦੀ ਦੀ ਤਸਵੀਰ ਸਾਫ ਨਜ਼ਰ ਆ ਰਹੀ ਹੈ। ਸ਼ਹਿਰਾਂ ਵਿੱਚ ਸੀਵਰੇਜ ਜਾਮ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ। ਜਲ ਜੀਵਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਰਿਹਾ ਹੈ।

ਬ੍ਰਹਿਮੰਡ ਦੇ ਸਮੂਹ ਗ੍ਰਹਿਆਂ ਵਿੱਚੋਂ ਧਰਤੀ ਸਭ ਤੋਂ ਉੱਤਮ ਅਤੇ ਕਿਸਮਤ ਵਾਲਾ ਗ੍ਰਹਿ ਮੰਨਿਆ ਜਾਂਦਾ ਹੈ ,ਕਿਉਂਕਿ ਸਾਡੇ ਗਿਆਨ ਮੁਤਾਬਕ ਸਿਰਫ਼ ਧਰਤੀ ਉੱਪਰ ਹੀ ਸੁਚੱਜਾ ਜੀਵਨ ਸੰਭਵ ਹੈ। ਇੱਥੇ ਜ਼ਿੰਦਗੀ ਬਹੁਤ ਹੀ ਸੁਚਾਰੂ ਢੰਗ ਨਾਲ ਵਿਕਸਤ ਹੋਈ ਹੈ, ਚਾਹੇ ਉਹ ਮਨੁੱਖੀ ਜ਼ਿੰਦਗੀ ਦੇ ਰੂਪ ਵਿਚ ਹੋਵੇ, ਜਾਂ ਪਸ਼ੂ ਪੰਛੀਆਂ, ਪੇੜ ਪੌਦੇ, ਸੂਖਮ ਜੀਵਾਂ ਜਾ ਸਮੁੰਦਰੀ ਜੀਵਾਂ ਦੀ ਜ਼ਿੰਦਗੀ ਹੋਵੇ। ਮਨੁੱਖੀ ਜੀਵਨ ਇਸ ਧਰਤੀ ਉੱਪਰ ਕੁਦਰਤ ਦਾ ਸਭ ਤੋਂ ਵੱਡਾ ਤੋਹਫਾ ਹੈ। ਇਸ ਜੀਵਨ ਨੂੰ ਸੁਚੱਜੇ ਢੰਗ ਨਾਲ ਬਤੀਤ ਕਰਨ ਲਈ ਕੁਦਰਤ ਨੇ ਮਨੁੱਖੀ ਜਨਮ ਸਮੇਂ ਸ਼ੁੱਧ ਹਵਾ ,ਨਿਰਮਲ ਜਲ, ਸੀਤਲ ਚਾਂਦਨੀ ਅਤੇ ਸੁਨਹਿਰੀ ਕਿਰਨਾਂ ਪੈਦਾ ਕੀਤੀਆਂ ਤਾਂ ਜੋ ਕੁਦਰਤ ਦਾ ਸੰਤੁਲਨ ਬਣਿਆ ਰਹੇ। ਪ੍ਰੰਤੂ ਮਨੁੱਖ ਨੇ ਜਿਵੇਂ ਜਿਵੇਂ ਤਰੱਕੀ ਕੀਤੀ ਨਾਲ ਨਾਲ ਕੁਦਰਤ ਦੇ ਅਨਮੋਲ ਤੋਹਫਿਆਂ ਨੂੰ ਇੱਕ ਦੈਂਤ ਦੀ ਤਰ੍ਹਾਂ ਲੁੱਟਿਆ ਅਤੇ ਇੱਥੋਂ ਦੇ ਵਾਤਾਵਰਨ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ।

ਕੁਝ ਲੋਕ ਸਿਰਫ ਹਵਾ ਅਤੇ ਮੌਸਮ ਨੂੰ ਹੀ ਵਾਤਾਵਰਨ ਸਮਝਣ ਦੀ ਭੁੱਲ ਕਰਦੇ ਹਨ, ਪ੍ਰੰਤੂ ਅਸਲ ਸ਼ਬਦਾਂ ਵਿੱਚ ਹਵਾ ਜਿਸ ਉੱਪਰ ਅਸੀਂ ਖੜ੍ਹੇ ਹਾਂ ਪਾਣੀ ਜੋ ਜੀਵਨ ਦਾ ਆਧਾਰ ਹੈ ਅਤੇ ਸਾਡੇ ਆਲੇ ਦੁਆਲੇ ਦੀਆਂ ਜੀਵਤ ਅਤੇ ਅਜੀਵਤ ਵਸਤੂਆਂ ਨੂੰ ਮਿਲਾ ਕੇ ਹੀ ਵਾਤਾਵਰਨ ਬਣਦਾ ਹੈ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਵਿਗਿਆਨਕ ਸੋਚ ਵਾਲੇ ਮਹਾਨ ਗੁਰੂ ਨਾਨਕ ਦੇਵ ਜੀ ਨੇ ਵਾਤਾਵਰਨ ਨੂੰ ਮਹੱਤਤਾ ਦਿੰਦੇ ਹੋਏ ਆਪਣੀ ਬਾਣੀ ਵਿੱਚ ਪਵਨ ਅਰਥਾਤ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਹੈ, ਪਾਣੀ ਨੂੰ ਪਿਤਾ ਅਰਥਾਤ ਸਭ ਜੀਵਾਂ ਦਾ ਜਨਮਦਾਤਾ ਅਤੇ ਧਰਤੀ ਨੂੰ ਸਭ ਦੀ ਵੱਡੀ ਮਾਂ ਦੱਸਿਆ ਹੈ। ਪ੍ਰੰਤੂ ਅੱਜ ਦੇ ਤਰੱਕੀ ਵੱਲ ਸੋਚਣ ਵਾਲੇ ਮਨੁੱਖ ਨੇ ਆਪਣੀ ਉਨੀ ਸੋਚ ਸਦਕਾ ਹਵਾ ਨੂੰ ਇਸ ਕਦਰ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਅੱਜ ਮਨੁੱਖ ਦਾ ਆਪਣਾ ਤਾਂ ਕਿ ਜੀਵ ਜੰਤੂਆਂ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ ਹਵਾ ਵਿੱਚ ਨਾਈਟਰੋਜਨ ਆਕਸਾਈਡ, ਸਲਫ਼ਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ ਅਤੇ ਕਲੋਰੋ ਫਲੋਰੋ ਕਾਰਬਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਦੀ ਵਧਦੀ ਮਾਤਰਾ ਕਾਰਨ ਨਜ਼ਲਾ, ਜ਼ੁਕਾਮ ,ਖਾਂਸੀ, ਦਮਾ ਰੋਗ ਅਤੇ ਅੱਖਾਂ ਦੇ ਅਨੇਕਾਂ ਗੰਭੀਰ ਰੋਗਾਂ ਦੇ ਲੋਕ ਪੀੜਤ ਹੋ ਰਹੇ ਹਨ।

ਸਿਹਤ ਨਾਲ ਸਬੰਧਤ ਖੋਜਾਂ ਅਨੁਸਾਰ ਭਾਰਤ ਵਿੱਚ ਬੱਚਿਆਂ ਵਿੱਚ ਸਾਹ ਅਤੇ ਦਮੇ ਦੇ ਬਿਮਾਰੀਆਂ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ। ਹਵਾ ਪ੍ਰਦੂਸ਼ਣ ਦੇ ਕਾਰਨ ਮਨੁੱਖ ਦੀ ਅਰੋਗਤਾ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ। ਧਰਤੀ ਉਪਰ ਪਾਣੀ ਨੂੰ ਅੱਜ ਦੁਹਰੀ ਮਾਰ ਪੈ ਰਹੀ ਹੈ। ਪਹਿਲਾਂ ਪਾਣੀ ਦੇ ਪੱਧਰ ਦਾ ਲਗਾਤਾਰ ਨੀਵਾ ਜਾਨਾ ਅਤੇ ਦੁਸਰਾ ਮੋਜੂਦ ਪਾਣੀ ਦੀ ਗੁਣਵੱਤਾ ਦਾ ਪ੍ਰਦੁਸ਼ਿਤ ਹੋਣਾ। ਕਹਿਣ ਨੂੰ ਤਾ ਧਰਤੀ ਦਾ 75 % ਭਾਗ ਪਾਣੀ ਹੈ, ਪਰ ਅਸਲ ਵਿੱਚ ਸਿਰਫ 0.007% ਪਾਣੀ ਹੀ ਵਰਤੋਂ ਲਈ ਉਪਲੱਬਧ ਹੈ, ਕਿਉਂਕਿ ਪਾਣੀ ਦਾ 97.5% ਖਾਰਾ (ਸਮੂੰਦਰ) ਹੈ। ਸਿਰਫ ਬਾਕੀ ਰਹਿ ਗਿਆ 2.5% ਪਾਣੀ ਵਰਤੋ ਯੋਗ, ਉਸ ਵਿਚੋਂ ਵੀ 70% ਬਰਫ ਦੇ ਰੁਪ ਵਿਚ ਹੈ ਅਤੇ 29.003% ਪਾਣੀ ਮਿੱਟੀ ਵਿੱਚ ਨਮੀ ਦੇ ਰੂਪ ਵਿੱਚ ਧਰਤੀ ਦੇ ਹੇਠਲੇ ਭੰਡਾਰ ਵਿੱਚ ਹੈ।

ਵਰਤੋਂ ਯੋਗ ਪਾਣੀ ਨੂੰ ਵੀ ਫ਼ੈਕਟਰੀਆਂ ਦੇ ਪ੍ਰਦੂਸ਼ਿਤ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਆਦਿ ਕਾਰਨਾਂ ਕਰਕੇ ਗੰਗਾ ਵਰਗਾ ਪਵਿੱਤਰ ਦਰਿਆ ਜੋ ਗੋਮੁੱਖ ਨਾਮ ਦੇ ਸਥਾਨ ਤੋਂ ਨਿਕਲ ਕੇ ਬੰਗਾਲ ਦੀ ਖਾੜੀ ਤਾਂ ਦੂਰ, ਕਾਨਪੁਰ ਤੱਕ ਪਹੁੰਚਦਾ ਇੱਕ ਖੁੱਲ੍ਹੇ ਸੀਵਰ ਦਾ ਰੂਪ ਧਾਰਨ ਕਰ ਜਾਂਦਾ ਹੈ। ਦੇਸ਼ ਦੇ ਬਾਕੀ ਦਰਿਆਵਾਂ ਦਾ ਹਾਲ ਤਾਂ ਇਸ ਤੋਂ ਵੀ ਮਾੜਾ ਹੈ। ਪੰਜਾਬ ਜਿਸ ਨੂੰ ਪੰਜ ਆਬ ਦੀ ਧਰਤੀ ਕਿਹਾ ਜਾਂਦਾ ਹੈ ਦਾ ਸਭ ਤੋਂ ਵੱਡਾ ਦਰਿਆ ਸਤਲੁਜ ਜਦੋਂ ਤਿੱਬਤ ਵਿਚੋਂ ਮਾਨਸਰੋਵਰ ਦੇ ਨੇੜੇ ਰਾਕਸ਼ਸਤਾਲ ਝੀਲ ਤੋ ਸ਼ੁਰੂ ਹੋ ਕੇ ਜਦੋਂ ਸ਼ਿਪਾਕੀ ਦਰੇ ਵਿਚੋਂ ਲੰਘ ਕੇ ਭਾਰਤ ਵਿੱਚ ਦਾਖਲ ਹੁੰਦਾ ਹੈ ਤਾਂ ਬੇਹੱਦ ਸਾਫ ਅਤੇ ਨੀਲੇ ਰੰਗ ਦਾ ਹੁੰਦਾ ਹੈ ,ਪ੍ਰੰਤੂ ਜਦੋਂ ਪੰਜਾਬ ਵਿੱਚ ਲੰਘਦਾ ਹੋਇਆ ਹੁਸੈਨੀਵਾਲਾ (ਫਿਰੋਜ਼ਪੁਰ) ਦੇ ਨਜ਼ਦੀਕ ਪਾਕਿਸਤਾਨ ਵਾਲੇ ਪਾਸੇ ਦਾਖਲ ਹੋ ਜਾਂਦਾ ਹੈ ,ਤਾਂ ਇਸ ਦਾ ਰੰਗ ਕਾਲਾ ,ਬੇਹੱਦ ਪ੍ਰਦੂਸ਼ਿਤ ਅਤੇ ਬਦਬੂ ਵਾਲਾ ਹੋ ਜਾਂਦਾ ਹੈ। ਇਸ ਦੇ ਕੰਢੇ ਵੱਸੇ ਲੋਕ ਕੈਸਰ, ਕਾਲਾ ਪੀਲੀਆ, ਕਿਡਨੀ ਦੇ ਰੋਗ ਅਤੇ ਅਨੇਕਾਂ ਲਾਇਲਾਜ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦੇ 152 ਬਲਾਕਾ ਵਿਚੋ 130 ਬਲਾਕ ਡਾਰਕ ਜ਼ੋਨ ਵਿੱਚ ਜਾ ਚੁੱਕੇ ਹਨ , ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ।

ਧਰਤੀ ਜਿਸ ਨੂੰ ਅਸੀਂ ਵੱਡੀ ਮਾਂ ਦਾ ਦਰਜਾ ਦਿੰਦੇ ਹਾਂ ਅੱਜ ਸਾਨੂੰ ਖਾਣ ਲਈ ਜ਼ਹਿਰੀਲੀਆਂ ਫਸਲਾਂ ਪੈਦਾ ਕਰਕੇ ਦੇ ਰਹੀ ਹੈ। ਉਸ ਦਾ ਮੁੱਖ ਕਾਰਨ ਕੀੜੇਮਾਰ ਰਸਾਇਣਕ , ਨਦੀਨਨਾਸ਼ਕ ,ਰਸਾਇਣਕ ਖਾਦਾਂ , ਉਦਯੋਗਿਕ ਫਾਲਤੂ ਵਸਤੂਆਂ, ਰੇਡੀਓ ਐਕਟਿਵ ਪਦਾਰਥ ਆਦਿ ਹਨ। ਜਿਸ ਦੇ ਕਾਰਨ ਸਾਡੀ ਖੁਰਾਕ ਲੜੀ ਨੂੰ ਵੱਡੀ ਢਾਹ ਲੱਗੀ ਹੈ। ਅੱਜ ਵਾਤਾਵਰਣ ਦੀ ਹਾਲਤ ਇਹ ਹੋ ਗਈ ਹੈ ਕਿ ਧਰਤੀ ਉੱਪਰ ਜਾਣੀਆਂ ਪਹਿਚਾਣੀਆਂ 17 ਲੱਖ ਜੀਵ ਨਸਲਾਂ ਵਿੱਚੋਂ ਅੱਜ ਕੱਲ੍ਹ ਇੱਕ ਨਸਲ ਪ੍ਰਤੀ ਘੰਟਾ ਵਾਤਾਵਰਨ ਵਿੱਚ ਪ੍ਰਦੂਸ਼ਣ ਕਾਰਨ ਖਤਮ ਹੋ ਰਹੀ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦਾ ਅਰਬਾ ਰੁਪਏ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਉਪਰ ਖਰਚ ਕੀਤਾ ਜਾ ਰਿਹਾ ਹੈ।

ਪ੍ਰਦੂਸ਼ਣ ਦੇ ਕਾਰਨ ਵੱਧਦਾ ਤਾਪਮਾਨ ਇੱਕ ਵਿਸ਼ਵ ਵਿਆਪੀ ਸਮੱਸਿਆ ਬਣ ਚੁੱਕਿਆ ਹੈ ,ਜੇ ਆਲਮੀ ਤਪਸ਼ ਇਸੇ ਰਫ਼ਤਾਰ ਨਾਲ ਵਧਦੀ ਗਈ ਤਾਂ ਗਲੇਸ਼ੀਅਰ ਖਤਮ ਹੋ ਜਾਣਗੇ , ਸਮੁੰਦਰਾਂ ਵਿੱਚ ਪਾਣੀ ਵੱਧ ਜਾਵੇਗਾ ਜੋ ਸਮੁੰਦਰ ਕੰਢੇ ਵੱਸਣ ਵਾਲੇ ਕਰੋਡ਼ਾ ਲੋਕਾਂ ਲਈ ਖਤਰੇ ਦੀ ਘੰਟੀ ਹੋਵੇਗਾ। ਪ੍ਰਦੂਸ਼ਣ ਦੇ ਕਾਰਨਾਂ ਵਿੱਚੋਂ ਵਧਦੀ ਜਨਸੰਖਿਆ ਸਭ ਤੋਂ ਵੱਡਾ ਕਾਰਨ ਹੈ। ਕਿਉਂਕਿ ਪੇਟ ਭਰਨ ਲਈ ਅਨਾਜ ਪੈਦਾ ਕਰਨ ਅਤੇ ਰਹਿਣ ਲਈ ਮਕਾਨ ਬਣਾਉਣ ਲਈ ਦਰੱਖਤਾਂ ਦੀ ਕਟਾਈ ਲਗਾਤਾਰ ਬੇਰਹਿਮੀ ਨਾਲ ਹੋ ਰਹੀ ਹੈ , ਜੋ ਵਾਤਾਵਰਣ ਪ੍ਰਦੂਸ਼ਣ ਲਈ ਸਭ ਤੋ ਵੱਧ ਜਿੰਮੇਵਾਰ ਹੈ। ਮੋਟਰ ਵਾਹਨਾਂ ਨੇ ਜਿੱਥੇ ਮਨੁੱਖੀ ਜੀਵਨ ਨੂੰ ਤੇਜ਼ ਬਣਾਇਆ ਅਤੇ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ,ਉੱਥੇ ਇਨ੍ਹਾਂ ਦੇ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਕਾਰਨ ਅਨੇਕਾਂ ਭਿਅੰਕਰ ਬਿਮਾਰੀਆਂ ਪੈਦਾ ਹੋ ਰਹੀਆਂ ਹਨ।

ਵੱਧਦੇ ਸ਼ਹਿਰੀਕਰਨ ਦੇ ਕਾਰਨ ਫਾਲਤੂ ਕੂੜਾ ਕਰਕਟ, ਗੰਦਗੀ, ਪਲਾਸਟਿਕ ਪਦਾਰਥ, ਅਤੇ ਵਿਸ਼ੇਸ਼ ਤੌਰ ਤੇ ਪਾਲੀਥੀਨ ਬੈਗ ਦੇ ਢੇਰ ਜੋ ਜਲਦ ਨਸ਼ਟ ਨਹੀਂ ਹੁੰਦੇ, ਵਾਤਾਵਰਨ ਪ੍ਰਦੂਸ਼ਿਤ ਕਰਨ ਵਿੱਚ ਸਭ ਤੋਂ ਅੱਗੇ ਹਨ। ਏਅਰ ਕੰਡੀਸ਼ਨ ਚਲਾਉਣ ਤੇ ਨਿਕਲਣ ਵਾਲੀ ਕਲੋਰੋ ਫਲੋਰੋ ਕਾਰਬਨ ਗੈਸ ,ਓਜ਼ੋਨ ਪਰਤ ਨੂੰ ਪਤਲਾ ਕਰਨ ਵਿਚ ਸਭ ਤੋਂ ਵੱਡਾ ਰੋਲ ਅਦਾ ਕਰ ਰਹੀ ਹੈ । ਓਜ਼ੋਨ ਪਰਤ ਦੇ ਪਤਲਾ ਹੋਣ ਦੇ ਕਾਰਨ ਮਨੁੱਖੀ ਜੀਵਨ ਦੀ ਅਰੋਗਤਾ ਨੂੰ ਇੱਕ ਬਹੁਤ ਵੱਡਾ ਝਟਕਾ ਲੱਗ ਰਿਹਾ ਹੈ, ਅਤੇ ਅਨੇਕਾਂ ਲਾਇਲਾਜ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਧਾਰਮਿਕ ਸਥਾਨਾਂ ਤੇ ਲੱਗੇ ਵੱਡੇ ਸਪੀਕਰ, ਖੁਸ਼ੀ ਦੇ ਮੌਕੇ ਉੱਚੀ ਆਵਾਜ਼ ਵਿਚ ਚਲਦੇ ਡੀ. ਜੇ ਸਿਸਟਮ, ਘਰਾ ਵਿੱਚ ਉਚੀ ਅਵਾਜ ਵਿੱਚ ਚਲਦੇ ਟੈਲੀਵਿਜ਼ਨ ਅਤੇ ਮਿਉਜਿਕ ਸਿਸਟਮ, ਅਤੇ ਮੋਟਰ ਸਾਇਕਲਾ ਤੇ ਲੱਗੇ ਪ੍ਰੈਸ਼ਰ ਹਾਰਨ ਦੇ ਕਾਰਨ ਜਿਥੇ ਵਾਤਾਵਰਣ ਪ੍ਰਦੁਸ਼ਿਤ ਹੋ ਰਿਹਾ ਹੈ, ਉਥੇ ਅਨੇਕਾਂ ਸਰੀਰਕ ਅਤੇ ਮਾਨਸਿਕ ਰੋਗ ਉਤਪੰਨ ਹੋ ਰਹੇ ਹਨ।

