Punjab PCS Exam Controversy: ਫੇਲ੍ਹ ਹੋਏ ਵਿਦਿਆਰਥੀਆਂ ਕਹਿ ਰਹੇ ਨੇ PCS ਪ੍ਰੀਖਿਆ ‘ਚ ਘੁਟਾਲਾ ਹੋਇਆ; ਸਪੀਕਰ ਸੰਧਵਾਂ ਨੇ ਕੀਤਾ ਵੱਡਾ ਖੁਲਾਸਾ!
PCS ਪ੍ਰੀਖਿਆ ‘ਤੇ ਰਾਜਨੀਤੀ ਗਰਮਾਈ: ਤਰੁਣ ਚੁੱਘ ਅਮਿਤ ਸ਼ਾਹ ਤੱਕ ਪਹੁੰਚਾਉਣਗੇ ਮੁੱਦਾ, ਸੰਧਵਾਂ ਬੋਲੇ- ‘ਬਾਹਰ ਹੋਏ ਉਮੀਦਵਾਰ ਲਗਾ ਰਹੇ ਨੇ ਬੇਬੁਨਿਆਦ ਇਲਜ਼ਾਮ’
Punjab Network
ਚੰਡੀਗੜ੍ਹ, 9 ਨਵੰਬਰ 2026: ਪੰਜਾਬ ਵਿੱਚ ਪੰਜਾਬ ਸਿਵਲ ਸੇਵਾਵਾਂ (PCS) ਭਰਤੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਫੇਲ੍ਹ ਹੋਏ ਉਮੀਦਵਾਰ ਅਤੇ ਵਿਰੋਧੀ ਧਿਰਾਂ AAP ਸਰਕਾਰ ‘ਤੇ ਗੜਬੜੀ ਅਤੇ ਧਾਂਦਲੀ ਦੇ ਦੋਸ਼ ਲਗਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਹਨਾਂ ਤਮਾਮ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਜੋ ਪ੍ਰੀਖਿਆਰਥੀ ਇਸ ਪ੍ਰੀਖਿਆ ਵਿੱਚ ਫੇਲ੍ਹ ਹੋ ਗਏ ਹਨ, ਉਹ ਹੀ ਹੁਣ ਅਜਿਹੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ। ਉਹਨਾਂ ਕਿਹਾ ਕਿ ਪ੍ਰੀਖਿਆ ਵਿੱਚੋਂ ਬਾਹਰ ਹੋਏ ਕੁਝ ਉਮੀਦਵਾਰ ਇਹ ਦਾਅਵਾ ਕਰ ਰਹੇ ਹਨ ਕਿ ਉਹਨਾਂ ਨੂੰ ਘੱਟ ਨੰਬਰ ਦਿੱਤੇ ਗਏ ਹਨ, ਜਦਕਿ ਦੂਜਿਆਂ ਨੂੰ ਵੱਧ ਨੰਬਰ ਮਿਲੇ ਹਨ। ਸੰਧਵਾਂ ਅਨੁਸਾਰ ਇਹ ਕੇਵਲ ਆਪਣੀ ਨਾਕਾਮਯਾਬੀ ਨੂੰ ਛੁਪਾਉਣ ਦਾ ਇੱਕ ਤਰੀਕਾ ਹੈ ਅਤੇ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖਤਾ ਨਾਲ ਨੇਪਰੇ ਚਾੜ੍ਹੀ ਗਈ ਹੈ।
ਦੂਜੇ ਪਾਸੇ, ਇਸ ਪੂਰੇ ਮਾਮਲੇ ‘ਤੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾ ਗਈ ਹੈ। ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੀੜਤ ਵਿਦਿਆਰਥੀਆਂ ਦਾ ਪੱਖ ਪੂਰਿਆ ਹੈ। ਤਰੁਣ ਚੁੱਘ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਵੀ ਵਿਦਿਆਰਥੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਧੱਕਾ ਜਾਂ ਧਾਂਦਲੀ ਹੋਈ ਹੈ, ਉਹ ਉਨ੍ਹਾਂ ਸਾਰੇ ਪ੍ਰੀਖਿਆਰਥੀਆਂ ਨੂੰ ਨਾਲ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਭਾਜਪਾ ਆਗੂਆਂ ਦੇ ਇਸ ਕਦਮ ‘ਤੇ ਤਿੱਖਾ ਪਲਟਵਾਰ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਜਪਾ ਆਗੂਆਂ ਕੋਲ ਝੂਠ ਬੋਲਣ ਦਾ ਰਿਕਾਰਡ ਹੈ। ਉਹ ਕਿਸੇ ਵੀ ਅਜਿਹੇ ਬੱਚੇ ਨੂੰ ਨਾਲ ਬਿਠਾ ਲੈਂਦੇ ਹਨ ਜੋ ਪ੍ਰੀਖਿਆ ਵਿੱਚ ਪਾਸ ਹੀ ਨਹੀਂ ਹੋਇਆ ਹੁੰਦਾ ਅਤੇ ਫਿਰ ਉਸ ਤੋਂ ਇਹ ਕਹਾਉਂਦੇ ਹਨ ਕਿ ਉਸ ਦੇ ਨੰਬਰ ਘੱਟ ਲਗਾਏ ਗਏ ਹਨ।
ਸੰਧਵਾਂ ਨੇ ਕਿਹਾ ਕਿ ਰਾਜਨੀਤਿਕ ਲਾਹਾ ਲੈਣ ਲਈ ਅਜਿਹੇ ਮੁੱਦਿਆਂ ਨੂੰ ਹਵਾ ਦੇਣਾ ਅਤੇ ਅਸਫ਼ਲ ਉਮੀਦਵਾਰਾਂ ਦਾ ਸਹਾਰਾ ਲੈ ਕੇ ਸਰਕਾਰ ਨੂੰ ਘੇਰਨਾ ਭਾਜਪਾ ਦੀ ਪੁਰਾਣੀ ਆਦਤ ਹੈ। ਉਹਨਾਂ ਅੱਗੇ ਕਿਹਾ ਕਿ ਸਰਕਾਰੀ ਨੌਕਰੀਆਂ ਦੀ ਭਰਤੀ ਪ੍ਰਕਿਰਿਆ ਪਾਰਦਰਸ਼ੀ ਤਰੀਕੇ ਨਾਲ ਚਲਾਈ ਜਾ ਰਹੀ ਹੈ ਅਤੇ ਯੋਗ ਉਮੀਦਵਾਰਾਂ ਨੂੰ ਹੀ ਉਨ੍ਹਾਂ ਦੀ ਮਿਹਨਤ ਦਾ ਫਲ ਮਿਲ ਰਿਹਾ ਹੈ। ਹਾਲਾਂਕਿ, ਵਿਰੋਧੀ ਧਿਰਾਂ ਅਤੇ ਕੁਝ ਉਮੀਦਵਾਰਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਕਾਰਨ ਇਸ ਭਰਤੀ ਮਾਮਲੇ ਨੇ ਵੱਡਾ ਸਿਆਸੀ ਰੂਪ ਧਾਰਨ ਕਰ ਲਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਗ੍ਰਹਿ ਮੰਤਰਾਲੇ ਤੱਕ ਮਾਮਲਾ ਪਹੁੰਚਣ ਤੋਂ ਬਾਅਦ ਇਸ ਵਿੱਚ ਕੀ ਨਵਾਂ ਮੋੜ ਆਉਂਦਾ ਹੈ?
















