10ਵੀਂ ਪਾਸ ਨੌਜਵਾਨਾਂ ਲਈ ਡਾਕ ਵਿਭਾਗ ‘ਚ ਨਿਕਲੀਆਂ 23000 ਨੌਕਰੀਆਂ; ਬਿਨਾਂ ਲਿਖਤੀ ਪੇਪਰ ਮਿਲੇਗੀ ਜੌਬ, ਜਲਦੀ ਕਰੋ ਅਪਲਾਈ
ਨਵੀਂ ਦਿੱਲੀ, 13 ਸਤੰਬਰ, 2026:
ਸਰਕਾਰੀ ਨੌਕਰੀਆਂ ਦੀ ਉਡੀਕ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਵੀ ਸੂਚਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਭਾਰਤੀ ਡਾਕ ਵਿਭਾਗ ਨੇ ਗ੍ਰਾਮੀਣ ਡਾਕ ਸੇਵਕ (GDS) ਸ਼ਡਿਊਲ-II ਦੇ ਤਹਿਤ ਬ੍ਰਾਂਚ ਪੋਸਟਮਾਸਟਰ (BPM), ਅਸਿਸਟੈਂਟ ਬ੍ਰਾਂਚ ਪੋਸਟਮਾਸਟਰ (ABPM) ਅਤੇ ਡਾਕ ਸੇਵਕ ਦੇ ਕੁੱਲ 23,757 ਅਹੁਦਿਆਂ ‘ਤੇ ਸਿੱਧੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
ਇਸ ਭਰਤੀ ਲਈ ਆਨਲਾਈਨ ਅਰਜ਼ੀ ਦੇਣ ਦੀ ਆਖਰੀ ਮਿਤੀ 21 ਸਤੰਬਰ 2026 (ਸ਼ਾਮ 5 ਵਜੇ ਤੱਕ) ਨਿਰਧਾਰਤ ਕੀਤੀ ਗਈ ਹੈ।
ਇਸ ਭਰਤੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਚੋਣ ਲਈ ਕੋਈ ਲਿਖਤੀ ਪ੍ਰੀਖਿਆ ਜਾਂ ਇੰਟਰਵਿਊ ਨਹੀਂ ਲਿਆ ਜਾਵੇਗਾ, ਸਗੋਂ ਉਮੀਦਵਾਰਾਂ ਦੀ ਚੋਣ ਸਿੱਧੇ 10ਵੀਂ ਜਮਾਤ ਦੇ ਅੰਕਾਂ ਦੇ ਆਧਾਰ ‘ਤੇ ਤਿਆਰ ਕੀਤੀ ਮੈਰਿਟ ਸੂਚੀ ਰਾਹੀਂ ਕੀਤੀ ਜਾਵੇਗੀ।
ਇਸ ਭਰਤੀ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਨਾਲ 10ਵੀਂ ਪਾਸ ਹੋਣਾ, ਸਥਾਨਕ ਭਾਸ਼ਾ ਦਾ ਗਿਆਨ, ਕੰਪਿਊਟਰ ਦੀ ਜਾਣਕਾਰੀ ਅਤੇ ਸਾਈਕਲ ਚਲਾਉਣਾ ਆਉਣਾ ਲਾਜ਼ਮੀ ਹੈ।
ਉਮੀਦਵਾਰਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ, ਜਿਸ ਵਿੱਚ ਰਾਖਵੇਂ ਵਰਗਾਂ (SC/ST, OBC ਅਤੇ PwBD) ਨੂੰ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਵਿੱਚ ਛੋਟ ਮਿਲੇਗੀ। ਅਰਜ਼ੀ ਫੀਸ 100 ਰੁਪਏ ਰੱਖੀ ਗਈ ਹੈ, ਜਦਕਿ ਮਹਿਲਾਵਾਂ, SC, ST, PwBD ਅਤੇ ਟ੍ਰਾਂਸਵੂਮਨ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੈ। ਅਰਜ਼ੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤੀ ਸੁਧਾਰਨ ਲਈ 23 ਤੋਂ 24 ਸਤੰਬਰ ਤੱਕ ਕਰੈਕਸ਼ਨ ਵਿੰਡੋ ਖੁੱਲ੍ਹੇਗੀ।
ਇਸ ਭਰਤੀ ਮੁਹਿੰਮ ਤਹਿਤ ਮਹਾਰਾਸ਼ਟਰ ਵਿੱਚ 2297, ਤਮਿਲਨਾਡੂ ਵਿੱਚ 2118, ਉੱਤਰ ਪ੍ਰਦੇਸ਼ ਵਿੱਚ 1691, ਪੱਛਮੀ ਬੰਗਾਲ ਵਿੱਚ 1619, ਮੱਧ ਪ੍ਰਦੇਸ਼ ਵਿੱਚ 1450, ਝਾਰਖੰਡ ਵਿੱਚ 1379, ਕੇਰਲ ਵਿੱਚ 1373, ਉੱਤਰ-ਪੂਰਬੀ ਖੇਤਰ ਵਿੱਚ 1354, ਓਡੀਸ਼ਾ ਵਿੱਚ 1353, ਕਰਨਾਟਕ ਵਿੱਚ 1116 ਅਤੇ ਬਿਹਾਰ ਵਿੱਚ 1098 ਅਹੁਦਿਆਂ ਸਮੇਤ ਵੱਖ-ਵੱਖ ਰਾਜਾਂ ਵਿੱਚ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਇੱਛੁਕ ਉਮੀਦਵਾਰ ਡਾਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ (indiapost.gov.in) ‘ਤੇ ਜਾ ਕੇ ਵਨ-ਟਾਈਮ ਰਜਿਸਟ੍ਰੇਸ਼ਨ ਪੂਰੀ ਕਰਕੇ, ਦਸਤਾਵੇਜ਼ ਅੱਪਲੋਡ ਕਰਕੇ ਅਤੇ ਆਨਲਾਈਨ ਫੀਸ ਦਾ ਭੁਗਤਾਨ ਕਰਕੇ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ।
















