ਵੱਡੀ ਖ਼ਬਰ: Punjab Civil Secretariat ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ

On: ਜੂਨ 17, 2026 12:02 ਬਾਃ ਦੁਃ

 

ਵੱਡੀ ਖ਼ਬਰ: ਪੰਜਾਬ ਸਿਵਲ ਸਕੱਤਰੇਤ (Punjab Civil Secretariat) ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ

ਫਰਜ਼ੀ ਈ-ਮੇਲ ਰਾਹੀਂ ਦਹਿਸ਼ਤ ਫੈਲਾਉਣ ਵਾਲੇ 30 ਸਾਲਾ ਸੌਰਵ ਬਿਸਵਾਸ ਨੂੰ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ- ਮੁਲਜ਼ਮ ਕੋਲੋਂ 300 ਜੀ-ਮੇਲ ਅਕਾਊਂਟ ਬਰਾਮਦ; 219 ਅਕਾਊਂਟ ਬੰਗਲਾਦੇਸ਼ ਦੇ ਇੱਕ ਵਿਅਕਤੀ ਨੂੰ ਵੇਚੇ

ਚੰਡੀਗੜ੍ਹ, 17 ਜੂਨ 2026:

ਚੰਡੀਗੜ੍ਹ ਪੁਲਿਸ ਨੇ ਵੱਖ-ਵੱਖ ਸਕੂਲਾਂ ਅਤੇ ਪੰਜਾਬ ਸਿਵਲ ਸਕੱਤਰੇਤ (Punjab Civil Secretariat) ਨੂੰ ਈ-ਮੇਲ ਰਾਹੀਂ ਬੰਬ ਧਮਾਕਿਆਂ ਦੀਆਂ ਝੂਠੀਆਂ ਧਮਕੀਆਂ ਦੇਣ ਦੇ ਮਾਮਲਿਆਂ ਦਾ ਪਰਦਾਫਾਸ਼ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸੌਰਵ ਬਿਸਵਾਸ (30) ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿੱਚ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਅਤੇ ਪਹਿਲਾਂ ਬੰਗਲਾਦੇਸ਼ ਤੋਂ ਭਾਰਤ ਆਇਆ ਸੀ।

ਪੁਲਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ 28 ਜਨਵਰੀ 2026 ਨੂੰ ਚੰਡੀਗੜ੍ਹ ਦੇ ਟੈਂਡਰ ਹਾਰਟ ਸਕੂਲ, ਜੀ.ਐਮ.ਐਸ.ਐਸ.ਐਸ. ਸੈਕਟਰ-16, ਸੈਕਟਰ-35 ਅਤੇ ਸੈਕਟਰ-19 ਸਥਿਤ ਵਿੱਦਿਅਕ ਅਦਾਰਿਆਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਸਬੰਧੀ ਸੈਕਟਰ-17 ਥਾਣੇ ਦੀ ਪੁਲਿਸ ਨੇ ਭਾਰਤੀ ਨਿਆਏ ਸੰਹਿਤਾ (BNS) ਅਤੇ ਆਈ.ਟੀ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।

ਇਸ ਦੇ ਅਗਲੇ ਹੀ ਦਿਨ, 29 ਜਨਵਰੀ 2026 ਨੂੰ ਪੰਜਾਬ ਸਿਵਲ ਸਕੱਤਰੇਤ ਨੂੰ ਵੀ ਅਜਿਹੀ ਹੀ ਇੱਕ ਧਮਕੀ ਭਰੀ ਈ-ਮੇਲ ਭੇਜੀ ਗਈ, ਜਿਸ ਸਬੰਧੀ ਸੈਕਟਰ-3 ਥਾਣੇ ਦੀ ਪੁਲਿਸ ਨੇ ਵੱਖਰਾ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