ਜਿਹਨਾ ਵਿਚ ਸਿਰਦਰਦ, ਤਨਾਵ , ਸੁਨਣ ਸ਼ਕਤੀ ਦਾ ਵਿਗੜਨਾ, ਨੀਦ ਨਾ ਆਉਣ ਦੀ ਬਿਮਾਰੀ ਆਦਿ ਪ੍ਰਮੁੱਖ ਹਨ। ਪੜ੍ਹਾਈ ਕਰਦੇ ਬੱਚਿਆਂ, ਬਿਮਾਰ ਲੋਕਾਂ ਅਤੇ ਬਜ਼ੁਰਗਾਂ ਲਈ ਤਾ ਆਵਾਜ਼ ਪ੍ਰਦੂਸ਼ਣ ਬੇਹੱਦ ਨੁਕਸਾਨਦਾਇਕ ਸਾਬਿਤ ਹੋ ਰਿਹਾ ਹੈ। ਅਜੇ ਵੀ ਸਮਾ ਗਵਾਏ ਬਗੈਰ ਵਾਤਾਵਰਣ ਦੀ ਸੰਭਾਲ ਵਿੱਚ ਸੰਜੀਦਾ ਹੋ ਕੇ ਯੋਗਦਾਨ ਪਾਉਣ ਦੀ ਜਰੂਰਤ ਹੈ। ਲੋਕ ਵੱਖ ਵੱਖ ਨਾਮ ਤੇ ਭਗਵਾਨ ਦੀ ਪੂਜਾ ਅਤੇ ਸਤਿਕਾਰ ਕਰਦੇ ਹਨ। ਪ੍ਰੰਤੂ ਮੌਜੂਦਾ ਸਮੇਂ ਵਿੱਚ ਭਗਵਾਨ ਤੋਂ ਅਰਥ ਭ = ਭੂਮੀ , ਗ = ਗਗਨ, ਵ= ਵਾਯੂ , ਅ= ਅਗਨੀ ਅਤੇ ਨ=ਨੀਰ ਸਮਝ ਕੇ ਜੇ ਅਸੀਂ ਇਨ੍ਹਾਂ ਪੰਜਾਂ ਪ੍ਰਤੀ ਦਿਲੋਂ ਸਤਿਕਾਰ ਕਰੀਏ ਤਾਂ ਸਾਡੇ ਲਈ ਬੇਹੱਦ ਲਾਭਕਾਰੀ ਸਿੱਧ ਹੋ ਸਕਦਾ ਹੈ। ਅੱਜ ਅਸੀ ਘਰ ਅੰਦਰ ਆਉਦੀ ਧੂੜ ਮਿੱਟੀ ਤੋ ਤਾ ਫਿਕਰਮੰਦ ਹਾ, ਪ੍ਰੰਤੂ ਗੰਧਲੇ ਅਤੇ ਖਤਮ ਹੋ ਰਹੇ ਕੁਦਰਤੀ ਸੋਮਿਆਂ ਦੀ ਕੋਈ ਚਿੰਤਾ ਨਹੀ । ਅੱਜ ਸਾਡੇ ਵਾਤਾਵਰਣ ਵਿੱਚ ਤਰੇੜਾ ਪੈ ਰਹੀਆਂ ਹਨ, ਜੇ ਵਾਤਾਵਰਣ ਦੀ ਹਾਲਤ ਇਹ ਹੀ ਰਹੀ ਅਤੇ ਅਸੀ ਨਾ ਸੰਭਲੇ ਤਾ ਆਉਣ ਵਾਲੀਆਂ ਪੀੜ੍ਹੀਆ ਅੱਗ ਦੀ ਭੱਟੀ ਵਿੱਚ ਜਲਨਗੀਆ।

ਅੱਜ ਸਾਡੇ ਵਾਤਾਵਰਣ ਸਬੰਧੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ, ਪ੍ਰੰਤੂ ਅਜੇ ਵੀ ਸਮਾ ਹੈ ਕਿ ਅਸੀਂ ਵਾਤਾਵਰਣ ਜਿਸ ਵਿੱਚ ਅਸੀਂ ਰਹਿੰਦੇ ਹਾ, ਉਸ ਨੂੰ ਸੰਭਾਲੀਏ। ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਪੰਜ ਪ ਅਰਥਾਤ ਪਸ਼ੂ ,ਪੰਛੀ, ਪਵਨ, ਪਾਣੀ ਅਤੇ ਪ੍ਰਿਥਵੀ ਦਾ ਸਤਿਕਾਰ ਅਤੇ ਸੰਭਾਲ ਬੇਹੱਦ ਜ਼ਰੂਰੀ ਹੈ। ਜਿਆਦਾ ਤੋ ਜਿਆਦਾ ਦਰਖਤ ਲਗਾਏ ਜਾਣ , ਪੋਲੀਥੀਨ ਬੈਗ ਦਾ ਪ੍ਰਯੋਗ ਨਾ ਹੋਵੇ , ਮੋਟਰ ਗੱਡੀਆਂ ਤੇ ਵਿਸ਼ੇਸ਼ ਕਿਸਮ ਦੇ ਸਾਈਲੈਸਰ ਲਗਾਏ ਜਾਣ , ਲੈਡ ਰਹਿਤ ਪਟਰੋਲ ਦੀ ਵਰਤੋਂ ਕੀਤੀ ਜਾਵੇ , ਕਾਰਖਨਿਆ ਵਿੱਚ ਵਿਸ਼ੇਸ਼ ਕਿਸਮ ਦੀਆਂ ਚਿਮਨੀਆ ਲੱਗਣ। ਵਾਤਾਵਰਣ ਦੀ ਸੰਭਾਲ ਸਬੰਧੀ ਕਾਨੂੰਨ ਤਾਂ ਸਾਡੇ ਦੇਸ਼ ਵਿੱਚ ਬਹੁਤ ਹਨ ,ਪਰੰਤੂ ਇਨ੍ਹਾਂ ਕਾਨੂੰਨਾਂ ਦਾ ਲਾਭ ਤਾਂ ਹੀ ਹੈ, ਜੇ ਸਖ਼ਤੀ ਅਤੇ ਇਮਾਨਦਾਰੀ ਨਾਲ ਵੋਟਾਂ ਦੀ ਦਲਗਤ ਰਾਜਨੀਤੀ ਅਤੇ ਭਾਈ ਭਤੀਜਾਵਾਦ ਤੋਂ ਉਪਰ ਉੱਠ ਕੇ ਲਾਗੁ ਕੀਤੇ ਜਾਣ।

ਚੀਨੀ ਕਹਾਵਤ ਅਨੁਸਾਰ ਜੇ ਤੁਸੀਂ ਵਾਤਾਵਰਨ ਸਬੰਧੀ ਇੱਕ ਦਿਨ ਦੀ ਯੋਜਨਾ ਬਣਾ ਰਹੇ ਹੋ ਤਾਂ ਚਾਵਲ ਉਗਾ ਦਿਓ, ਜੇ 10 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਦਰੱਖਤ ਲਗਾ ਦਿਉ , ਜੇ 100 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਸਿੱਖਿਆ ਦਾ ਪ੍ਰਸਾਰ ਕਰੋ ।ਸਮੇਂ ਦੀ ਜ਼ਰੂਰਤ ਅਨੁਸਾਰ ਸਿੱਖਿਆ ਦੇ ਪਾਠਕ੍ਰਮ ਵਿੱਚ ਵਾਤਾਵਰਨ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇ। ਜੇ ਅਜੇ ਵੀ ਵਾਤਾਵਰਣ ਸੰਭਾਲ ਸਬੰਧੀ ਕੋਈ ਮੁਹਿੰਮ ਸੰਜੀਦਗੀ ਨਾਲ ਨਾ ਛੇੜੀ ਗਈ ਤਾ ਵਾਤਾਵਰਣ ਪ੍ਰਦੂਸ਼ਣ ਇਕ ਗੰਭੀਰ ਰੂਪ ਧਾਰਨ ਕਰ ਲਵੇਗਾ।

ਡਾ. ਸਤਿੰਦਰ ਸਿੰਘ (ਪੀ ਈ ਐਸ)
ਸਟੇਟ ਅਤੇ ਨੈਸ਼ਨਲ ਐਵਾਰਡੀ, ਪ੍ਰਿੰਸੀਪਲ।
ਧਵਨ ਕਲੋਨੀ ਫਿਰੋਜ਼ਪੁਰ
9815427554