PPSC Recruitment 2026: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਵੱਲੋਂ ਰਜਿਸਟਰ-ਸੀ ਕੋਟੇ ਤਹਿਤ ਪ੍ਰਸ਼ਾਸਕੀ ਸੇਵਾਵਾਂ ਲਈ ਅਰਜ਼ੀਆਂ ਦੀ ਮੰਗ- ਸਰਕਾਰੀ ਮੁਲਾਜ਼ਮਾਂ ਲਈ ਉਮਰ ਸੀਮਾ ਵਿੱਚ 5 ਸਾਲ ਦੀ ਵਿਸ਼ੇਸ਼ ਛੋਟ; ਹੁਣ 45 ਸਾਲ ਤੱਕ ਦੇ ਅਧਿਕਾਰੀ ਕਰ ਸਕਣਗੇ ਅਪਲਾਈ
ਚੰਡੀਗੜ੍ਹ, 9 ਜੂਨ 2026-
PPSC Recruitment 2026: ਪੰਜਾਬ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਪ੍ਰਿੰਸੀਪਲਾਂ, ਲੈਕਚਰਾਰਾਂ, ਹੈੱਡਮਾਸਟਰਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ (BPEO) ਲਈ ਪੀਸੀਐਸ (PCS) ਅਫ਼ਸਰ ਬਣਨ ਦਾ ਸੁਪਨਾ ਪੂਰਾ ਕਰਨ ਦਾ ਇੱਕ ਵੱਡਾ ਅਤੇ ਸੁਨਹਿਰੀ ਮੌਕਾ ਸਾਹਮਣੇ ਆਇਆ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਨੇ ‘ਰਜਿਸਟਰ-ਸੀ ਕੋਟੇ’ ਤਹਿਤ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਵਿੱਚ ਦਾਖ਼ਲੇ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਭਰਤੀ ਆਮ ਓਪਨ ਪੀਸੀਐਸ ਪ੍ਰਤੀਯੋਗੀ ਪ੍ਰੀਖਿਆ ਤੋਂ ਬਿਲਕੁਲ ਵੱਖਰੀ ਹੈ, ਜੋ ਕਿ ਵੱਖ-ਵੱਖ ਪੰਜਾਬ ਸਰਕਾਰੀ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਤਜਰਬੇਕਾਰ ਅਫ਼ਸਰਾਂ ਲਈ ਰਾਖਵੇਂ ਅੰਦਰੂਨੀ ਕੋਟੇ ਅਧੀਨ ਕਰਵਾਈ ਜਾ ਰਹੀ ਹੈ।
ਇਸ ਵਿਸ਼ੇਸ਼ ਭਰਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਕੰਮ ਕਰਨ ਵਾਲੇ ਪ੍ਰਿੰਸੀਪਲ, ਲੈਕਚਰਾਰ, ਹੈੱਡਮਾਸਟਰ ਅਤੇ ਬੀਪੀਈਓ (BPEO), ਜੋ ਨਿਰਧਾਰਤ ਸ਼ਰਤਾਂ ਪੂਰੀਆਂ ਕਰਦੇ ਹਨ, ਉਹ ਅਪਲਾਈ ਕਰ ਸਕਦੇ ਹਨ। ਪਰ ਇਸ ਦੇ ਨਾਲ ਹੀ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬੀਡੀਪੀਓ (BDPO) ਅਤੇ ਈਟੀਓ (ETO) ਇਸ ਭਰਤੀ ਲਈ ਯੋਗ ਨਹੀਂ ਹੋਣਗੇ, ਭਾਵ ਉਹ ਇਸ ਪੋਸਟ ਲਈ ਬਿਨੈ-ਪੱਤਰ ਨਹੀਂ ਭਰ ਸਕਣਗੇ।
PPSC Recruitment 2026- ਯੋਗਤਾ ਅਤੇ ਉਮਰ ਸੀਮਾ ਦੀਆਂ ਮੁੱਖ ਸ਼ਰਤਾਂ…
