ਅਧਿਆਪਕਾਂ ਨੂੰ ਨਹੀਂ ਮਿਲੀਆਂ ਤਨਖ਼ਾਹਾਂ; DTF ਨੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਧਰਨੇ ਦਾ ਦਿੱਤਾ ਅਲਟੀਮੇਟਮ

On: ਮਾਰਚ 9, 2026 10:26 ਬਾਃ ਦੁਃ

 

ਤਨਖ਼ਾਹਾਂ ਜਲਦ ਨਾ ਮਿਲਣ ‘ਤੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਧਰਨੇ ਦਾ ਐਲਾਨ

Punjab Network

ਦਿੜ੍ਹਬਾ, 9 ਮਾਰਚ 2026- ਪੰਜਾਬ ਭਰ ਦੇ ਬਹੁ ਗਿਣਤੀ ਅਧਿਆਪਕਾਂ ਨੂੰ ਫਰਵਰੀ ਮਹੀਨੇ ਦੀ ਤਨਖਾਹ ਹਾਲੇ ਤੱਕ ਨਾ ਮਿਲਣ ਸਬੰਧੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਦਾ ਵਫ਼ਦ ਅੱਜ ਵਿੱਤ ਮੰਤਰੀ ਦੇ ਦਿੜ੍ਹਬਾ ਸਥਿਤ ਦਫ਼ਤਰ ਇੰਚਾਰਜ ਰਣਜੀਤ ਸਿੰਘ ਨੂੰ ਮਿਲਿਆ।

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਦੱਸਿਆ ਕਿ ਮੰਗ ਪੱਤਰ ਸੌਂਪ ਕੇ ਜਥੇਬੰਦੀ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਤਨਖਾਹਾਂ ਜਲਦੀ ਨਾ ਮਿਲਣ ਦੀ ਸੂਰਤ ਵਿੱਚ ਅਧਿਆਪਕ ਜਥੇਬੰਦੀ ਦੀ ਅਗਵਾਈ ਵਿੱਚ ਵਿੱਤ ਮੰਤਰੀ ਦੇ ਦਿੜ੍ਹਬਾ ਦਫ਼ਤਰ ਅੱਗੇ ਰੋਸ ਧਰਨਾ ਲਾਉਣਗੇ।

ਮੰਗ ਪੱਤਰ ਰਾਹੀਂ ਵਿੱਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕਾਂ ਨੂੰ ਗੰਭੀਰ ਵਿੱਤੀ ਮੁਸ਼ਕਿਲਾਂ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਹਨਾਂ ਦੀਆਂ ਹੋਮ ਲੋਨ ਵਗੈਰਾ ਦੀਆਂ ਕਿਸ਼ਤਾਂ ਟੁੱਟ ਚੁੱਕੀਆਂ ਹਨ ਤੇ ਜ਼ੁਰਮਾਨੇ ਪੈ ਚੁੱਕੇ ਹਨ। ਇਸ ਕਾਰਨ ਉਹਨਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ।

ਇਸ ਤੋਂ ਇਲਾਵਾ ਪਿਛਲੇ ਇੱਕ ਸਾਲ ਤੋਂ ਸਰਕਾਰ ਦੇ ਆਦੇਸ਼ ਤਹਿਤ ਖਜਾਨਾ ਦਫਤਰਾਂ ਵਿੱਚ ਇੱਕ ਮੁਲਾਜ਼ਮ ਵਿਰੋਧੀ ਰਿਵਾਇਤ ਸਥਾਪਿਤ ਕੀਤੀ ਗਈ ਹੈ ਜਿਸ ਤਹਿਤ ਮਹੀਨੇ ਦੀ 1 ਤਾਰੀਖ ਤੱਕ ਖਜਾਨਾ ਦਫ਼ਤਰ ਪਹੁੰਚ ਜਾਣ ਵਾਲੇ ਤਨਖਾਹ ਬਿਲਾਂ ਦਾ ਭੁਗਤਾਨ ਤਾਂ 1 ਤਾਰੀਖ ਨੂੰ ਕਰ ਦਿੱਤਾ ਜਾਂਦਾ ਹੈ।

ਪ੍ਰੰਤੂ ਇਸ ਤੋਂ ਬਾਅਦ ਪਹੁੰਚਣ ਵਾਲੇ ਬਿੱਲਾਂ ਦੇ ਭੁਗਤਾਨ ਨੂੰ ਬਿਨਾਂ ਕਿਸੇ ਲਿਖਤੀ ਆਦੇਸ਼ ਦੇ ਵਿੱਤ ਵਿਭਾਗ ਦੇ ਅਧਿਕਾਰੀਆਂ ਦੇ ਜ਼ੁਬਾਨੀ ਹੁਕਮਾਂ ਤਹਿਤ ਲੰਮੇ ਸਮੇਂ ਲਈ ਰੋਕ ਲਿਆ ਜਾਂਦਾ ਹੈ ਜਿਸ ਕਾਰਨ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਦੇਰੀ ਹੁੰਦੀ ਹੈ।

ਉਹਨਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਦੇ ਸਾਸ਼ਨ ਵਿੱਚ ਅਧਿਆਪਕਾਂ ਨੂੰ ਮਹੀਨਾਵਾਰ ਤਨਖਾਹਾਂ ਲੈਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਅਜਿਹੀ ਹਾਲਤ ਵਿੱਚ ਅਖੌਤੀ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਬੇਮਾਅਨਾ ਹੈ।

ਵਫ਼ਦ ਵਿੱਚ ਉਕਤ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਪ੍ਰੈੱਸ ਸਕੱਤਰ ਜਸਬੀਰ ਨਮੋਲ,ਬਲਾਕ ਆਗੂ ਰਾਜਵੀਰ ਨਾਗਰਾ,ਹਰਦੀਪ ਸਿੰਘ,ਗੁਰਪ੍ਰੀਤ ਪਸ਼ੌਰ,ਸਰਬਜੀਤ ਕਿਸ਼ਨਗੜ੍ਹ,ਜਗਦੀਪ ਸਿੰਘ,ਰੇਸ਼ਮ ਪਾਲ,ਜਸਪਾਲ ਸਿੰਘ,ਜਸਵੀਰ ਸਿੰਘ,ਰਾਮ ਸਿੰਘ,ਕਰਨੈਲ ਸ਼ਾਸ਼ਤਰੀ,ਸੁਨੀਲ ਕੁਮਾਰ ਸ਼ਾਮਿਲ ਸਨ।

 

Join WhatsApp

Join Now

Leave a Comment