Big News: ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ ਕਰਨ ਦਾ ਐਲਾਨ! ਝੂਠੇ ਪਰਚਿਆਂ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਖ਼ਿਲਾਫ਼ 20 ਜੂਨ ਨੂੰ ਮੁਕੰਮਲ ਬੰਦ ਦਾ ਐਲਾਨ
ਸਿਆਸੀ ਧੱਕੇਸ਼ਾਹੀ ਅਤੇ ਨਾਜਾਇਜ਼ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਗੁਰਦੁਆਰਾ ਚੌਂਕ ਵਿਖੇ ਦਿੱਤਾ ਜਾਵੇਗਾ ਵਿਸ਼ਾਲ ਧਰਨਾ- “ਇਹ ਸੰਘਰਸ਼ ਕਿਸੇ ਇੱਕ ਦਾ ਨਹੀਂ, ਪੂਰੇ ਮਾਨਸਾ ਸ਼ਹਿਰ ਦੇ ਹੱਕਾਂ ਦੀ ਆਵਾਜ਼ ਹੈ” – ਪ੍ਰਬੰਧਕ
ਮਾਨਸਾ, 18 ਜੂਨ 2026–
ਮਾਨਸਾ ਸ਼ਹਿਰ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ, ਸਿਆਸੀ ਦਬਾਅ ਅਤੇ ਕਥਿਤ ਝੂਠੇ ਪਰਚਿਆਂ ਦੇ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਸ਼ਹਿਰ ਦੀਆਂ ਸਮੂਹ ਵਪਾਰਕ ਐਸੋਸੀਏਸ਼ਨਾਂ, ਵਪਾਰ ਮੰਡਲ ਅਤੇ 21 ਮੈਂਬਰੀ ਕਮੇਟੀ ਵੱਲੋਂ ਆਉਂਦੀ 20 ਜੂਨ ਨੂੰ ‘ਮਾਨਸਾ ਬੰਦ’ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਸ਼ਹਿਰ ਦੇ ਹਰ ਵਰਗ ਵੱਲੋਂ ਭਰਵਾਂ ਹੁੰਗਾਰਾ ਅਤੇ ਪੂਰਨ ਸਮਰਥਨ ਮਿਲ ਰਿਹਾ ਹੈ।
ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਹ ਬੰਦ ਅਤੇ ਧਰਨਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ, ਬਲਕਿ ਪੂਰੇ ਮਾਨਸਾ ਸ਼ਹਿਰ ਦੇ ਹੱਕਾਂ ਅਤੇ ਅਮਨ-ਕਾਨੂੰਨ ਦੀ ਬਹਾਲੀ ਲਈ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਵਿੱਚ ਸਿਆਸੀ ਧੱਕੇਸ਼ਾਹੀ ਬਹੁਤ ਵੱਧ ਚੁੱਕੀ ਹੈ, ਨਿਰਦੋਸ਼ ਲੋਕਾਂ ‘ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਲੀਹ ਤੋਂ ਲੱਥ ਚੁੱਕੀ ਹੈ, ਜਿਸ ਕਾਰਨ ਆਮ ਸ਼ਹਿਰੀਆਂ ਅਤੇ ਖ਼ਾਸ ਕਰਕੇ ਵਪਾਰੀ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਲੀਕੇ ਗਏ ਪ੍ਰੋਗਰਾਮ ਦੇ ਵੇਰਵਿਆਂ ਮੁਤਾਬਕ 20 ਜੂਨ ਨੂੰ ਸਵੇਰੇ 9:00 ਵਜੇ ਮਾਨਸਾ ਦੇ ਇਤਿਹਾਸਕ ਗੁਰਦੁਆਰਾ ਚੌਂਕ ਵਿਖੇ ਸਮੂਹ ਸ਼ਹਿਰ ਵਾਸੀ ਇਕੱਠੇ ਹੋਣਗੇ, ਜਿੱਥੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਵਿਸ਼ਾਲ ਧਰਨਾ ਦਿੱਤਾ ਜਾਵੇਗਾ।
21 ਮੈਂਬਰੀ ਕਮੇਟੀ (ਮਾਨਸਾ) ਵੱਲੋਂ ਸਮੂਹ ਨਗਰ ਨਿਵਾਸੀਆਂ, ਦੁਕਾਨਦਾਰਾਂ, ਕਾਰੋਬਾਰੀਆਂ ਅਤੇ ਵਪਾਰੀ ਭਰਾਵਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਉਹ 20 ਜੂਨ ਨੂੰ ਆਪਣੇ-ਆਪਣੇ ਕਾਰੋਬਾਰ ਅਤੇ ਦੁਕਾਨਾਂ ਮੁਕੰਮਲ ਤੌਰ ‘ਤੇ ਬੰਦ ਰੱਖਣ। ਆਗੂਆਂ ਨੇ ਆਖਿਆ ਕਿ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਸਾਰਿਆਂ ਦਾ ਇਸ ਸੰਘਰਸ਼ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣਾ ਲਾਜ਼ਮੀ ਹੈ, ਤਾਂ ਜੋ ਸਰਕਾਰ ਦੇ ਕੰਨਾਂ ਤੱਕ ਸ਼ਹਿਰ ਦੀ ਆਵਾਜ਼ ਪਹੁੰਚਾਈ ਜਾ ਸਕੇ।















