Punjab News: ਡਿਪਟੀ DEO ਦੇ ਵਤੀਰੇ ਖ਼ਿਲਾਫ਼ ਭੜਕੇ ਅਧਿਆਪਕ; ਡੀ.ਟੀ.ਐੱਫ. ਵੱਲੋਂ ਮੀਟਿੰਗ ਦਾ ਬਾਈਕਾਟ-ਦਫ਼ਤਰ ਦੇ ਬਾਹਰ ਕੀਤਾ ਰੋਸ ਮੁਜ਼ਾਹਰਾ
ਸੰਗਰੂਰ, 24 ਨਵੰਬਰ 2026- ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਦਾ ਵਫ਼ਦ ਅੱਜ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਦੀ ਅਗਵਾਈ ਵਿੱਚ ਅਧਿਆਪਕਾਂ ਦੇ ਮਸਲਿਆਂ ਸਬੰਧੀ ਮੀਟਿੰਗ ਕਰਨ ਲਈ ਡੀ.ਈ.ਓ. ਸੈਕੰਡਰੀ ਸੰਗਰੂਰ ਦੇ ਦਫ਼ਤਰ ਪਹੁੰਚਿਆ।
ਡੀ.ਈ.ਓ. ਦੀ ਗ਼ੈਰ ਮੌਜ਼ੂਦਗੀ ਵਿੱਚ ਡਿਪਟੀ ਡੀ.ਈ.ਓ. ਮਨਜੀਤ ਕੌਰ ਵੱਲੋਂ ਵਫ਼ਦ ਨਾਲ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਵਫ਼ਦ ਵੱਲੋਂ ਦਲੀਲ ਸਹਿਤ ਮਸਲੇ ਰੱਖੇ ਗਏ ਪ੍ਰੰਤੂ ਡਿਪਟੀ ਡੀ.ਈ.ਓ. ਦਾ ਵਿਹਾਰ ਗ਼ੈਰ-ਜ਼ਿੰਮੇਵਾਰਾਨਾ ਸੀ। ਉਹਨਾਂ ਵੱਲੋਂ ਕਿਹਾ ਗਿਆ ਕਿ ਜ਼ਿਲ੍ਹੇ ਦੇ ਪ੍ਰਿੰਸੀਪਲ ਉਹਨਾਂ ਦੀ ਗੱਲ ਨਹੀਂ ਮੰਨਦੇ।
ਉਹਨਾਂ ਵੱਲੋਂ ਜਥੇਬੰਦੀ ਦੇ ਆਗੂਆਂ ਨਾਲ ਬਦਸਲੂਕੀ ਕੀਤੀ ਗਈ ਤੇ ਇੱਕ ਅਧਿਆਪਕ ਦਾ ਡਾਇਰੈਕਟਰ ਦੇ ਨਾਂ ਲਿਖਿਆ ਪੱਤਰ ਵੀ ਪ੍ਰਾਪਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਕਾਰਨ ਆਗੂਆਂ ਵੱਲੋਂ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਗਿਆ ਤੇ ਉਹਨਾਂ ਬਾਹਰ ਆ ਕੇ ਉਕਤ ਅਧਿਕਾਰੀ ਦੇ ਵਿਹਾਰ ਖ਼ਿਲਾਫ਼ ਧਰਨਾ ਸ਼ੁਰੂ ਕੀਤਾ ਜਿਸ ਦੇ ਦਬਾਅ ਹੇਠ ਉਕਤ ਅਧਿਕਾਰੀ ਵੱਲੋਂ ਪੱਤਰ ਪ੍ਰਾਪਤ ਕਰ ਲਿਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਬਲਾਕ ਆਗੂ ਗਗਨਦੀਪ ਧੂਰੀ ਤੇ ਸੀਨੀਅਰ ਆਗੂ ਬਲਬੀਰ ਲੌਂਗੋਵਾਲ ਨੇ ਅਧਿਕਾਰੀ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਅਧਿਆਪਕਾਂ ਅਤੇ ਜਥੇਬੰਦੀ ਪ੍ਰਤੀ ਆਪਣਾ ਵਤੀਰਾ ਨਾ ਸੁਧਾਰਿਆ ਤਾਂ ਭਵਿੱਖ ਵਿੱਚ ਇਸ ਵਿਰੁੱਧ ਕਰੜਾ ਸੰਘਰਸ਼ ਵਿੱਢਿਆ ਜਾਵੇਗਾ।
ਉਹਨਾਂ ਕਿਹਾ ਲਗਭਗ 3 ਵਜੇ ਆਗੂ ਦਫ਼ਤਰ ਪਹੁੰਚ ਗਏ ਸਨ ਤੇ ਉਸ ਸਮੇਂ ਉਹਨਾਂ ਨੂੰ ਇਸ ਦਫ਼ਤਰ ਦਾ ਲਗਭਗ ਸਾਰਾ ਅਮਲਾ ਦਫ਼ਤਰ ਵਿੱਚ ਨਹੀਂ ਮਿਲਿਆ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਸਕੂਲਾਂ ਵਿੱਚ ਜਾ ਕੇ ਨੈਤਿਕਤਾ ਤੇ ਅਨੁਸ਼ਾਸ਼ਨ ਦਾ ਪਾਠ ਪੜ੍ਹਾਉਣ ਵਾਲੇ ਜ਼ਿਲ੍ਹਾ ਅਧਿਕਾਰੀ ਵੱਲੋਂ ਆਪਣੇ ਹੀ ਦਫਤਰ ਦਾ ਅਨੁਸ਼ਾਸ਼ਨ ਕਾਇਮ ਨਹੀਂ ਰੱਖਿਆ ਜਾ ਰਿਹਾ? ਅਮਲੇ ਤੋਂ ਬਿਨਾ ਅਧਿਆਪਕਾਂ ਦੇ ਜਾਇਜ਼ ਕੰਮ ਕਿਵੇਂ ਹੋਣਗੇ?
ਅੱਜ ਦੇ ਐਕਸ਼ਨ ਵਿੱਚ ਉਕਤ ਤੋਂ ਇਲਾਵਾ ਜਥੇਬੰਦਕ ਸਕੱਤਰ ਪਵਨ ਕੁਮਾਰ,ਪ੍ਰੈੱਸ ਸਕੱਤਰ ਜਸਬੀਰ ਨਮੋਲ,ਵਿੱਤ ਸਕੱਤਰ ਯਾਦਵਿੰਦਰ ਧੂਰੀ ਤੇ ਬਲਾਕਾਂ ਦੇ ਆਗੂ ਜਗਦੀਪ ਸਿੰਘ ,ਸੁਖਪਾਲ ਧੂਰੀ, ਅਮਰਿੰਦਰ ਧੂਰੀ,ਗੁਰਪ੍ਰੀਤ ਧੂਰੀ,ਸੀਨੀਅਰ ਆਗੂ ਜਗਦੇਵ ਵਰਮਾ ਤੇ ਤਰਕਸ਼ੀਲ ਆਗੂ ਜੁਝਾਰ ਲੌਂਗੋਵਾਲ, ਸੰਜੀਵ ਭੀਖੀ ਤੇ ਹਰਬੰਸ ਸਿੰਘ ਸ਼ਾਮਲ ਸਨ।
















