CM ਮਾਨ ਨੂੰ ਮੰਗ ਪੱਤਰ ਦੇਣ ਜਾ ਰਹੇ ਆਗੂਆਂ ‘ਤੇ ਪਾਇਆ ਪਰਚਾ ਜਾਣਬੁੱਝ ਕੇ ਲਟਕਾ ਰਿਹੈ ਪੁਲਿਸ ਪ੍ਰਸਾਸ਼ਨ
ਸਮੂਹ ਜਨਤਕ ਜਥੇਬੰਦੀਆਂ ਦੀ ਮੀਟਿੰਗ ਸੱਦ ਕੇ ਅਗਲਾ ਸੰਘਰਸ਼ ਉਲੀਕਾਂਗੇ- ਆਗੂ
ਮਾਨਸਾ, 29 ਮਈ 2026- 2023 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਨਸਾ ਵਿਖੇ ਰੱਖੀ ਕੈਬਨਿਟ ਮੀਟਿੰਗ ਵਿੱਚ ਆਪਣੇ ਮੰਗ ਪੱਤਰ ਦੇਣ ਜਾ ਰਹੀਆਂ ਜਥੇਬੰਦੀਆਂ ਦੇ 158 ਆਗੂਆਂ ਅਤੇ ਵਰਕਰਾਂ ਉੱਪਰ ਪਾਏ ਗਏ ਪਰਚੇ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ|
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂਆਂ ਕਰਮਜੀਤ ਤਾਮਕੋਟ,ਅਮੋਲਕ ਡੇਲੂਆਣਾ,ਦਰਸ਼ਨ ਅਲੀਸ਼ੇਰ,ਗੁਰਦਾਸ ਰਾਏਪੁਰ, ਧਰਮਿੰਦਰ ਹੀਰੇਵਾਲਾ ਅਤੇ ਠੇਕਾ ਮੁਲਾਜ਼ਮ ਮੋਰਚਾ ਦੇ ਸਤਨਾਮ ਸਿੰਘ ਖਿਆਲਾ ਨੇ ਦੱਸਿਆ 2023 ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕਰਦੇ, ਠੇਕੇ ਦੇ ਮੁਲਾਜ਼ਮ ਆਪਣੀਆਂ ਸੇਵਾਵਾਂ ਪੱਕੀਆਂ ਕਰਵਾਉਣ ਦੀ ਮੰਗ ਕਰਦੇ ਅਤੇ ਨੌਕਰੀ ਮੰਗਦੇ ਬੇਰੁਜਗਾਰ 158 ਆਗੂਆਂ ਅਤੇ ਵਰਕਰਾਂ ਤੇ ਪਾਏ ਇਸ ਪਰਚੇ ਨੂੰ ਕੈਂਸਲ ਕਰਨ ਦੀ ਪ੍ਰਕਿਰਿਆ ਲਗਭਗ ਇੱਕ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਪਰ ਆਗੂਆਂ ਨੇ ਵਾਰ ਵਾਰ ਗੇੜੇ ਮਰਵਾਉਣ ਤੋਂ ਬਾਅਦ ਬੀਤੇ ਦਿਨੀ ਇਸ ਪਰਚੇ ਨੂੰ ਕੈਂਸਲ ਕਰਨ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ|
ਅਧਿਆਪਕ ਆਗੂਆਂ ਹੰਸਾ ਸਿੰਘ,ਲਖਵਿੰਦਰ ਮਾਨ, ਹਰਜਿੰਦਰ ਅਨੂਪਗੜ,ਰਾਜਵਿੰਦਰ ਸਿੰਘ ਬੈਹਣੀਵਾਲ ਅਤੇ ਬੇਅੰਤ ਰੜ ਨੇ ਕਿਹਾ ਕਿ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਬਹੁਤ ਗੁੱਸੇ ਵਿੱਚ ਹਨ ਅਤੇ ਹੁਣ ਉਹ ਪੁਲਿਸ ਪ੍ਰਸਾਸ਼ਨ ਨਾਲ ਸਿੱਧੇ ਦੋ-ਦੋ ਹੱਥ ਦੇਖਣ ਲਈ ਤਿਆਰ ਹਨ, ਆਗੂਆਂ ਨੇ ਕਿਹਾ ਕਿ ਇਸ ਮਸਲੇ ‘ਤੇ ਆਉਣ ਵਾਲੇ ਦਿਨਾਂ ਵਿੱਚ ਕਿਸਾਨ, ਮੁਲਾਜ਼ਮ, ਮਜ਼ਦੂਰ ਅਤੇ ਹੋਰ ਜਨਤਕ ਜਥੇਬੰਦੀਆਂ ਦੀ ਮੀਟਿੰਗ ਕਰ ਕੇ ਤਕੜਾ ਸੰਘਰਸ਼ ਉਲੀਕ ਰਹੇ ਹਨ|
ਉਹਨਾਂ ਕਿਹਾ ਕਿ ਇਹ ਹੱਕ ਮੰਗਦੇ ਲੋਕਾਂ ਉੱਪਰ ਇਸ ਤਰਾਂ ਪਰਚੇ ਪਾ ਕੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ| ਅਧਿਆਪਕ ਆਗੂਆਂ ਨਵੀਨ ਬੋਹਾ,ਸੁਖਬੀਰ ਬੱਬੀ, ਗੁਰਪ੍ਰੀਤ ਦਲੇਲ ਵਾਲਾ ਨੇ ਕਿਹਾ ਸਰਕਾਰ ਲੋਕਾਂ ਦੀਆ ਮੰਗਾਂ ਮੰਨਣ ਦੇ ਥਾਂ ਉਹਨਾਂ ਉੱਪਰ ਪਰਚੇ ਪਾ ਕੇ ਉਹਨਾਂ ਦੀ ਆਵਾਜ਼ ਨੂੰ ਦਬਾ ਰਹੀ ਹੈ ਜੋ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ|






