Chandigarh: Journalists ਵਿਰੁੱਧ ਦਰਜ FIR ਰੱਦ ਕਰਵਾਉਣ ਲਈ ਵੱਡਾ ਮੁਜ਼ਾਹਰਾ! ਸੁਖਬੀਰ ਬਾਦਲ ਅਤੇ ਗਾਂਧੀ ਸਮੇਤ ਪਹੁੰਚੇ ਕਈ ਸੀਨੀਅਰ ਲੀਡਰ

 

Chandigarh: Journalists ਵਿਰੁੱਧ ਦਰਜ FIR ਰੱਦ ਕਰਵਾਉਣ ਲਈ ਵੱਡਾ ਮੁਜ਼ਾਹਰਾ! ਸੁਖਬੀਰ ਬਾਦਲ ਅਤੇ ਗਾਂਧੀ ਸਮੇਤ ਪਹੁੰਚੇ ਕਈ ਸੀਨੀਅਰ ਲੀਡਰ

Punjab Network

ਚੰਡੀਗੜ੍ਹ 4 ਜਨਵਰੀ 2026- ਮੁੱਖ ਮੰਤਰੀ ਦੇ ਹੈਲੀਕਾਪਟਰ ਤੇ ਸਵਾਲ ਚੁੱਕਣ ਦੇ ਦੋਸ਼ ਵਿੱਚ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ, ਮਿੰਟੂ ਗੁਰੂਸਰੀਆ, ਆਰਟੀਆਈ ਕਾਰਕੁੰਨ ਮਾਨਿਕ ਗੋਇਲ ਸਮੇਤ 10 ਪੱਤਰਕਾਰਾਂ (Journalists) ਵਿਰੁੱਧ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਨੂੰ ਰੱਦ ਕਰਵਾਉਣ ਵਾਸਤੇ ਅੱਜ ਚੰਡੀਗੜ੍ਹ ਦੇ ਸੈਕਟਰ 17 ਵਿਖੇ ਜਨਤਕ ਇਕੱਠ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਸਿਆਸੀ ਧਿਰਾਂ ਦੇ ਵੱਡੇ ਲੀਡਰ, ਜਨਤਕ ਜਥੇਬੰਦੀਆਂ ਦੇ ਨੇਤਾ, ਸਮਾਜਿਕ ਕਾਰਕੁਨ, ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨੇਤਾ ਅਤੇ ਪ੍ਰੈਸ ਕਲੱਬਾਂ ਦੇ ਸੀਨੀਅਰ ਪੱਤਰਕਾਰ ਵੀ ਸ਼ਾਮਿਲ ਹੋਏ।

ਇਕੱਠ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਨਿਤ ਜੋਸ਼ੀ, ਵਿਨਰਜੀਤ ਸਿੰਘ ਗੋਲਡੀ, ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ ਸੌਰਵ ਦੁੱਗਲ, ਭਾਜਪਾ ਤਰਫੋਂ ਵਿਨੀਤ ਜੋਸ਼ੀ, ਅਨਿਲ ਸਰੀਨ, ਐਡਵੋਕੇਟ ਹਰਮੀਤ ਬਰਾੜ, ਅਮਨਦੀਪ ਜਮਹੂਰੀ ਅਧਿਕਾਰ ਸਭਾ, ਗੁਰਪ੍ਰੀਤ ਸਿੰਘ ਝੱਬਰ, ਪ੍ਰੋਫ਼ੈਸਰ ਮਨਜੀਤ ਸਿੰਘ, ਮਾਲਵਿੰਦਰ ਸਿੰਘ ਮਾਲੀ, ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ, ਅਵਤਾਰ ਸਿੰਘ ਮਹਿਮਾ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਬਲਜੀਤ ਪਰਮਾਰ ਅਤੇ ਹੋਰ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਸਨ।

ਇਹਨਾਂ ਸਾਰੇ ਆਗੂਆਂ ਨੇ ਜਿੱਥੇ ਪੰਜਾਬ ਸਰਕਾਰ ਦੇ ਸਿਸਟਮ ‘ਤੇ ਸਵਾਲ ਚੁੱਕੇ, ਉੱਥੇ ਦੂਜੇ ਪਾਸੇ ਕਿਹਾ ਕਿ ਪੰਜਾਬ ਦੇ ਅੰਦਰ ਪ੍ਰੈਸ (Press) ਦਾ ਲਗਾਤਾਰ ਕਤਲ ਕੀਤਾ ਜਾ ਰਿਹਾ ਹੈ। ਪੁਲਿਸ ਸਰਕਾਰੀ ਸ਼ਹਿ ‘ਤੇ ਇਮਾਨਦਾਰ ਅਤੇ ਸੱਚ ਬੋਲਣ ਵਾਲੇ ਪੱਤਰਕਾਰਾਂ  (Journalists) ਖਿਲਾਫ ਮਾਮਲੇ ਦਰਜ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨਾਂ ਦੇ ਵਿਰੁੱਧ ਮੁਕਦਮਾ ਦਰਜ ਕਰਕੇ ਪ੍ਰੈਸ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਕੀਤਾ ਹੈ। ਸਮੂਹ ਆਗੂਆਂ ਨੇ ਇੱਕ ਆਵਾਜ਼ ਵਿੱਚ ਸਰਕਾਰ ਦੁਆਰਾ ਕੀਤੇ ਜਾ ਰਹੇ ਪ੍ਰੈਸ ‘ਤੇ ਹਮਲੇ ਦੀ ਨਿਖੇਧੀ ਕੀਤੀ, ਨਾਲ ਹੀ ਪੰਜਾਬ ਸਰਕਾਰ ਦੀਆਂ ਸੂਬਾ ਵਿਰੋਧੀ ਚਾਲਾਂ ਖਿਲਾਫ ਵੀ ਮੋਰਚਾ ਖੋਲਿਆ।

ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਜਿੱਥੇ ਮਤਾ ਲੈ ਕੇ ਆਏ, ਉੱਥੇ ਹੀ ਪ੍ਰੈਸ ਦੀ ਆਜ਼ਾਦੀ ‘ਤੇ ਮੌਜੂਦਾ ਆਪ ਸਰਕਾਰ ਵੱਲੋਂ ਕੀਤੇ ਗਏ ਹਮਲੇ ਅਤੇ ਪੱਤਰਕਾਰਾਂ (Journalists) ਵਿਰੁੱਧ ਦਰਜ ਕੀਤੇ ਗਏ ਮਾਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਪੱਤਰਕਾਰਾਂ ਦੁਆਰਾ ਜੋ ਵੀ ਅਗਲਾ ਸੰਘਰਸ਼ ਉਲੀਕਿਆ ਜਾਵੇਗਾ, ਉਸ ਵਿੱਚ ਉਹ ਵੱਡੇ ਪੱਧਰ ‘ਤੇ ਸ਼ਾਮਿਲ ਹੋਣਗੇ।

ਮੁਜ਼ਾਹਰੇ ਵਿੱਚ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਸੱਤਾ ਦੇ ਵਿੱਚ ਸਾਡੀ ਸਰਕਾਰ ਸੀ, ਅਸੀਂ ਕਿਸੇ ਪੱਤਰਕਾਰ ਵਿਰੁੱਧ ਕੋਈ ਮੁਕਦਮਾ ਦਰਜ ਨਹੀਂ ਕੀਤਾ। ਸੁਖਬੀਰ ਨੇ ਦਾਅਵਾ ਕੀਤਾ ਕਿ ਮੈਂ ਅਤੇ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਹਮੇਸ਼ਾ ਹੀ ਪ੍ਰੈੱਸ ਦਾ ਸਤਿਕਾਰ ਕੀਤਾ ਹੈ। ਬਾਦਲ ਨੇ ਕਿਹਾ ਕਿ ਪੱਤਰਕਾਰਾਂ ਦਾ ਕੰਮ ਹੁੰਦਾ ਹੈ ਕਿ ਸੱਚ ਨੂੰ ਉਜਾਗਰ ਕਰਨਾ।

ਉਹਨਾਂ ਨੇ ਕਿਹਾ ਕਿ ਜੇਕਰ ਹੁਣ ਪੱਤਰਕਾਰਾਂ ਨੇ ਸੱਚ ਬੋਲ ਕੇ ਮੌਜੂਦਾ ਸਰਕਾਰ ਦੇ ਵਿਰੁੱਧ ਖ਼ਬਰਾਂ ਚਲਾਈਆਂ ਹਨ ਤਾਂ, ਇਹ ਸਰਕਾਰ ਨੂੰ ਬੜੀ ਤਕਲੀਫ਼ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪ੍ਰੈਸ ਦੀ ਆਜ਼ਾਦੀ ਦੀ ਲੜਾਈ ਲੋਕਾਂ ਦੀ ਆਜ਼ਾਦੀ ਦੀ ਲੜਾਈ ਹੈ। ਪੱਤਰਕਾਰਾਂ ਦੇ ਚੱਲਦੇ ਮੁਜ਼ਾਹਰੇ ਦੇ ਅੰਦਰ ਪੰਜਾਬੀ ਨਜ਼ਰੀਆ ਚੈਨਲ ਦੇ ਪੱਤਰਕਾਰ ਮੋਹਨ ਸਿੰਘ ਔਲਖ ਨੂੰ ਨਸ਼ਿਆਂ ਸਬੰਧੀ ਬਣਾਈ ਵੀਡੀਓ ਡਿਲੀਟ ਕਰਨ ਲਈ ਪੁਲਿਸ ਵੱਲੋਂ ਪਾਏ ਜਾ ਰਹੇ ਦਬਾਅ ਦੀ ਵੀ ਨਿੰਦਾ ਕੀਤੀ ਗਈ।

ਇਸ ਮੌਕੇ ਹੋਰਨਾਂ ਆਗੂਆਂ ਨੇ ਕਿਹਾ ਕਿ ਹੱਕ ਸੱਚ ਦੀ ਆਵਾਜ਼ ਕਦੇ ਵੀ ਬੰਦ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਇਸ ਹਮਲੇ ਵਿਰੁੱਧ ਸਮੂਹ ਕਿਰਤੀ ਲੋਕ ਮੈਦਾਨ ਵਿੱਚ ਹਨ। ਉਹਨਾਂ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਪੱਤਰਕਾਰ ਮਨਿੰਦਰਜੀਤ ਸਿੱਧੂ ਨੇ ਸਟੇਜ਼ ਤੋਂ ਬੋਲਦਿਆਂ ਹੋਇਆ ਕਿਹਾ ਕਿ, 7 ਜਨਵਰੀ ਨੂੰ ਬਠਿੰਡਾ ਟੀਚਰ ਹੋਮ ਵਿਖੇ ਅਗਲੇ ਸੰਘਰਸ਼ ਮੀਟਿੰਗ ਕੀਤੀ ਜਾਵੇਗੀ।