Telegram Ban India! ਭਾਰਤ ‘ਚ Telegram ‘ਤੇ ਲੱਗੀ ਪਾਬੰਦੀ ਦਾ ਮਾਮਲਾ ਪਹੁੰਚਿਆ ਹਾਈਕੋਰਟ
21 ਜੂਨ ਨੂੰ ਹੋਣ ਵਾਲੀ ਨੀਟ-ਯੂਜੀ (NEET-UG 2026) ਦੀ ਦੁਬਾਰਾ ਪ੍ਰੀਖਿਆ ਨੂੰ ਲੈ ਕੇ ਕੇਂਦਰ ਸਰਕਾਰ ਨੇ ਚੁੱਕਿਆ ਸਖ਼ਤ ਕਦਮ
ਗੂਗਲ ਅਤੇ ਐਪਲ ਨੇ ਪਲੇਅ ਸਟੋਰ ਤੋਂ ਹਟਾਇਆ ਐਪ; 15 ਕਰੋੜ ਤੋਂ ਵੱਧ ਯੂਜ਼ਰਸ ਪ੍ਰਭਾਵਿਤ, 30 ਜੂਨ ਤੱਕ ਮੈਸੇਜ ਐਡਿਟ ਫੀਚਰ ਵੀ ਰਹੇਗਾ ਬੰਦ
ਨਵੀਂ ਦਿੱਲੀ, 17 ਜੂਨ 2026
Telegram Ban India! ਕੇਂਦਰ ਸਰਕਾਰ ਵੱਲੋਂ ਨੀਟ (NEET) ਪ੍ਰੀਖਿਆ ਤੋਂ ਪਹਿਲਾਂ ਭਾਰਤ ਵਿੱਚ ਪ੍ਰਸਿੱਧ ਮੈਸੇਜਿੰਗ ਐਪ ਟੈਲੀਗ੍ਰਾਮ (Telegram) ‘ਤੇ 22 ਜੂਨ ਤੱਕ ਲਗਾਈ ਗਈ ਅਸਥਾਈ ਪਾਬੰਦੀ ਦਾ ਮਾਮਲਾ ਹੁਣ ਦਿੱਲੀ ਹਾਈਕੋਰਟ ਪਹੁੰਚ ਗਿਆ ਹੈ। ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ‘ਤੇ ਬੁੱਧਵਾਰ ਨੂੰ ਜਸਟਿਸ ਤੇਜਸ ਕਰੀਆ ਦੀ ਬੈਂਚ ਵੱਲੋਂ ਤੁਰੰਤ ਸੁਣਵਾਈ ਕੀਤੇ ਜਾਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ 21 ਜੂਨ ਨੂੰ ਨੀਟ-ਯੂਜੀ (NEET-UG) ਦੀ ਪ੍ਰੀਖਿਆ ਦੁਬਾਰਾ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸਰਕਾਰ ਵੱਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ। ਇਸ ਪੂਰੇ ਮਾਮਲੇ ‘ਤੇ ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਮਹਾਨਿਦੇਸ਼ਕ ਅਭਿਸ਼ੇਕ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਨੀਟ ਪ੍ਰੀਖਿਆ ਨਾਲ ਜੁੜੇ ਫ਼ਰਜ਼ੀਵਾੜੇ ਅਤੇ ਕਿਸੇ ਵੀ ਤਰ੍ਹਾਂ ਦੇ ਗਲਤ ਪ੍ਰਚਾਰ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਧੋਖੇਬਾਜ਼ਾਂ ਵੱਲੋਂ ਟੈਲੀਗ੍ਰਾਮ ਦਾ ਲਗਾਤਾਰ ਗਲਤ ਇਸਤੇਮਾਲ ਕੀਤਾ ਜਾ ਰਿਹਾ ਸੀ। ਅਗਾਮੀ ਪ੍ਰੀਖਿਆ ਦੇ ਨਾਂ ‘ਤੇ ਨਕਲੀ ਪ੍ਰਸ਼ਨ ਪੱਤਰਾਂ ਨੂੰ ਵਾਇਰਲ ਕੀਤੇ ਜਾਣ ਦਾ ਖ਼ਦਸ਼ਾ ਸੀ, ਜਿਸ ਤੋਂ ਬਚਣ ਲਈ ਇਹ ਅਸਥਾਈ ਰੋਕ ਲਗਾਈ ਗਈ ਹੈ।