ਤਕਨੀਕੀ ਜਾਂਚ ਅਤੇ ਪ੍ਰੋਡਕਸ਼ਨ ਵਾਰੰਟ ਰਾਹੀਂ ਹੋਈ ਗ੍ਰਿਫ਼ਤਾਰੀ

ਪੁਲਿਸ ਨੇ ਡਿਜੀਟਲ ਸਬੂਤਾਂ, ਈ-ਮੇਲ ਟ੍ਰੈਕਿੰਗ ਅਤੇ ਤਕਨੀਕੀ ਵਿਸ਼ਲੇਸ਼ਣ ਦੇ ਆਧਾਰ ‘ਤੇ ਮੁਲਜ਼ਮ ਨੂੰ ਟਰੇਸ ਕੀਤਾ। ਜਾਂਚ ਦੌਰਾਨ ਪਤਾ ਲੱਗਿਆ ਕਿ ਸੌਰਵ ਬਿਸਵਾਸ ਨੂੰ ਇਸ ਤੋਂ ਪਹਿਲਾਂ ਅਹਿਮਦਾਬਾਦ ਸਾਈਬਰ ਕ੍ਰਾਈਮ ਪੁਲਿਸ ਵੀ ਇਸੇ ਤਰ੍ਹਾਂ ਦੇ ਇੱਕ ਫਰਜ਼ੀ ਧਮਕੀ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਚੁੱਕੀ ਹੈ। ਚੰਡੀਗੜ੍ਹ ਪੁਲਿਸ ਨੇ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ 2 ਜੂਨ 2026 ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਅਗਲੇਰੀ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ।

ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਤਕਨੀਕੀ ਤੌਰ ‘ਤੇ ਕਾਫ਼ੀ ਮਾਹਰ ਹੈ। ਉਹ ਇੱਕ ਫ੍ਰੀਲਾਂਸਰ ਵਜੋਂ ਆਨਲਾਈਨ ਵੈੱਬ ਡਿਜ਼ਾਈਨਿੰਗ ਅਤੇ ਐਨੀਮੇਸ਼ਨ ਦੀਆਂ ਸੇਵਾਵਾਂ ਦਿੰਦਾ ਸੀ। ਇਸ ਤੋਂ ਇਲਾਵਾ ਉਹ ਵੱਖ-ਵੱਖ ਫੇਸਬੁੱਕ ਪੇਜਾਂ ਰਾਹੀਂ ਫਰਜ਼ੀ ਜੀ-ਮੇਲ (Gmail) ਅਕਾਊਂਟ ਖਰੀਦਣ ਅਤੇ ਵੇਚਣ ਦਾ ਧੰਦਾ ਵੀ ਕਰਦਾ ਸੀ। ਪੁਲਿਸ ਮੁਤਾਬਕ ਉਸ ਨੇ ਕਰੀਬ 300 ਜੀ-ਮੇਲ ਅਕਾਊਂਟ ਖਰੀਦੇ ਸਨ, ਜਿਨ੍ਹਾਂ ਵਿੱਚੋਂ 219 ਅਕਾਊਂਟ ਉਸ ਨੇ ਬੰਗਲਾਦੇਸ਼ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਵੇਚ ਦਿੱਤੇ ਸਨ।

ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਦੇ ਖ਼ਿਲਾਫ਼ ਦਿੱਲੀ ਦੇ ਸਿਵਲ ਲਾਈਨਜ਼ ਥਾਣੇ, ਸਪੈਸ਼ਲ ਸੈੱਲ ਅਤੇ ਸਾਈਬਰ ਥਾਣਾ ਦਵਾਰਕਾ ਵਿਖੇ ਵੀ ਇਸੇ ਤਰ੍ਹਾਂ ਦੇ ਦੇਸ਼ ਵਿਰੋਧੀ ਅਤੇ ਦਹਿਸ਼ਤ ਫੈਲਾਉਣ ਦੇ ਮਾਮਲਿਆਂ ਵਿੱਚ ਐਫ.ਆਈ.ਆਰ. (FIR) ਦਰਜ ਹਨ। ਪੁਲਿਸ ਹੁਣ ਉਸ ਦੇ ਦੂਜੇ ਰਾਜਾਂ ਅਤੇ ਵਿਦੇਸ਼ਾਂ (ਖ਼ਾਸ ਕਰਕੇ ਬੰਗਲਾਦੇਸ਼) ਨਾਲ ਜੁੜੇ ਸੰਭਾਵਿਤ ਸੰਪਰਕਾਂ ਅਤੇ ਨੈੱਟਵਰਕ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ‘ਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

 

Join WhatsApp

Join Now

Leave a Comment