ਉਮੀਦਵਾਰ ਕੋਲ ਘੱਟੋ-ਘੱਟ 8 ਸਾਲ ਦੀ ਨਿਯਮਤ ਸੇਵਾ ਹੋਣੀ ਲਾਜ਼ਮੀ ਹੈ। ਵਿਭਾਗ ਵਿੱਚ ਕਰਮਚਾਰੀ ਦਾ ਰਿਕਾਰਡ ਪੂਰੀ ਤਰ੍ਹਾਂ ਸਾਫ਼ ਹੋਣਾ ਚਾਹੀਦਾ ਹੈ, ਯਾਨੀ ਕੋਈ ਵਿਭਾਗੀ ਪੁੱਛਗਿੱਛ ਜਾਂ ਸ਼ਿਕਾਇਤ ਬਕਾਇਆ ਨਹੀਂ ਹੋਣੀ ਚਾਹੀਦੀ। ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿੱਚ ਬੈਚਲਰ (ਗ੍ਰੈਜੂਏਸ਼ਨ) ਦੀ ਡਿਗਰੀ ਅਤੇ ਦਸਵੀਂ ਪੱਧਰ ਤੱਕ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ। ਆਮ ਤੌਰ ‘ਤੇ ਪੀਸੀਐਸ ਲਈ ਵੱਧ ਤੋਂ ਵੱਧ ਉਮਰ 40 ਸਾਲ ਹੁੰਦੀ ਹੈ, ਪਰ ਨਿਯਮਤ ਸਰਕਾਰੀ ਕਰਮਚਾਰੀਆਂ (ਅਧਿਆਪਕਾਂ ਸਮੇਤ) ਨੂੰ 5 ਸਾਲ ਦੀ ਵਿਸ਼ੇਸ਼ ਛੋਟ ਦੇ ਕੇ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਰੱਖੀ ਗਈ ਹੈ।
ਵਾਧੂ ਸੇਵਾ ਲਈ ਮਿਲਣਗੇ ਖ਼ਾਸ ਅੰਕ
ਨਿਰਧਾਰਤ 8 ਸਾਲ ਦੀ ਸੇਵਾ ਤੋਂ ਉੱਪਰ ਹਰੇਕ ਵਾਧੂ ਸਾਲ ਦੀ ਨਿਯਮਤ ਸੇਵਾ ਲਈ 0.54 ਅੰਕ ਦਿੱਤੇ ਜਾਣਗੇ। ਉਦਾਹਰਣ ਵਜੋਂ ਜੇਕਰ ਕਿਸੇ ਕਰਮਚਾਰੀ ਕੋਲ 35 ਸਾਲ ਦੀ ਨਿਯਮਤ ਸੇਵਾ ਹੈ, ਤਾਂ 8 ਸਾਲ ਦੀ ਲਾਜ਼ਮੀ ਸੇਵਾ ਘਟਾਉਣ ਤੋਂ ਬਾਅਤ ਬਾਕੀ ਬਚੇ 27 ਸਾਲਾਂ ਦੇ ਹਿਸਾਬ ਨਾਲ ਉਸ ਨੂੰ 14.58 ਵਾਧੂ ਅੰਕ ਪ੍ਰਾਪਤ ਹੋਣਗੇ।
ਪ੍ਰੀਖਿਆ ਦਾ ਪੈਟਰਨ ਅਤੇ ਮੈਰਿਟ ਫਾਰਮੂਲਾ
ਅੰਤਿਮ ਚੋਣ ਸਕ੍ਰੀਨਿੰਗ ਟੈਸਟ, ਸੇਵਾ ਦੀ ਮਿਆਦ ਅਤੇ ਪਿਛਲੇ ਸਾਲਾਂ ਦੀ ਏਸੀਆਰ (ACR) ਦੇ ਅਧਾਰ ‘ਤੇ ਕੀਤੀ ਜਾਵੇਗੀ। ਲਿਖਤੀ ਪ੍ਰੀਖਿਆ (ਸਕ੍ਰੀਨਿੰਗ ਟੈਸਟ) ਦੀ ਵੇਟੇਜ 50% ਹੋਵੇਗੀ। ਪ੍ਰੀਖਿਆ ਵਿੱਚ ਗ੍ਰੈਜੂਏਟ ਪੱਧਰ ਦੇ 100 ਆਬਜੈਕਟਿਵ (MCQ) ਪ੍ਰਸ਼ਨ ਪੁੱਛੇ ਜਾਣਗੇ। ਪ੍ਰੀਖਿਆ ਵਿੱਚ 0.25 ਅੰਕਾਂ ਦੀ ਨੈਗੇਟਿਵ ਮਾਰਕਿੰਗ ਲਾਗੂ ਹੋਵੇਗੀ ਅਤੇ ਪਾਸ ਹੋਣ ਲਈ ਘੱਟੋ-ਘੱਟ 30% ਅੰਕ ਲੈਣੇ ਜ਼ਰੂਰੀ ਹਨ।
ਮਹੱਤਵਪੂਰਨ ਤਾਰੀਖ਼ਾਂ (Important Dates)
ਔਨਲਾਈਨ ਅਰਜ਼ੀ ਅਤੇ ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ 30 ਜੂਨ, 2026 ਹੈ। ਵਿਭਾਗੀ ਚੈਨਲ ਰਾਹੀਂ ਹਾਰਡ ਕਾਪੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਜੁਲਾਈ, 2026 (ਪੀਪੀਐਸਸੀ ਦਫ਼ਤਰ, ਪਟਿਆਲਾ ਵਿਖੇ) ਹੈ।



