ਜਾਂਚਕਰਤਾਵਾਂ ਮੁਤਾਬਕ, ਪਹਿਲਾਂ ਪ੍ਰੀਖਿਆ ਦੇ ਪੇਪਰ ਵੰਡੇ ਜਾਣ ਤੋਂ ਬਾਅਦ ਟੈਲੀਗ੍ਰਾਮ ‘ਤੇ ਮੈਸੇਜ ਐਡਿਟ (ਸੋਧ) ਕਰਕੇ ਪੇਪਰ ਲੀਕ ਹੋਣ ਦੇ ਭਰਮਾਊ ਅਤੇ ਫ਼ਰਜ਼ੀ ਸਬੂਤ ਤਿਆਰ ਕੀਤੇ ਗਏ ਸਨ। ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਗੂਗਲ ਅਤੇ ਐਪਲ ਨੇ ਟੈਲੀਗ੍ਰਾਮ ਨੂੰ ਆਪਣੇ ਐਪ ਸਟੋਰਾਂ ਤੋਂ ਹਟਾ ਦਿੱਤਾ ਹੈ।
15 ਕਰੋੜ ਯੂਜ਼ਰਸ ਪ੍ਰਭਾਵਿਤ, CEO ਪਾਵੇਲ ਡੁਰੋਵ ਦੀ ਪ੍ਰਤੀਕਿਰਿਆ
ਟੈਲੀਗ੍ਰਾਮ ਦੇ ਫਾਊਂਡਰ ਅਤੇ ਸੀਈਓ (CEO) ਪਾਵੇਲ ਡੁਰੋਵ ਨੇ ਇਸ ਪਾਬੰਦੀ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਾਰਤ ਦੇ ਆਈਟੀ (IT) ਮੰਤਰਾਲੇ ਨੇ ਕੁਝ ਯੂਜ਼ਰਸ ਵੱਲੋਂ ਲੀਕ ਹੋਏ ਸਵਾਲ ਸਾਂਝੇ ਕਰਨ ਦੇ ਦੋਸ਼ ਹੇਠ ਐਪ ਨੂੰ ਇੱਕ ਹਫ਼ਤੇ ਲਈ ਬੈਨ ਕੀਤਾ ਹੈ। ਇਸ ਫੈਸਲੇ ਨਾਲ ਭਾਰਤ ਵਿੱਚ 15 ਕਰੋੜ ਤੋਂ ਵੱਧ ਯੂਜ਼ਰਸ ਪ੍ਰਭਾਵਿਤ ਹੋਣਗੇ।
ਡੁਰੋਵ ਨੇ ਦੱਸਿਆ ਕਿ ਕੰਪਨੀ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਅਜਿਹੇ ਸੈਂਕੜੇ ਚੈਨਲਾਂ ਨੂੰ ਹਟਾਇਆ ਹੈ, ਜੋ ਪ੍ਰੀਖਿਆ ਨਾਲ ਜੁੜਿਆ ਸਮੱਗਰੀ ਸਾਂਝੀ ਕਰ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀ ਹੁਣ ਮੈਸੇਜ ‘ਤੇ ‘ਐਡਿਟਡ’ (Edited) ਲੇਬਲ ਨੂੰ ਹੋਰ ਸਪੱਸ਼ਟ ਰੂਪ ਵਿੱਚ ਦਿਖਾਉਣ ‘ਤੇ ਕੰਮ ਕਰ ਰਹੀ ਹੈ, ਤਾਂ ਜੋ ਪੁਰਾਣੀ ਤਾਰੀਖ਼ ਦਿਖਾ ਕੇ ਕੀਤੇ ਜਾਣ ਵਾਲੇ ਸਕੈਮ ਅਤੇ ਟਾਈਮਸਟੈਂਪ ਦੀ ਹੇਰਾਫੇਰੀ ਨੂੰ ਰੋਕਿਆ ਜਾ ਸਕੇ।
30 ਜੂਨ ਤੱਕ ਐਡਿਟ ਫੀਚਰ ਰਹੇਗਾ ਬੰਦ
ਸਰਕਾਰ ਵੱਲੋਂ ਟੈਲੀਗ੍ਰਾਮ ‘ਤੇ 22 ਜੂਨ ਤੱਕ ਰੋਕ ਲਗਾਈ ਗਈ ਹੈ। ਹਾਲਾਂਕਿ, ਜਦੋਂ ਇਹ ਐਪ ਦੁਬਾਰਾ ਬਹਾਲ ਹੋਵੇਗਾ, ਤਾਂ ਵੀ 30 ਜੂਨ ਤੱਕ ਇਸ ਦਾ ‘ਮੈਸੇਜ ਐਡੀਟਿੰਗ ਫੀਚਰ’ ਬੰਦ ਰਹੇਗਾ। ਯਾਨੀ ਯੂਜ਼ਰਸ ਭੇਜੇ ਗਏ ਮੈਸੇਜ ਨੂੰ ਪਹਿਲਾਂ ਵਾਂਗ ਬਦਲ ਜਾਂ ਐਡਿਟ ਨਹੀਂ ਕਰ ਸਕਣਗੇ। ndtv


















